ਬਜ਼ੁਰਗਾਂ ਵੱਲੋਂ ਬੱਚਿਆਂ ਦੀ ਗਿਣਤੀ ਪਿੱਛੇ ਛੱਡ ਜਾਣ ਦੀਆਂ ਚੁਣੌਤੀਆਂ

zzzzzzzz-300x11112

ਅੰਕੜਾ ਵਿਭਾਗ ਵੱਲੋਂ ਜਾਰੀ ਜਨਸੰਖਿਆ ਬਾਰੇ ਜਾਣਕਾਰੀ ਮੁਤਾਬਕ ਕੈਨੇਡਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਵਿੱਚ ਸੀਨੀਅਰਾਂ ਭਾਵ ਬਜ਼ੁਰਗਾਂ ਦੀ ਗਿਣਤੀ ਬੱਚਿਆਂ ਦੀ ਸੰਖਿਆ ਨਾਲੋਂ ਵੱਧ ਗਈ ਹੈ। ਸਾਲ 2016 ਵਿੱਚ ਕੈਨੇਡਾ ਵਿੱਚ 58 ਲੱਖ ਦੇ ਮੁਕਾਬਲੇ ਸੀਨੀਅਰਾਂ ਦੀ ਗਿਣਤੀ 59 ਲੱਖ ਪੁੱਜ ਤੱਕ ਗਈ ਹੈ। ਸਾਲ 2061 ਵਿੱਚ ਇਹ ਸਮੀਕਰਣ ਹੋਰ ਵੀ ਬਦਲ ਜਾਣਗੇ ਜਦੋਂ 14 ਸਾਲ ਤੋਂ ਘੱਟ ਉਮਰ ਦੇ 80 ਲੱਖ ਬੱਚਿਆਂ ਦੇ ਮੁਕਾਬਲੇ ਕੈਨੇਡਾ ਵਿੱਚ 65 ਸਾਲ ਤੋਂ ਵੱਧ ਉਮਰ ਦੇ 1 ਕਰੋੜ 20 ਲੱਖ ਸੀਨੀਅਰ ਹੋਣਗੇ। 2011 ਤੋਂ ਲੈ ਕੇ 2016 ਦਰਮਿਆਨ ਸੀਨੀਅਰਾਂ ਦੀ ਗਿਣਤੀ ਵਿੱਚ 14.8% ਦਾ ਵਾਧਾ ਹੋਇਆ ਹੈ। 1871 ਤੋਂ ਬਾਅਦ ਸੀਨੀਅਰਾਂ ਦੀ ਵੱਸੋਂ ਵੱਧਣ ਦੀ ਇਹ ਸੱਭ ਤੋਂ ਵੱਡੀ ਦਰ ਹੈ।

ਬੱਚਿਆਂ ਦੇ ਮੁਕਾਬਲੇ ਸੀਨੀਅਰਾਂ ਦੀ ਗਿਣਤੀ ਵੱਧਣ ਦਾ ਅਰਥ ਹੈ ਕਿ ਮੁਲਕ ਦੀ ਅਰਥ ਵਿਵਸਥਾ ਕੋਲ ਬਜ਼ੁਰਗਾਂ ਨੂੰ ਸੰਭਾਲਣ ਦੀ ਕਾਬਲੀਅਤ ਕਮਜ਼ੋਰ ਹੋ ਜਾਂਦੀ ਹੈ। 1871 ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਕੈਨੇਡਾ ਦੀ ਜਨਸੰਖਿਆ ਦਾ 42% ਹਿੱਸਾ ਸਨ ਜਦੋਂ ਕਿ ਉਸ ਵੇਲੇ 65 ਸਾਲ ਤੋਂ ਵੱਧ ਉਮਰ ਦੇ ਸੀਨੀਅਰਾਂ ਦੀ ਪ੍ਰਤੀਸ਼ਤਤਾ ਮਹਿਜ਼ 3.6% ਸੀ। ਉਹਨਾਂ ਦਿਨਾਂ ਵਿੱਚ ਔਸਤਨ ਕੈਨੇਡੀਅਨ 40 ਸਾਲ ਦੀ ਉਮਗ ਭੋਗ ਕੇ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਸਨ ਅਤੇ ਕੁੱਲ ਜਨਸੰਖਿਆ ਦਾ ਇੱਕ ਤਿਹਾਈ ਲੋਕ ਹੀ 65 ਸਾਲ ਦੀ ਉਮਰ ਤੱਕ ਪੁੱਜਦੇ ਸਨ। ਅੱਜ ਕੈਨੇਡਾ ਵਿੱਚ ਔਸਤਨ ਲੋਕੀ 82 ਸਾਲ ਤੱਕ ਜਿਉਂਦੇ ਹਨ ਅਤੇ 90%ਜਨਸੰਖਿਆ ਦੀ ਸੰਭਾਵਨਾ ਰਹਿੰਦੀ ਹੈ ਕਿ ਉਹ 65 ਸਾਲ ਤੋਂ ਵੱਧ ਉਮਰ ਭੋਗਣਗੇ। । 2036 ਵਿੱਚ ਇਹ ਸਮੀਕਰਣ ਹੋਰ ਵੀ ਹੈਰਾਨੀ ਦੀ ਹੱਦ ਤੱਕ ਬਦਲ ਜਾਣ ਦੀ ਸੰਭਾਵਨਾ ਹੈ ਜਦੋਂ ਸੀਨੀਅਰਾਂ ਦੀ ਜਨਸੰਖਿਆ ਅੱਜ ਨਾਲੋਂ ਦੁਗੁਣਾ ਹੋ ਜਾਵੇਗੀ।

ਜਿੱਥੇ ਇਹ ਚੰਗੇ ਸ਼ਗਨ ਹਨ ਕਿ ਮਨੁੱਖ ਨੂੰ ਇਸ ਧਰਤੀ ਉੱਤੇ ਜਿਉਣ ਲਈ ਵੱਧ ਸਮਾਂ ਮਿਲਣ ਲੱਗ ਪਿਆ ਹੈ, ਸਮੇਂ ਦੀਆਂ ਸਰਕਾਰਾਂ ਕੋਲ ਅਜਿਹੀ ਕੋਈ ਦਿਆਨਤਦਾਰੀ ਅਤੇ ਦੂਰਦ੍ਰਿਸ਼ਟੀ ਨਹੀਂ ਰਹੀ ਕਿ ਉਹ ਸੀਨੀਅਰਾਂ ਨੂੰ ਸਹਾਰਾ ਦੇਣ ਲਈ ਅਰਥ ਵਿਵਸਥਾ ਨੂੰ ਤਿਆਰ ਰੱਖ ਸਕਦੇ। ਸਮਾਜਕ ਕੰਮਾਂਕਾਜਾਂ ਉੱਤੇ ਖਰਚ ਕਰਨ ਦੀ ਸਰਕਾਰ ਦੀ ਸਮਰੱਥਾ ਘੱਟਦੀ ਜਾਂਦੀ ਹੈ ਜਦੋਂ ਕਿ ਜਿਸ ਵੱਸੋਂ ਸੀਨੀਅਰਾਂ ਨੂੰ ਸਹਾਰੇ ਦੀ ਸੱਭ ਤੋਂ ਵੱਧ ਲੋੜ ਹੈ, ਉਹਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਜੇਕਰ 2016 ਦੇ ਅੰਕੜੇ ਪੀਲ ਰੀਜਨ ਬਾਰੇ ਗੱਲ ਕੀਤੀ ਜਾਵੇ ਤਾਂ ਅੰਕੜਾ ਵਿਭਾਗ ਵੱਲੋਂ ਜਾਰੀ ਜਾਣਕਾਰੀ ਦੀ ਪੁਣਛਾਣ ਪੀਲ ਡਾਟਾ ਸੈਂਟਰ ਵੱਲੋਂ ਅਗਲੇ ਦਿਨਾਂ ਵਿੱਚ ਕੀਤੇ ਜਾਣ ਦੀ ਉਮੀਦ ਹੈ ਜਦੋਂ ਸਹੀ ਅੰਕੜੇ ਸਾਹਮਣੇ ਆਉਣਗੇ। ਪੀਲ ਰੀਜਨ ਵਿੱਚ ਸੀਨੀਅਰਾਂ ਬਾਬਤ ਹੁਣ ਤੱਕ ਉਪਲਬਧ ਅੰਕੜੇ ਵੀ ਬਹੁਤ ਦਿਲਚਸਪ ਕਹਾਣੀ ਦੱਸਦੇ ਹਨ। ਪੀਲ ਰੀਜਨ ਵਿੱਚ ਸੀਨੀਅਰਾਂ ਦੀ ਵੱਸੋਂ ਵਿੱਚ ਉਂਟੇਰੀਓ ਅਤੇ ਕੈਨੇਡਾ ਦੇ ਮੁਕਾਬਲੇ ਲੱਗਭੱਗ ਤਿੰਨ ਗੁਣਾ ਵੱਧ ਵਾਧਾ ਦਰਜ਼ ਕੀਤਾ ਜਾ ਰਿਹਾ ਹੈ। ਪੀਲ ਦੇ ਕੁੱਲ ਸੀਨੀਅਰਾਂ ਦਾ 70% ਹਿੱਸਾ ਪਰਵਾਸੀ ਸੀਨੀਅਰ ਬਣਦੇ ਹਨ ਭਾਵ ਜੇਕਰ ਪੀਲ ਵਿੱਚ 100 ਸੀਨੀਅਰ ਵੱਸਦੇ ਹਨ ਤਾਂ ਇਹਨਾਂ ਵਿੱਚੋਂ 70 ਉਹ ਹਨ ਜੋ ਕੈਨੇਡਾ ਵਿੱਚ ਕਿਸੇ ਹੋਰ ਮੁਲਕ ਤੋਂ ਪਰਵਾਸ ਕਰਕੇ ਆਏ ਸਨ। ਪੀਲ ਵਿੱਚ ਵੱਸਦੇ 20-25% ਸੀਨੀਅਰਾਂ ਨੂੰ ਮੈਂਟਲ ਹੈਲਥ ਦੀਆਂ ਸਮੱਸਿਆਵਾਂ ਹਨ।

ਜਦੋਂ ਇਹਨਾਂ ਮਸਲਿਆਂ ਦਾ ਉਹਨਾਂ ਡਾਲਰਾਂ ਨਾਲ ਮੁਕਾਬਲਾ ਕਰਕੇ ਵੇਖਿਆ ਜਾਂਦਾ ਹੈ ਜੋ ਪੀਲ ਰੀਜਨ ਵਿੱਚ ਵਿਕਾਸ ਕਾਰਜਾਂ ਲਈ ਪ੍ਰੋਵਿੰਸ ਵੱਲੋਂ ਬਰੈਂਪਟਨ ਅਤੇ ਮਿਸੀਸਾਗਾ ਨੂੰ ਦਿੱਤੇ ਜਾਂਦੇ ਹਨ ਤਾਂ ਕਹਾਣੀ ਬਹੁਤ ਵੱਖਰੀ ਹੈ। ਵਿਕਾਸ ਕਾਰਜਾਂ ਲਈ ਉਂਟੇਰੀਓ ਵਿੱਚ ਇੱਕ ਵਿਅਕਤੀ ਪਿੱਛੇ ਔਸਤਨ 133 ਡਾਲਰ ਖਰਚੇ ਜਾਂਦੇ ਹਨ ਜਦੋਂ ਕਿ ਪੀਲ ਵਿੱਚ ਇਹ ਦਰ ਮਹਿਜ਼ 62 ਡਾਲਰ ਪ੍ਰਤੀ ਵਿਅਕਤੀ ਹੈ। ਉਂਟੇਰੀਓ ਦੀਆਂ ਮਿਉਂਸਪੈਲਟੀਆਂ ਨੂੰ ਸੀਨੀਅਰਾਂ ਲਈ ਸੇਵਾਵਾਂ ਵਾਸਤੇ ਜਿੰਨੇ ਡਾਲਰ ਮਿਲਦੇ ਹਨ, ਪੀਲ ਰੀਜਨ ਵਿੱਚ ਉਸਦਾ ਸਿਰਫ਼ ਇੱਕ ਤਿਹਾਈ ਮਿਲਦਾ ਹੈ। ਕੈਨੇਡਾ ਦੇ ਹਰ ਉਸ ਖਿੱਤੇ ਦਾ ਲੱਭਭੱਗ ਪੀਲ ਵਰਗਾ ਹਾਲ ਹੈ ਜਿੱਥੇ ਪਰਵਾਸੀ ਵੱਧ ਗਿਣਤੀ ਵਿੱਚ ਵੱਸਦੇ ਹਨ।

ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਮੇਅਰ, ਐਮ ਪੀ ਪੀ ਅਤੇ ਮੰਤਰੀ ਸਹਿਬਾਨ ਸਾਡੇ ਨਾਲ ਇਹਨਾਂ ਮਸਲਿਆਂ ਬਾਰੇ ਗੱਲ ਤਾਂ ਦੂਰ ਜਾਣਕਾਰੀ ਵੀ ਸਾਂਝੀ ਨਹੀਂ ਕਰਦੇ। ਪੰਜਾਬੀ ਕਮਿਉਨਿਟੀ ਦੇ ਇੱਕਲੇ ਬਰੈਂਪਟਨ ਵਿੱਚ ਸਵਾ ਸੌ ਤੋਂ ਵੱਧ ਸੀਨੀਅਰ ਸਿਟੀਜ਼ਨ ਕੱਲਬ ਜਾਂ ਐਸੋਸੀਏਸ਼ਨਾਂ ਬਣੀਆਂ ਹੋਈਆਂ ਹਨ। ਇਹਨਾਂ ਵਿੱਚੋਂ ਜਿ਼ਆਦਾਤਰ ਕੈਨੇਡਾ ਡੇਅ ਜਾਂ ਭਾਰਤ ਗਣਤੰਤਰ ਦਿਵਸ ਉੱਤੇ ਪਕੌੜੇ ਬਰਫੀ ਖਾਣ ਜਾਂ ਪੋਤੇ ਪੋਤੀਆਂ ਦੇ ਜਨਮ ਦਿਨ ਮਨਾਉਣ ਜਾਂ ਤਾਸ਼ ਖੇਡਣ ਤੱਕ ਸੀਮਤ ਹਨ। ਬਹੁਤ ਘੱਟ ਸੀਨੀਅਰ ਆਗੂ ਹਨ ਜੋ ਚੁਣੇ ਹੋਏ ਨੁਮਾਇੰਦਿਆਂ ਨਾਲ ਗੰਭੀਰ ਮੁੱਦਿਆਂ ਉੱਤੇ ਗੱਲ ਕਰਨ ਲਈ ਖੁਦ ਨੂੰ ਤਿਆਰ ਕਰਦੇ ਹਨ। ਇਸ ਕੌੜੀ ਸਥਿਤੀ ਦੇ ਸਨਮੁਖ ਕੈਨੇਡਾ ਨੂੰ ਸੀਨੀਅਰਾਂ ਦੇ ਜਨਸੰਖਿਆ ਵਿੱਚ ਵਾਧੇ ਦੀਆਂ ਮੁਬਾਰਕਾਂ ਖਾਸਕਰਕੇ ਉਹਨਾਂ ਇਲਾਕਿਆਂ ਦੀਆਂ ਲੋਕਲ ਅਤੇ ਸੂਬਾਈ ਸਰਕਾਰਾਂ ਨੂੰ ਜਿੱਥੇ ਪਰਵਾਸੀ ਵਧੇਰੇ ਗਿਣਤੀ ਵਿੱਚ ਵੱਸਦੇ ਹਨ।