ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਪਰ ਤਿੰਨ ਨਵੇਂ ਟੌਲ ਪਲਾਜ਼ਾ ਚਾਲੂ ਕਰਨ ਦਾ ਮੁੱਢ ਬੱਝਾ


* ਇੱਕ ਚਾਲੂ ਕੀਤਾ, ਦੋ ਹੋਰ ਇੱਕ ਦਿਨ ਬਾਅਦ ਚਲਾਏ ਜਾਣਗੇ
ਬਠਿੰਡਾ, 16 ਮਈ, (ਪੋਸਟ ਬਿਊਰੋ)- ਬਠਿੰਡਾ-ਅੰਮ੍ਰਿਤਸਰ ਨਵੇਂ ਬਣਾਏ ਨੈਸ਼ਨਲ ਹਾਈਵੇ ਉੱਤੇ ਕੇਂਦਰ ਸਰਕਾਰ ਦੀ ਝੰਡੀ ਮਿਲਣ ਪਿੱਛੋਂ ਅੱਜ ਟੌਲ ਪਲਾਜ਼ਾ ਸ਼ੁਰੂ ਕਰ ਦਿੱਤਾ ਗਿਆ ਹੈ। ਕੇਂਦਰ ਦੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਇਸ ਦਾ ਰਸਮੀ ਉਦਘਾਟਨ ਲਈ ਨਹੀਂ ਆਉਣਗੇ, ਜਿਸ ਕਰਕੇ ਅੱਜ ਸਵੇਰੇ ਅੱਠ ਵਜੇ ਤੋਂ ਨੈਸ਼ਨਲ ਹਾਈਵੇ ਉੱਤੇ ਤਲਵੰਡੀ ਭਾਈ ਨੇੜਲਾ ਟੌਲ ਪਲਾਜ਼ਾ ਸ਼ੁਰੂ ਕਰ ਦਿੱਤਾ ਗਿਆ, ਜਦੋਂ ਕਿ ਸੇਰੋਂ (ਤਰਨ ਤਾਰਨ) ਤੇ ਜੀਦਾ (ਬਠਿੰਡਾ) ਦੇ ਟੌਲ ਪਲਾਜ਼ੇ ਸ਼ੁੱਕਰਵਾਰ ਸ਼ੁਰੂ ਹੋ ਜਾਣਗੇ। ਦੂਸਰੇ ਪਾਸੇ ਬਠਿੰਡਾ-ਜ਼ੀਰਕਪੁਰ ਸੜਕ ਉੱਤੇ ਦੋ ਟੌਲ ਪਲਾਜ਼ੇ ਸ਼ੁਰੂ ਹੋ ਚੁੱਕੇ ਹਨ ਤੇ ਤੀਸਰਾ ਭੁੱਚੋ ਮੰਡੀ ਨੇੜਲਾ ਟੌਲ ਪਲਾਜ਼ਾ ਇੱਕ ਦੋ ਦਿਨਾਂ ਵਿੱਚ ਸ਼ੁਰੂ ਕੀਤਾ ਜਾਣ ਵਾਲਾ ਹੈ।
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਅੱਜ ਬਠਿੰਡਾ-ਅੰਮ੍ਰਿਤਸਰ ਦੇ ਤਿੰਨ ਟੌਲ ਪਲਾਜ਼ੇ ਸ਼ੁਰੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੜਕ ਮੰਤਰਾਲੇ ਵੱਲੋਂ ਹਾਲੇ ਤਿੰਨ ਮਹੀਨੇ ਲਈ ਦੋ ਕੰਪਨੀਆਂ ਨੂੰ ਟੌਲ ਕਮਾਈ ਕਰਨ ਦਾ ਕੰਮ ਦੇ ਕੇ ਇਸ ਨੂੰ ਪਰਖ ਸਮਾਂ ਕਿਹਾ ਗਿਆ ਹੈ। ਬਠਿੰਡਾ-ਅੰਮ੍ਰਿਤਸਰ ਸੜਕ ਵਾਲੇ ਟੌਲ ਫ਼ਰਮ ‘ਰਿੱਧੀ-ਸਿੱਧੀ’ ਨੂੰ ਅਤੇ ਬਠਿੰਡਾ-ਜ਼ੀਰਕਪੁਰ ਦੇ ਭੁੱਚੋ ਟੌਲ ਪਲਾਜ਼ਾ ਦਾ ਕੰਮ ‘ਈਗਲ ਕੰਪਨੀ’ ਨੂੰ ਮਿਲਿਆ ਹੈ। ਬਠਿੰਡਾ-ਜ਼ੀਰਕਪੁਰ ਸੜਕ ਉੱਤੇ ਪਟਿਆਲਾ ਤੋਂ ਜ਼ੀਰਕਪੁਰ ਦੇ ਰਸਤੇ ਵਿੱਚ ਦੋ ਟੌਲ ਪਲਾਜ਼ੇ ਜੂਨ ਵਿੱਚ ਚਾਲੂ ਹੋਣ ਦੀ ਸੰਭਾਵਨਾ ਹੈ।
ਮਿਲੇ ਵੇਰਵੇ ਅਨੁਸਾਰ ਬਠਿੰਡਾ-ਅੰਮ੍ਰਿਤਸਰ ਸੜਕ ਉੱਤੇ ਕਾਰ/ ਜੀਪ ਚਾਲਕ ਨੂੰ ਇੱਕ ਪਾਸੇ ਦੇ 245 ਰੁਪਏ ਟੌਲ ਦੇਣਾ ਹੋਵੇਗਾ ਅਤੇ ਡਬਲ ਟਰਿੱਪ ਲਈ 375 ਲੱਗਣਗੇ। ਮਿਨੀ ਬੱਸ/ ਲਾਈਟ ਵਹੀਕਲ ਲਈ ਇੱਕ ਪਾਸੇ ਦਾ ਟੌਲ 395 ਰੁਪਏ ਤੇ ਡਬਲ ਟਰਿੱਪ ਦੇ 595 ਰੁਪਏ ਲੱਗਣਗੇ। ਬੱਸ ਤੇ ਟਰੱਕ ਲਈ ਇੱਕ ਪਾਸੇ ਦਾ ਟੌਲ 830 ਰੁਪਏ ਅਤੇ ਦੂਹਰੇ ਗੇੜੇ ਲਈ 1250 ਰੁਪਏ ਬਣੇਗਾ। ਜੀਦਾ ਟੌਲ ਪਲਾਜ਼ਾ ਉੱਤੇ ਕਾਰ ਜੀਪ ਦਾ ਟੌਲ 95 ਰੁਪਏ, ਮਿੰਨੀ ਬੱਸ ਵਾਸਤੇ 150 ਰੁਪਏ, ਬੱਸ ਤੇ ਟਰੱਕ ਦਾ 315 ਰੁਪਏ ਹੋਣਗੇ। ਤਲਵੰਡੀ ਭਾਈ ਟੌਲ ਪਲਾਜ਼ੇ ਉੱਤੇ ਕਾਰ ਜੀਪ ਦਾ ਇੱਕ ਪਾਸੇ ਦਾ 35 ਰੁਪਏ, ਮਿੰਨੀ ਬੱਸ ਦਾ 55 ਰੁਪਏ ਤੇ ਬੱਸ/ ਟਰੱਕ ਦਾ 120 ਰੁਪਏ ਟੌਲ ਮਿਥਿਆ ਹੈ। ਤਰਨ ਤਾਰਨ ਨੇੜਲੇ ਟੌਲ ਪਲਾਜ਼ਾ ਉੱਤੇ ਕਾਰ ਜੀਪ ਚਾਲਕਾਂ ਨੂੰ 115 ਰੁਪਏ ਅਤੇ ਬੱਸ/ ਟਰੱਕ ਚਾਲਕਾਂ ਨੂੰ ਇੱਕ ਪਾਸੇ ਦਾ 395 ਰੁਪਏ ਦੇਣਾ ਪਵੇਗਾ।