ਬਣਨਾ ਹੈ ਯਾਦਗਾਰ : ਸ਼ੋਭਿਤਾ ਧੁਲੀਪਾਲਾ

shobhita dhulipala
ਕਲਕੀ ਕੋਚਲਿਨ, ਹੁਮਾ ਕੁਰੈਸ਼ੀ ਤੋਂ ਬਾਅਦ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਨਵਾਜੂਦੀਨ ਸਿਦੀਕੀ ਦੀ ਲੀਡ ਭੂਮਿਕਾ ਨਾਲ ਸਜੀ ਆਪਣੀ ਪਿਛਲੀ ਫਿਲਮ ‘ਰਮਨ ਰਾਘਵ 2.0’ ਦੇ ਰਾਹੀਂ ਜਿਸ ਇੱਕ ਅਤੇ ਨਵੇਂ ਚਿਹਰੇ ਨੂੰ ਬਾਲੀਵੁੱਡ ‘ਚ ਲਾਂਚ ਕੀਤਾ, ਉਸ ਦਾ ਨਾਂਅ ਹੈ ਸ਼ੋਭਿਤਾ ਧੁਲੀਪਾਲਾ। ‘ਰਮਨ ਰਾਘਵ’ ਬਾਕਸ ਆਫਿਸ ‘ਤੇ ਭਾਵੇਂ ਬਹੁਤ ਬਿਹਤਰ ਬਿਜ਼ਨਸ ਕਰਨ ਵਿੱਚ ਸਫਲ ਨਹੀਂ ਰਹੀ, ਇਸ ਫਿਲਮ ਨੇ ਆਲੋਚਕਾਂ ਦੀ ਵਾਹ-ਵਾਹ ਜ਼ਰੂਰ ਹਾਸਲ ਕੀਤੀ ਤੇ ਇਸੇ ਦੇ ਨਾਲ ਸ਼ੋਭਿਤਾ ਧੁਲੀਪਾਲਾ ਦੀ ਫਿਲਮੀ ਗੱਡੀ ਵੀ ਤੁਰ ਪਈ। ਫਿਲਹਾਲ ਉਹ ਜਿਸ ‘ਸ਼ੈਫ’ ਨਾਂਅ ਦੀ ਫਿਲਮ ਵਿੱਚ ਕੰਮ ਕਰ ਰਹੀ ਹੈ, ਉਸ ਦਾ ਹੀਰਾ ਹੈ ਸੈਫ ਅਲੀ ਖਾਨ। ਪੇਸ਼ ਹਨ ਸ਼ੋਭਿਤਾ ਨਾਲ ਗੱਲਬਾਤ ਦੇ ਮੁੱਖ ਅੰਸ਼ :
* ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਕੁਝ ਦੱਸੋ।
– ਮੈਂ ਮੂਲ ਤੌਰ ਉੱਤੇ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਹਾਂ ਅਤੇ ਸਾਲ 2013 ਵਿੱਚ ‘ਮਿਸ ਇੰਡੀਆ ਅਰਥ’ ਦਾ ਖਿਤਾਬ ਜਿੱਤ ਚੁੱਕੀ ਹਾਂ। ਹਾਲਾਂਕਿ ‘ਮਿਸ ਇੰਡੀਆ ਅਰਥ’ ਦਾ ਖਿਤਾਬ ਜਿੱਤਣ ਤੋਂ ਬਾਅਦ ਮੈਂ ਕੋਈ ਫਿਲਮ ਨਹੀਂ ਕੀਤੀ, ਪਰ ਚਰਚਾ ‘ਚ ਹਮੇਸ਼ਾ ਬਣੀ ਰਹੀ, ਕਿਉਂਕਿ ਉਸ ਤੋਂ ਬਾਅਦ ਫਿਲਪੀਨਜ਼ ‘ਚ ਬਿਊਟੀ ਕਾਂਟੈਸਟ ‘ਚ ਹਿੱਸਾ ਲਿਆ, ਜਿੱਥੇ ਮੈਨੂੰ ਮਿਸ ਫੋਟੋਜੈਨਿਕ ਅਤੇ ਮਿਸ ਈਕੋ-ਫਰੈਡਲੀ ਖਿਤਾਬਾਂ ਨਾਲ ਨਿਵਾਜਿਆ ਗਿਆ। ਇੰਨਾ ਹੀ ਨਹੀਂ, ਇੱਕ ਕੈਲੰਡਰ ਹੰਟ ਦਾ ਹਿੱਸਾ ਬਣਨ ਦਾ ਮੌਕਾ ਵੀ ਮੈਨੂੰ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਕੈਲਾਸ਼ ਖੇਰ ਦੇ ਮਿਊਜ਼ਿਕ ਐਲਬਮ ‘ਇਸ਼ਕ ਅਨੋਖਾ’ ਵਿੱਚ ਕੰਮ ਕਰ ਚੁੱਕੀ ਹਾਂ। ਮੈਂ ਕਲਾਸੀਕਲ ਡਾਂਸ ਦੀ ਬਕਾਇਦਾ ਟਰੇਨਿੰਗ ਲਈ ਹੈ, ਜਦ ਕਿ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਮੈਨੂੰ ਐਕਟਰ ਵੀ ਬਣਾ ਦਿੱਤਾ।
* …ਪਰ ਆਂਧਰਾ ਪ੍ਰਦੇਸ਼ ਦੀ ਇੱਕ ਕੁੜੀ ਲਈ ਬਾਲੀਵੁੱਡ ‘ਚ ਮੁਕਾਮ ਬਣਾਉਣਾ ਕਿੰਨਾ ਮੁਸ਼ਕਲ ਰਿਹਾ?
– ਇਹ ਸੱਚ ਹੈ ਕਿ ਮੇਰਾ ਜਨਮ ਆਂਧਰਾ ਪ੍ਰਦੇਸ਼ ‘ਚ ਹੋਇਆ ਅਤੇ ਮੇਰੀ ਸਕੂਲੀ ਪੜ੍ਹਾਈ-ਲਿਖਾਈ ਵਿਸ਼ਾਖਾਪਟਨਮ ਤੋਂ ਹੋਈ ਹੈ, ਪਰ ਇਸ ਤੋਂ ਅੱਗੇ ਦੀ ਪੜ੍ਹਾਈ ਲਈ ਮੈਂ ਮੁੰਬਈ ਆ ਗਈ ਸੀ। ਇਥੋਂ ਮੇਰੀ ਮਾਡਲਿੰਗ ਦੀ ਸ਼ੁਰੂਆਤ ਹੋਈ ਅਤੇ ਉਸ ਤੋਂ ਬਾਅਦ ਦਾ ਸਫਰ ਕਿਹੋ ਜਿਹਾ ਰਿਹਾ, ਇਹ ਦੱਸ ਹੀ ਚੁੱਕੀ ਹਾਂ।
* …ਤਾਂ ਤੁਸੀਂ ਮੰਨਦੇ ਹੋ ਕਿ ਐਕਟਿੰਗ ਦੀ ਰਾਹ ਮਾਡਲਿੰਗ ਰਾਹੀਂ ਸੌਖੀ ਹੁੰਦੀ ਹੈ?
– ਹਾਂ, ਬਿਲਕੁਲ ਮੰਨਦੀ ਹਾਂ ਤੇ ਮੇਰੇ ਜਿਹੀਆਂ ਅੱਜ ਦੀਆਂ ਕਈ ਹੀਰੋਇਨਜ਼ ਇਸ ਦੀ ਮਿਸਾਲ ਵੀ ਹਨ। ਅਸਲ ਵਿੱਚ ਹਰ ਦੂਜੀ ਮਾਡਲ ਦਾ ਸੁਫਨਾ ਬਾਲੀਵੁੱਡ ਵਿੱਚ ਆਪਣੀ ਥਾਂ ਬਣਾਉਣਾ ਹੁੰਦਾ ਹੈ। ‘ਰਮਨ ਰਾਘਵ 2.0’ ਰਾਹੀਂ ਮੈਂ ਵੀ ਇਸ ਵੱਲ ਆਪਣਾ ਪਹਿਲਾ ਕਦਮ ਵਧਾ ਦਿੱਤਾ ਅਤੇ ਹੁਣ ਬਾਲੀਵੁੱਡ ‘ਚ ਵੀ ਗੱਲ ਬਣਨ ਲੱਗੀ ਹੈ।
* …ਪਰ ‘ਰਮਨ ਰਾਘਵ 2.0’ ਵਰਗੀ ਆਫਬੀਟ ਫਿਲਮ ਨਾਲ ਕਰੀਅਰ ਸ਼ੁਰੂ ਕਰਨ ਵਿੱਚ ਝਿਜਕ ਨਹੀਂ ਹੋਈ?
– ਨਹੀਂ, ਕਿਉਂਕਿ ਇਸ ਦੇ ਡਾਇਰੈਕਟਰ ਅਨੁਰਾਗ ਕਸ਼ਯਪ ਸੀ, ਜੋ ਅਜਿਹੀਆਂ ਫਿਲਮਾਂ ਲਈ ਖਾਸ ਤੌਰ ‘ਤੇ ਜਾਣੇ ਜਾਂਦੇ ਹਨ। ਉਂਝ ਵੀ ਇਹ ਇੱਕ ਸੱਚੀ ਘਟਨਾ ਉੱਤੇ ਆਧਾਰਤ ਫਿਲਮ ਸੀ। ਇਹ ਫਿਲਮ 1960 ਦੇ ਦਹਾਕੇ ਵਿੱਚ ਮੁੰਬਈ ਦੇ ਫੁੱਟਪਾਥ ‘ਤੇ ਸੌਣ ਵਾਲੇ ਗਰੀਬਾਂ ਲਈ ਮੌਤ ਬਣੇ ਸਾਇਕੋ ਕਿਲਰ ਰਮਨ ਰਾਘਵ ਦੀ ਕਹਾਣੀ ਸੀ। ਅਜਿਹੀ ਰੀਅਲਸਟਿਕ ਫਿਲਮ ਅਤੇ ਮਸ਼ਹੂਰ ਡਾਇਰੈਕਟਰ ਦੇ ਨਾਲ ਕੰਮ ਕਰਨ ਦਾ ਮੌਕਾ ਭਲਾ ਕਿਵੇਂ ਗੁਆ ਦਿੰਦੀ।
* ਬਤੌਰ ਡਾਇਰੈਕਟਰ ਅਨੁਰਾਗ ਕਸ਼ਯਪ ਤੁਹਾਨੂੰ ਕਿਹੋ ਜਿਹੇ ਲੱਗੋ?
– ਅਨੁਰਾਗ ਦਾ ਮੇਰੇ ਵਿੱਚ ਦਿਖਾਇਆ ਗਿਆ ਵਿਸ਼ਵਾਸ ਮੇਰੇ ਲਈ ਬਹੁਤ ਅਰਥ ਰੱਖਦਾ ਹੈ, ਉਹ ਉਨ੍ਹਾਂ ਲੋਕਾਂ ‘ਚ ਸ਼ਾਮਲ ਹਨ, ਜਿਨ੍ਹਾਂ ਨਾਲ ਮੈਂ ਹਮੇਸ਼ਾ ਤੋਂ ਕੰਮ ਕਰਨਾ ਚਾਹੁੰਦੀ ਸੀ। ਮੈਨੂੰ ਅਸਲ ਵਿੱਚ ਫਿਲਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਹ ਬਹੁਤ ਸਾਰੇ ਲੋਕਾਂ ਲਈ ਇੱਕ ਡ੍ਰੀਮ ਡਾਇਰੈਕਟਰ ਵਰਗੇ ਹਨ। ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਮੇਰੀ ਪਹਿਲੀ ਫਿਲਮ ਵਿੱਚ ਇਹ ਮੌਕਾ ਮਿਲਿਆ ਉਨ੍ਹਾਂ ਨੇ ਮੇਰੇ ਵਿੱਚ ਭਰੋਸਾ ਦਿਖਾਇਆ।
* ਪਹਿਲੀ ਫਿਲਮ ‘ਚ ਨਵਾਜੂਦੀਨ ਸਿਦੀਕੀ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
– ‘ਰਮਨ ਰਾਘਵ 2.0’ ਦੇ ਦੋਵੇਂ ਕੋ-ਐਕਟਰ ਨਵਾਜੂਦੀਨ ਅਤੇ ਵਿੱਕੀ ਕੌਸ਼ਲ ਨਾਲ ਮੈਨੂੰ ਬਿਲਕੁਲ ਵੀ ਅਸਹਿਜਤਾ ਮਹਿਸੂਸ ਨਹੀਂ ਹੋਈ, ਮੇਰੇ ਲਈ ਬਾਲੀਵੁੱਡ ਦਾ ਇਹ ਪਹਿਲਾ ਤਜਰਬਾ ਸੀ। ਸੰਭਵ ਹੈ, ਪਹਿਲਾਂ ਤੋਂ ਮੇਰੀ ਕੈਮਰੇ ਨਾਲ ਦੋਸਤੀ ਨੇ ਕਿਸੇ ਤਰ੍ਹਾਂ ਦੀ ਝਿਜਕ ਨੂੰ ਮੇਰੇ ‘ਤੇ ਹਾਵੀ ਨਹੀਂ ਹੋਣ ਦਿੱਤਾ। ਉਂਝ ਮੇਰੇ ਲਈ ਨਵਾਜੂਦੀਨ ਵਰਗੇ ਵਧੀਆ ਕਲਾਕਾਰ ਨਾਲ ਵੱਡੇ ਪਰਦੇ ‘ਤੇ ਆਉਣਾ ਇੱਕ ਬਹੁਤ ਵੱਡਾ ਮੌਕਾ ਸੀ, ਕਿਉਂਕਿ ਉਹ ਸੱਚਮੁੱਚ ਬਹੁਤ ਪ੍ਰੇਰਿਤ ਕਰਦੇ ਹਨ ਤੇ ਤੁਸੀਂ ਜੋ ਹੋ, ਉਹੀ ਰਹਿਣ ਲਈ ਉਹ ਤੁਹਾਡਾ ਮਨੋਬਲ ਵਧਾਉਂਦੇ ਹਨ। ਇਹੀ ਕਾਰਨ ਰਿਹਾ ਕਿ ਮੈਨੂੰ ਇੱਕ ਪਲ ਲਈ ਵੀ ਉਨ੍ਹਾਂ ਨਾਲ ਕਦੇ ਡਰ ਜਾਂ ਅਜੀਬ ਜਿਹਾ ਨਹੀਂ ਲੱਗਾ।