ਬਠਿੰਡੇ ਵਾਲੇ ਥਰਮਲ ਦਾ, ਧੂੰਆਂ ਅੰਬਰੀਂ ਉਡਦਾ ਜਾਵੇ..


-ਦਵੀ ਦਵਿੰਦਰ ਕੌਰ
ਕਾਰਖਾਨੇ, ਰੇਲਾਂ, ਸੜਕਾਂ ਤੇ ਨਹਿਰਾਂ ਆਦਿ ਦੇ ਨੈਟਵਰਕ ਸਬੰਧਤ ਇਲਾਕਿਆਂ ਨੂੰ ਇਕ ਵਿਸ਼ੇਸ਼ ਦਿੱਖ ਦੇ ਨਾਲ ਸਮਾਜਿਕ, ਆਰਥਿਕ ਵਿਸ਼ੇਸ਼ਤਾ ਵੀ ਦਿੰਦੇ ਹਨ। ਪੰਜਾਬ ਦੇ ਖੁੱਲ੍ਹੀਆਂ ਜ਼ਮੀਨਾਂ ਵਾਲੇ ਮਾਲਵੇ ਵਿੱਚ ਰੇਲ ਨੈਟਵਰਕ, ਨਹਿਰਾਂ ਤੇ ਸਭ ਤੋਂ ਵੱਧ ਬਠਿੰਡਾ ਥਰਮਲ ਪਲਾਂਟ ਨੇ ਸਬੰਧਤ ਖੇਤਰਾਂ ਨੂੰ ਅਜਿਹੀ ਹੀ ਵਿਲੱਖਣਤਾ ਦਿੱਤੀ। ਰੇਲਵੇ ਲਾਈਨਾਂ ਲੰਘਣ ਵਾਲੇ ਪਿੰਡਾਂ, ਸ਼ਹਿਰਾਂ, ਕਸਬਿਆਂ ਦਾ ਮਿਜ਼ਾਜ ਝੱਲਿਆ ਨਹੀਂ ਜਾਂਦਾ। ਇਹ ਸਹੂਲਤਾਂ ਉਸ ਖਿੱਤੇ ਦੀ ਆਰਥਿਕ ਸਮਰੱਥਾ ਵਿੱਚ ਵੀ ਵਾਧਾ ਕਰਦੀਆਂ ਹਨ। ਸਿੱਟੇ ਵਜੋਂ ਖੁਸ਼ਹਾਲੀ ਵਧਦੀ ਹੈ। ਇਸ ਦੇ ਨਾਲ ਹੀ ਸਹੂਲਤਾਂ ਕਿਸੇ ਦਾ ਦਿਲ ਦੁਖਣ ਦਾ ਕਾਰਨ ਵੀ ਬਣ ਸਕਦੀਆਂ ਹਨ, ਜਿਵੇਂ ‘ਟੁੱਟ ਜਾਏਂ ਰੇਲ ਗੱਡੀਏ, ਤੂੰ ਰੋਕ ਲਿਆ ਚੰਨ ਮੇਰਾ।’
ਇਹ ਸਹੂਲਤਾਂ ਬਾਜ਼ਾਰ ਨੂੰ ਪੇਂਡੂ ਖੇਤਰਾਂ ਤੱਕ ਲੈ ਆਉਂਦੀਆਂ ਹਨ। ਦੁਨੀਆ ਨਾਲ, ਕਾਰੋਬਾਰੀ ਸੰਸਾਰ ਨਾਲ ਇਨ੍ਹਾਂ ਰਾਹੀਂ ਆਮ ਦਿਹਾਤ ਦਾ ਸੰਪਰਕ ਬਣਦਾ ਹੈ। ਜਦੋਂ ਬਾਜ਼ਾਰ ਪਿੰਡ ਤੱਕ ਆਉਂਦਾ ਹੈ, ਛੋਟੇ ਕਸਬੇ ਵਿੱਚ ਪਹੁੰਚਦਾ ਹੈ, ਤਾਂ ਸੁਭਾਵਿਕ ਹੈ ਕਿ ਇਹ ਉਥੋਂ ਦੇ ਤਾਣੇ-ਬਾਣੇ ‘ਤੇ ਵੀ ਅਸਰ ਪਾਉਂਦਾ ਹੈ। ਇਸ ਵਿੱਚੋਂ ਖੁਸ਼ਹਾਲੀ ਦੇ ਨਾਲ ਤਣਾਅ ਵੀ ਪੈਦਾ ਹੁੰਦਾ ਹੈ। ਸਾਰੀ ਭਾਸ਼ਾਵਾਂ ਦੇ ਸਾਹਿਤ ਵਿੱਚ ਨਹਿਰਾਂ, ਰੇਲਾਂ, ਸੜਕਾਂ, ਕਾਰਖਾਨਿਆਂ ਤੇ ਬਾਜ਼ਾਰ ਦੇ ਪ੍ਰਭਾਵਾਂ ਬਾਰੇ ਕਮਾਲ ਦੀਆਂ ਰਚਨਾਵਾਂ ਮਿਲਦੀਆਂ ਹਨ। ਇਨ੍ਹਾਂ ਸਹੂਲਤਾਂ ਨਾਲ ਜੁੜੇ ਪਿੰਡਾਂ ਤੇ ਕਸਬਿਆਂ ਦੇ ਲੋਕ ਖੁਦ ਨੂੰ ਵਿਸ਼ੇਸ਼ ਸਮਝ ਸਕਦੇ ਹਨ ਅਤੇ ਦੂਸਰੇ ਉਨ੍ਹਾਂ ਨਾਲ ਰਸ਼ਕ ਕਰ ਸਕਦੇ ਹਨ।
ਬਠਿੰਡਾ ਥਰਮਲ ਪਲਾਂਟ, ਜੋ ਹੁਣ ਪੰਜਾਬ ਸਰਕਾਰ ਨੇ ਸਮੇਟ ਦਿੱਤਾ ਹੈ, ਨੇ ਵੀ ਬਠਿੰਡਾ ਖੇਤਰ ਨੂੰ ਵੱਖਰੀ ਤਰ੍ਹਾਂ ਦੀ ਆਰਥਿਕ ਤੇ ਸਿਆਸੀ ਲੈਅ ਦੇ ਨਾਲ ਸਮਾਜਿਕ ਤੇ ਸੱਭਿਆਚਾਰਕ ਲੈਅ ਪ੍ਰਦਾਨ ਕੀਤੀ। ਕਰੀਬ 1700 ਏਕੜ ਜ਼ਮੀਨ 60ਵਿਆਂ ਦੇ ਅਖੀਰ ਵਿੱਚ ਇਸ ਪਲਾਂਟ ਲਈ ਐਕਵਾਇਰ ਕੀਤੀ ਗਈ ਸੀ ਤੇ ਉਦੋਂ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਅਧੀਨ ਆ ਗਈਆਂ, ਉਨ੍ਹਾਂ ਵਿੱਚੋਂ ਬਹੁਤਿਆਂ ਨੇ ਮੋਟੇ ਤੌਰ ‘ਤੇ ਹਾਂਦਰੂ ਤਰੱਕੀ ਕੀਤੀ। ਇਹ ਲੋਕ ਸ਼ਹਿਰ ਆ ਵਸੇ। ਖੇਤੀ ਦੇ ਨਾਲ ਹੋਰ ਕਾਰੋਬਾਰ ਤੋਰਨੇ ਸਿੱਖ ਲਏ। ਬਹੁਤਿਆਂ ਦੀ ਵਿੱਦਿਆ ਅਤੇ ਹੋਰ ਸਹੂਲਤਾਂ ਤੱਕ ਰਸਾਈ ਵਧੀ। ਇਕ ਵਿਸ਼ੇਸ਼ ਕਿਸਮ ਦਾ ਰੱਜ ਤੇ ਮੁਕੰਮਲਤਾ ਦੇ ਨਾਲ ਵਿਸ਼ੇਸ਼ ਕਿਸਮ ਦੀਆਂ ਖਾਹਿਸ਼ਾਂ ਵੀ ਇਸ ਸਦਕਾ ਲੋਕ ਮਨ ਦਾ ਹਿੱਸਾ ਬਣੀਆਂ।
ਸ਼ੁਰੂ ਵਿੱਚ ਜਦੋਂ ਬਠਿੰਡਾ ਦਾ ਥਰਮਲ ਪਲਾਂਟ ਲੱਗਾ ਤਾਂ ਇਸ ਦੀਆਂ ਚਿਮਨੀਆਂ ਮਸਾਂ ਸੂਤ ਆਈਆਂ। ਇਨ੍ਹਾਂ ਵਿੱਚ ਕਈ ਨੁਕਸ ਪੈਂਦੇ ਰਹੇ। ਸਿਰਜਣਸ਼ੀਲ ਮਲਵੈਣਾਂ ਨੇ ਗੀਤ ਜੋੜ ਲਏ। ਥਰਮਲ ਦੇ ਪੇਂਡੂ ਉਚਾਰਣ ‘ਫਰਮਲ’ ਦੇ ਸਹਾਰੇ:
ਮਾਇਆ ਮਾਇਆ ਮਾਇਆ,
ਵਿੱਚ ਬਠਿੰਡੇ ਫਰਮਲ ਪਲਾਂਟ ਬਣਾਇਆ,
ਕੇਰਾਂ ਦਾ ਖਰਾਬ ਹੋ ਗਿਆ
ਫੇਰ ਨਮਾਂ ਨਮੂਨਾ ਪਾਇਆ
ਡਿੱਗ ਪੀ ਫਰਮਲ ਤੋਂ
ਪਤਾ ਲੈਣ ਨਹੀਂ ਆਇਆ
ਡਿੱਗ ਪਈ ਫਰਮਲ ਤੋਂ..
ਫਿਰ ਕਿਸੇ ਸ਼ੌਕੀਨ ਸ਼ਰਾਰਤੀ ਮਲਵਈ ਨੇ ਵੀ ਬੋਲੀ ਜੋੜੀ:
ਧਾਵੇ ਧਾਵੇ ਧਾਵੇ
ਬਠਿੰਡੇ ਵਾਲੇ ਫਰਮਲ ਦਾ,
ਧੂੰਆਂ ਅੰਬਰੀਂ ਉਡਦਾ ਜਾਵੇ
ਚੰਦ ਕੁਰ ਸਿਵੀਆਂ ਦੀ
ਉਹਨੂੰ ਹਾਣ ਦਾ ਮੁੰਡਾ ਨਾ ਬਿਆਵੇ
ਪੈੜ ਦਲੀਪੋ ਦੀ
ਕਿੱਕਰਾਂ ਹੇਠ ਦੀ ਜਾਵੇ..
ਪੈੜ ਦਲੀਪੋ ਦੀ..
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੇਂਦਰ ਵਿੱਚ ਮੰਤਰੀ ਆਪਣੀ ਨੂੰਹ ਰਾਹੀਂ ਬਠਿੰਡਾ ਖੇਤਰ ਵਿੱਚ ਬਹੁਤੇ ਮਿਹਰਬਾਨ ਹੋ ਕੇ ਵਰ੍ਹੇ ਤਾਂ ਇਥੇ ਥਰਮਲ ਲਾਗੇ ਝੀਲ ਨੂੰ ਖੂਬਸੂਰਤ ਦਿੱਖ ਦਿੱਤੀ ਗਈ। ਆਲਾ ਦੁਆਲਾ ਹੋਰ ਸ਼ਿੰਗਾਰ ਦਿੱਤਾ ਗਿਆ। ਇਹ ਖੇਤਰ ਹੋਰ ਰਸ਼ਕ ਦਾ ਕਾਰਨ ਬਣ ਗਿਆ। ਨੇੜਲੇ ਪਿੰਡਾਂ ਵਿੱਚ ਇਸ ਦੀ ਰਾਖ ਕਾਰਨ ਪੈਦਾ ਹੁੰਦੀਆਂ ਮੁਸ਼ਕਲਾਂ ਨਿੱਤ ਅਖਬਾਰਾਂ ਵਿੱਚ ਛਾਇਆ ਹੁੰਦੀਆਂ ਰਹੀਆਂ, ਫਿਰ ਵੀ ਮਲਵੈਣਾਂ ਦੇ ਮਨਾਂ ਵਿੱਚ ਝੀਲਾਂ ਕੋਲ ਕੋਠੀ ਹੋਣ ਦੀ ਰੀਝ ਰਹੀ। ਇਸੇ ਪ੍ਰਸੰਗ ਵਿੱਚ ਗੁਰਲੇਜ ਅਖਤਰ ਤੇ ਪ੍ਰੀਤ ਬਰਾੜ ਦਾ ਇਕ ਦੋਗਾਣਾ ਬੜਾ ਚਰਚਿਤ ਰਿਹਾ ਹੈ:
‘ਜੇ ਮੰਨੇਂਗਾ ਮਾਹੀਆ ਮੈਂ ਗੱਲ ਆਖਾਂ ਤੈਨੂੰ ਵੇ,
ਇਕ ਸੋਹਣਾ ਜਿਹਾ ਘਰ ਹੋਵੇ,
ਚਿੱਤੋਂ ਚਾਅ ਸੀ ਮੈਨੂੰ ਵੇ
ਮੇਰੀ ਵੀ ਇਕ ਦਿਲ ਦੀ ਰੀਝ ਪੁਗਾ ਦੇ ਵੇ ਮਾਹੀਆ।
ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇ ਵੇ ਮਾਹੀਆ।’
ਸਿਆਸੀ ਪੱਖੋਂ ਪੰਜਾਬ ਸਰਕਾਰ ਦਾ ਇਹ ਫੈਸਲਾ ਪੰਜਾਬ ਨੂੰ ਮੰਦੇ ਹਾਲੀਂ ਕਰ ਗਏ ਅਕਾਲੀ ਭਾਜਪਾ ਗੱਠਜੋੜ ਲਈ ਨਵੇਂ ਸਾਹ ਫੂਕਣ ਵਾਲਾ ਹੋ ਸਕਦਾ ਹੈ। ਮੁਲਾਜ਼ਮ ਵੱਖਰੇ ਤੌਰ ‘ਤੇ ਸਰਕਾਰ ਤੋਂ ਖਫਾ ਹਨ। ਇਹ ਗੱਲ ਵਾਜਬ ਵੀ ਹੈ, ਪਰ ਸਮੇਂ-ਸਮੇਂ ਕਾਰਖਾਨਿਆਂ ਤੇ ਹੋਰ ਸਹੂਲਤਾਂ ਨੂੰ ਨਵਿਆਉਣ ਜਾਂ ਇਨ੍ਹਾਂ ਦੇ ਬਦਲ ਦੀ ਤਿਆਰੀ ਪਹਿਲਾਂ ਹੋਣੀ ਚਾਹੀਦੀ ਹੈ। ਇਹ ਵਰਤਾਰੇ ਸਪਸ਼ਟ ਰੂਪ ਵਿੱਚ ਵਿਚਾਰਨੇ ਚਾਹੀਦੇ ਹਨ। ਥਰਮਲ ਦੀ ਅਣਹੋਂਦ ਬਠਿੰਡਾ ਖਿੱਤੇ ਦੇ ਸਭਿਆਚਾਰਕ ਲੋਕ ਮਨ ‘ਤੇ ਅਸਰ ਜ਼ਰੂਰ ਪਾਏਗੀ। ਉਂਜ ਕੀ ਇਹ ਵਰਤਾਰਾ ਵੀ ਨਵੇਂ ਲੋਕ ਗੀਤ ਸਿਰਜੇ ਜਾਣ ਦਾ ਆਧਾਰ ਬਣੇਗਾ?