ਬਦਤਰ ਹਾਲਾਤ ਵਿੱਚ ਜਿ਼ੰਦਗੀ ਬਸਰ ਕਰ ਰਹੇ ਸਨ ਨਿਊ ਬਰੰਜ਼ਵਿੱਕ ਦੇ ਪੰਜ ਬੱਚੇ


ਨਿਊ ਬਰੰਜ਼ਵਿੱਕ, 7 ਫਰਵਰੀ (ਪੋਸਟ ਬਿਊਰੋ) : ਗੈਰ ਮਨੁੱਖੀ ਹਾਲਾਤ ਵਿੱਚ ਆਪਣੇ ਪੰਜ ਬੱਚਿਆਂ ਨੂੰ ਰੱਖਣ ਦੇ ਦੋਸ਼ ਵਿੱਚ ਸੇਂਟ ਜੌਹਨ, ਨਿਊ ਬਰੰਜ਼ਵਿੱਕ ਦੇ ਇੱਕ ਜੋੜੇ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਕ੍ਰਾਊਨ ਪ੍ਰੌਸੀਕਿਊਟਿਰ ਨੇ ਅਦਾਲਤ ਨੂੰ ਦੱਸਿਆ ਕਿ ਪੰਜ ਬੱਚੇ, ਜਿਨ੍ਹਾਂ ਦੀ ਉਮਰ ਦੋ ਤੋਂ 10 ਸਾਲ ਦਰਮਿਆਨ ਹੈ, ਅਜਿਹੇ ਘਰ ਵਿੱਚ ਰਹਿ ਰਹੇ ਸਨ ਜਿਸ ਦੀਆਂ ਟੀਵੀ ਤੇ ਕੰਧਾਂ ਉੱਤੇ ਵੀ ਘੱਟਾ ਤੇ ਮਲ-ਮੂਤਰ ਪਿਆ ਹੋਇਆ ਸੀ। ਕ੍ਰਾਊਨ ਪ੍ਰੌਸੀਕਿਊਟਰ ਪੈਟਰਿਕ ਵਿਲਬਰ ਨੇ ਅਦਾਲਤ ਦੇ ਸੈਸ਼ਨ ਦੌਰਾਨ ਦੱਸਿਆ ਕਿ ਸੱਭ ਤੋਂ ਪਰੇਸ਼ਾਨ ਕਰਨ ਵਾਲੀ ਗੱਲ ਇਹ ਸੀ ਕਿ ਮਲ ਨੂੰ ਨਿੱਕੇ ਹੱਥਾਂ, ਭਾਵ ਬੱਚਿਆਂ,ਵੱਲੋਂ ਹੀ ਸਾਰੇ ਪਾਸੇ ਖਿਲਾਰਿਆ ਗਿਆ ਸੀ।
ਵਿਲਬਰ ਅਨੁਸਾਰ ਬੱਚਿਆਂ ਨੂੰ ਪੂਰਾ ਖਾਣਾ ਵੀ ਨਹੀਂ ਸੀ ਦਿੱਤਾ ਜਾ ਰਿਹਾ ਤੇ ਉਨ੍ਹਾਂ ਨੂੰ ਪੂਰਾ ਪੋਸ਼ਣ ਵੀ ਨਹੀਂ ਸੀ ਮਿਲ ਰਿਹਾ। ਅਦਾਲਤ ਵਿੱਚ ਦੱਸਿਆ ਗਿਆ ਕਿ ਕਿਸੇ ਵੀ ਬੱਚੇ ਦਾ ਯੋਗ ਹੈਲਥ ਕਾਰਡ ਨਹੀਂ ਬਣਿਆ ਹੋਇਆ ਤੇ ਪੰਜੇ ਬੱਚਿਆਂ ਨੂੰ ਡੈਂਟਿਸਟ ਨੂੰ ਦਿਖਾਏ ਜਾਣ ਦੀ ਵੀ ਲੋੜ ਹੈ। ਪਬਲੀਕੇਸ਼ਨ ਪਾਬੰਦੀ ਕਾਰਨ ਪਰਿਵਾਰ ਦੀ ਪਛਾਣ ਦੱਸਣ ਉੱਤੇ ਵੀ ਰੋਕ ਹੈ। ਅਦਾਲਤ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀਆਂ ਨੂੰ ਅਚਾਨਕ ਹੀ ਇਸ ਘਰ ਦੇ ਅਜਿਹੇ ਹਾਲਾਤ ਬਾਰੇ ਪਤਾ ਲੱਗਿਆ।
ਮਈ 2016 ਵਿੱਚ ਚਾਰ ਪੁਲਿਸ ਅਧਿਕਾਰੀ ਇਸ ਜੋੜੇ ਦੇ ਘਰ ਵਿੱਚ ਘਰ ਖਾਲੀ ਕਰਵਾਉਣ ਲਈ ਪਹੁੰਚੇ ਕਿਉਂਕਿ ਸੋਸ਼ਲ ਵਰਕਰਜ਼ ਵੱਲੋਂ ਘਰ ਦੇ ਨਿੱਘਰੇ ਹੋਏ ਹਾਲਾਤ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ। ਸੋਸ਼ਲ ਵਰਕਰਜ਼ ਨੇ ਪੁਲਿਸ ਦੇ ਆਉਣ ਤੋਂ ਇੱਕ ਮਹੀਨਾ ਪਹਿਲਾਂ ਹੀ ਇਸ ਪਰਿਵਾਰ ਲਈ ਚਾਈਲਡ ਪ੍ਰੋਟੈਕਸ਼ਨ ਫਾਈਲ ਖੋਲ੍ਹੀ ਸੀ। ਨਿਊ ਬਰੰਜ਼ਵਿੱਕ ਦੇ ਚਾਈਲਡ ਐਂਡ ਯੂਥ ਐਡਵੋਕੇਟ ਨੌਰਮਨ ਬੌਸ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕ੍ਰਾਊਨ ਵੱਲੋਂ ਅਦਾਲਤ ਵਿੱਚ ਜੋ ਦੱਸਿਆ ਗਿਆ ਉਹ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਸੀ। ਉਹ ਬਿਲਕੁਲ ਗੈਰਮਨੁੱਖੀ ਸਨ।
ਪਰ ਡਿਫੈਂਸ ਨੇ ਆਖਿਆ ਕਿ ਬੱਚਿਆਂ ਦਾ ਪਿਤਾ ਹਫਤੇ ਦੇ 7 ਦਿਨ, ਦਿਨ ਦੇ 12 ਘੰਟੇ ਕੰਮ ਕਰਦਾ ਸੀ ਤਾਂ ਕਿ ਪਰਿਵਾਰ ਨੂੰ ਪਾਲ ਸਕੇ ਪਰ ਜਦੋਂ ਇਸ ਜੋੜੇ ਦਾ ਪੰਜਵਾ ਬੱਚਾ ਹੋਇਆ ਤਾਂ ਹਾਲਾਤ ਵਿਗੜ ਗਏ। ਇਹ ਮਾਮਲਾ ਕੋਈ ਨਾ ਕੰਮ ਕਰਨ ਵਾਲੇ ਮਾਪਿਆਂ, ਸੁਸਤ ਪਰਿਵਾਰ, ਸ਼ਰਾਬ ਜਾਂ ਨਸੇ਼ ਵਿੱਚ ਚੂਰ ਹੋ ਕੇ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਮਾਰਨ ਦਾ ਨਹੀਂ ਸੀ। ਪਰ ਹਾਲਾਤ ਕਾਰਨ ਸੱਭ ਖਰਾਬ ਹੋਇਆ।
ਇਸ ਜੋੜੇ ਨੂੰ ਅਪਰੈਲ ਵਿੱਚ ਸਜ਼ਾ ਸੁਣਾਈ ਜਾਵੇਗੀ। ਕ੍ਰਾਊਨ ਵੱਲੋਂ ਦੋ ਸਾਲ ਕੈਦ ਦੀ ਗੱਲ ਆਖੀ ਗਈ ਹੈ ਜਦਕਿ ਡਿਫੈਂਸ ਅਦਾਲਤ ਤੋਂ ਨਰਮ ਰਵੱਈਆ ਰੱਖਣ ਦੀ ਬੇਨਤੀ ਕਰ ਰਿਹਾ ਹੈ। ਇਸ ਸਮੇਂ ਇਸ ਜੋੜੇ ਦੇ ਪੰਜੇ ਬੱਚੇ ਫੌਸਟਰ ਕੇਅਰ ਵਿੱਚ ਹਨ ਤੇ ਦੱਸਿਆ ਗਿਆ ਕਿ ਉਹ ਹੁਣ ਸਿਹਤਮੰਦ ਹਨ।