ਫੌਜੀ ਕਾਰਵਾਈਆਂ ਨੂੰ ਜਨਤਕ ਕਰਨਾ ਕਿੱਥੋਂ ਤੱਕ ਜਾਇਜ਼


-ਬ੍ਰਿਗੇ. (ਰਿਾ.) ਕੁਲਦੀਪ ਸਿੰਘ ਕਾਹਲੋਂ
ਭਾਰਤੀ ਫੌਜ ਵੱਲੋਂ 28-29 ਸਤੰਬਰ 2016 ਨੂੰ ਮਕਬੂਜ਼ਾ ਕਸ਼ਮੀਰ ‘ਚ ਕੀਤੀ ਗਈ ਸਰਜੀਕਲ ਸਟਰਾਈਕ ਤੋਂ 21 ਮਹੀਨੇ ਬਾਅਦ ਉਸ ਆਪਰੇਸ਼ਨ ਬਾਰੇ ਵੀਡੀਓ ਸਾਹਮਣੇ ਆਉਣ ਨਾਲ ਰਾਜਸੀ ਨੇਤਾਵਾਂ ਨੇ ਸ਼ਬਦੀ ਜੰਗ ਛੇੜ ਦਿੱਤੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਮੋਦੀ ਸਰਕਾਰ ‘ਤੇ ਫੌਜ ਦੀ ਬਹਾਦਰੀ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ ਤੇ ਕਿਹਾ ਹੈ ਕਿ ਕੀ ਸਰਜੀਕਲ ਸਟਰਾਈਕ ਦਾ ਵੀਡੀਓ ਵਾਇਰਲ ਕਰ ਕੇ ਸਰਕਾਰ ਨੇ ਸਰਹੱਦ ਉਤੇ ਤੈਨਾਤ ਜਵਾਨਾਂ ਤੇ ਸਰਹੱਦੀ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਖਤਰੇ ‘ਚ ਨਹੀਂ ਪਾਇਆ? ਭਾਜਪਾ ਦੇ ਨੇਤਾ ਤੇ ਕੇਂਦਰੀ ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪਲਟ ਵਾਰ ਕਰ ਕੇ ਕਿਹਾ ਕਿ ਫੌਜ ਦਾ ਮਨੋਬਲ ਤੋੜਨਾ ਕਾਂਗਰਸ ਦੀ ਨੀਤੀ ਰਹੀ ਹੈ ਤੇ ਉਹ ਅੱਤਵਾਦੀਆਂ ਦੇ ਹੌਸਲੇ ਬੁਲੰਦ ਕਰ ਰਹੀ ਹੈ। ਭਾਜਪਾ ਦੇ ਬਾਗੀ ਨੇਤਾ ਤੇ ਕੇਂਦਰੀ ਮੰਤਰੀ ਰਹਿ ਚੁੱਕੇ ਅਰੁਣ ਸ਼ੋਰੀ ਨੇ ਕਿਹਾ ਕਿ ਸਰਕਾਰ ਦੀ ਭਰੋਸੇ ਯੋਗਤਾ ਬਹੁਤ ਘੱਟ ਹੋ ਗਈ ਹੈ। ਇਸ ਵਾਸਤੇ ਸਬੂਤ ਵਜੋਂ ਇਸ ਨੂੰ ਸਰਜੀਕਲ ਸਟਰਾਈਕ ਦਾ ਵੀਡੀਓ ਜਾਰੀ ਕਰਨਾ ਪਿਆ ਹੈ।
ਇਸ ਦੌਰਾਨ ਪਾਕਿਸਤਾਨ ਵੱਲੋਂ ਉਸ ਦੇ ਵਿਦੇਸ਼ ਮੰਰਤਾਲੇ ਦੇ ਬੁਲਾਰੇ ਮੁਹੰਮਦ ਫਜ਼ਲ ਨੇ ਸਰਜੀਕਲ ਸਟਰਾਈਕ ਦੇ ਵੀਡੀਓ ਨੂੰ ਰੱਦ ਕਰ ਕੇ ਕਿਹਾ ਕਿ ‘ਮੈਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਫਿਰ ਕਹਿ ਰਿਹਾ ਹਾਂ ਕਿ ਭਾਰਤ ਦੇ ਸਰਜੀਕਲ ਸਟਰਾਈਕ ਵਾਲੇ ਦਾਅਵੇ ਕਲਪਨਾ ਤੋਂ ਸਿਵਾਏ ਹੋਰ ਕੁਝ ਨਹੀਂ।’
29 ਜੂਨ ਨੂੰ ਮੈਂ ਆਪਣੇ ਹਲਕੇ ਦੇ ਪਟਵਾਰੀ ਨੂੰ ਆਪਣੇ ਨਿੱਜੀ ਕੰਮ ਵਾਸਤੇ ਪਟਵਾਰਖਾਨੇ ਮਿਲਣ ਗਿਆ। ਉਸ ਨੇ ਮੇਰਾ ਹਾਲ ਚਾਲ ਤਾਂ ਕੀ ਪੁੱਛਣਾ ਸੀ, ਪੈਂਦੀ ਸੱਟੇ ਮੈਨੂੰ ਸੁਆਲ ਕੀਤਾ, ‘ਫੌਜੀ ਕਾਰਵਾਈਆਂ ਨੂੰ ਜਨਤਕ ਕਰਨਾ ਕਿੱਥੋਂ ਤੱਕ ਜਾਇਜ਼?’ ਅਸਲ ‘ਚ ਆਮ ਨਾਗਰਿਕਾਂ ਵਿੱਚ ਵੀ ਕਈ ਸ਼ੰਕੇ ਪੈਦਾ ਹੋਏ ਹਨ, ਜਿਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੈ।
ਸਰਕਾਰ ਦੀ ਨਿਰਧਾਰਤ ਨੀਤੀ ਅਨੁਸਾਰ ਭਾਰਤੀ ਫੌਜ ਵੱਲੋਂ ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਕਰਦੇ ਸਮੇਂ ਮੁੱਖ ਤੌਰ ‘ਤੇ ਰੱਖਿਆਤਮਕ, ਹਮਲਾਵਰ ਜਾਂ ਫਿਰ ਮਿਲੀ-ਜੁਲੀ ਜੰਗ ਰਣਨੀਤੀ ਧਾਰਨ ਕੀਤੀ ਜਾਂਦੀ ਹੈ, ਜਿਸ ਵਿੱਚ ਸਪੈਸ਼ਲ ਆਪਰੇਸ਼ਨ ਵੀ ਆਉਂਦੇ ਹਨ। ਪ੍ਰਤੱਖ ਰੂਪ ‘ਚ ਜੰਗ ਲੜਨਾ ਓਵਰਟ ਕਿਰਿਆ ਵਾਲੀ ਸ਼ਰੇਣੀ ‘ਚ ਆਉਂਦਾ ਹੈ, ਪਰ ਦੁਸ਼ਮਣ ਦੇ ਟਿਕਾਣਿਆਂ ‘ਤੇ ਛਾਪਾ ਮਾਰਨਾ ਤੇ ਘਾਤ ਲਾ ਕੇ ਬੈਠਣਾ ਕਵਰਟ, ਭਾਵ ਗੁਪਤ ਆਪਰੇਸ਼ਨ ਦੀ ਕੈਟਾਗਰੀ ‘ਚ ਸ਼ਾਮਲ ਹਨ, ਕਿਉਂਕਿ ਇਸ ਲਈ ਇਸ ਨੂੰ ਗੁਪਤ ਰੱਖਣਾ ਫੌਜ ਦਾ ਪਰਮ ਧਰਮ ਹੈ।
ਪਾਕਿਸਤਾਨ ਦੇ ਪਾਲਤੂ ਸਰਗਣਿਆਂ ਨੇ ਆਪਣੀਆਂ ਸਰਗਰਮੀਆਂ ਜੰਮੂ-ਕਸ਼ਮੀਰ ਵਿੱਚ ਤੇਜ਼ ਕਰਨ ਤੋਂ ਇਲਾਵਾ ਆਪਣਾ ਰੁਖ਼ ਪੰਜਾਬ ਵੱਲ ਕਰ ਕੇ 27 ਜੁਲਾਈ 2015 ਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਹਿਲਾਂ ਬਸ ਅਤੇ ਫਿਰ ਦੀਨਾਨਗਰ ਥਾਣੇ ‘ਤੇ ਹਮਲਾ ਕੀਤਾ, ਜਿਸ ਵਿੱਚ ਚਾਰ ਪੁਲਸ ਕਰਮਚਾਰੀ, ਤਿੰਨ ਸਿਵਲੀਅਨ ਅਤੇ ਤਿੰਨ ਅੱਤਵਾਦੀ ਮਾਰੇ ਗਏ। ਫਿਰ ਦੋ ਜਨਵਰੀ 2016 ਨੂੰ ਪਠਾਨਕੋਟ ਏਅਰਫੋਰਸ ਸਟੇਸ਼ਨ ‘ਚ ਪੰਜ ਪਾਕਿਸਤਾਨੀ ਹਮਲਾਵਰ ਦਾਖਲ ਹੋ ਗਏ ਤੇ 17 ਘੰਟੇ ਚੱਲੇ ਆਪਰੇਸ਼ਨ ਵਿੱਚ ਮਾਰੇ ਗਏ, ਇਸ ਦੌਰਾਨ ਛੇ ਸੁਰੱਖਿਆ ਕਰਮਚਾਰੀ ਵੀ ਮਾਰੇ ਗਏ। 18 ਸਤੰਬਰ 2016 ਨੂੰ ਉੜੀ ਸੈਕਟਰ ਵਿੱਚ ਫੌਜੀ ਕੈਂਪ ਉਤੇ ਅੱਤਵਾਦੀਆਂ ਨੇ ਹਮਲਾ ਕੀਤਾ, ਜਿਸ ਵਿੱਚ ਸਾਡੇ 19 ਜਵਾਨ ਸ਼ਹੀਦ ਹੋ ਗਏ।
ਜਦੋਂ ਅੱਤਵਾਦੀਆਂ ਦੇ ਹਮਲਿਆਂ ਦੀ ਹੱਦ ਹੁੰਦੀ ਦਿਸੀ ਤਾਂ ਭਾਰਤ ਸਰਕਾਰ ਨੇ ਓਦੋਂ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੀ ਦੇਖ ਰੇਖ ਹੇਠ ਮਕਬੂਜ਼ਾ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਆਰਜ਼ੀ ਸਿਖਲਾਈ ਕੈਂਪ ਨੂੰ ਉਡਾਉਣ ਦਾ ਫੈਸਲਾ ਲੈ ਲਿਆ। ਜਿਸ ਯੋਜਨਾ, ਜੰਗੀ ਤਿਆਰੀ, ਤਾਲਮੇਲ, ਨਿਪੁੰਨਤਾ ਤੇ ਸੂਰਬੀਰਤਾ ਨਾਲ ਫੌਜ ਨੇ ਆਪਣੇ ਕਿਸੇ ਜਾਨੀ-ਮਾਲੀ ਨੁਕਸਾਨ ਦੇ ਬਿਨਾਂ ਸੱਤ ਪਾਕਿਸਤਾਨੀ ਲਾਂਚ ਪੈਡਾਂ ਉਤੇ ਹੱਲਾ ਬੋਲ ਕੇ ਦੁਸ਼ਮਣ ਨੂੰ ਚੋਖਾ ਨੁਕਸਾਨ ਪਹੁੰਚਾਇਆ, ਉਸ ਦੀ ਦੇਸ਼ ਵਾਸੀਆਂ ਨੇ ਭਰਪੂਰ ਸ਼ਲਾਘਾ ਕੀਤੀ, ਜਿਸ ਦਾ ਲਾਹਾ ਫਿਰ ਰਾਜਸੀ ਨੇਤਾਵਾਂ ਨੇ ਲੈਣਾ ਹੀ ਸੀ।
ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਜ਼ (ਡੀ ਜੀ ਐੱਮ ਓ) ਵੱਲੋਂ ਆਪਰੇਸ਼ਨ ਦੀ ਕਾਮਯਾਬੀ ਬਾਰੇ ਪ੍ਰੈਸ ਨੂੰ ਸੰਬੋਧਨ ਕਰਨ ਦਾ ਉਦੇਸ਼ ਬੇਸ਼ੱਕ ਦੇਸ਼ ਦੀ ਜਨਤਾ ਨੂੰ ਜਾਣਕਾਰੀ ਦੇਣ ਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਜਾਂ ਕੋਈ ਹੋਰ ਲੁਕਿਆ ਰਾਜ਼ ਕਿਉਂ ਨਾ ਹੋਵੇ, ਪਰ ਉਨ੍ਹਾਂ ਵੱਲੋਂ ਇਹ ਕਹਿਣਾ ਕਿ ਹੋਰ ਕੋਈ ਸਰਜੀਕਲ ਸਟਰਾਈਕ ਨਹੀਂ ਹੋਵੇਗੀ, ਇਸ ਬਿਆਨ ਨੇ ਜੰਗੀ ਰਣਨੀਤਕ ਪੱਖੋਂ ਕਈ ਸ਼ੰਕੇ ਪੈਦਾ ਕਰ ਦਿੱਤੇ, ਜਿਸ ਨਾਲ ਪਾਕਿਸਤਾਨ ਨੂੰ ਗਲਤ ਸੰਕੇਤ ਜ਼ਰੂਰ ਗਿਆ ਹੋਵੇਗਾ। ਸਾਨੂੰ ਇਸ ਦਾ ਇਲਮ ਹੈ ਕਿ ਏਦਾਂ ਦੀ ਬਿਆਨਬਾਜ਼ੀ ਸਰਕਾਰ ਦੀ ਰਜ਼ਾਮੰਦੀ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ।
ਭਾਰਤੀ ਫੌਜ ਪਾਸੋਂ ਸਭ ਜੰਗਾਂ ਹਾਰਨ ਦੇ ਬਾਵਜੂਦ ਪਾਕਿਸਤਾਨ ਨੇ ਸਬਕ ਨਹੀਂ ਸਿਖਿਆ ਤੇ ਫਿਰ ਸਟਰਾਈਕ ਤੋਂ ਬਾਅਦ ਸਥਿਤੀ ਬਦ ਤੋਂ ਬਦਤਰ ਹੁੰਦੀ ਗਈ। ਅਕਤੂਬਰ 2016 ਤੋਂ ਅੱਜ ਤੱਕ ਜੰਮੂ-ਕਸ਼ਮੀਰ ‘ਚ ਅੱਤਵਾਦੀ ਘਟਨਾਵਾਂ ‘ਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਹਨ ਤੇ ਕਈ ਜਵਾਨ ਸ਼ਹਾਦਤ ਦਾ ਜਾਮ ਪੀ ਗਏ। ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਸੰਨ 2017 ‘ਚ ਜੰਗਬੰਦੀ ਦੀ 860 ਵਾਰ ਅਤੇ 2018 ‘ਚ ਹਾਲੇ ਤੱਕ 950 ਵਾਰ ਉਲੰਘਣਾ ਹੋਈ ਹੈ, ਜਿਸ ਵਿੱਚ ਦਰਜਨਾਂ ਸੁਰੱਖਿਆ ਕਰਮਚਾਰੀ ਅਤੇ ਕੁਝ ਸਿਵਲੀਅਨ ਵੀ ਮਾਰੇ ਗਏ। ਹਜ਼ਾਰਾਂ ਦੀ ਗਿਣਤੀ ‘ਚ ਸਰਹੱਦੀ ਲੋਕਾਂ ਨੇ ਪਲਾਇਨ ਕਰ ਕੇ ਸੁਰੱਖਿਅਤ ਥਾਵਾਂ ‘ਤੇ ਪਨਾਹ ਲਈ।
ਦੁਨੀਆ ਨੂੰ ਸਰਜੀਕਲ ਸਟਰਾਈਕ ਦੀ ਅਸਲੀ ਪਰਿਭਾਸ਼ਾ ਦੀ ਝਲਕ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ 27 ਜੂਨ 1976 ਨੂੰ ਫਲਸਤੀਨ ਲਿਬਰੇਸ਼ਨ ਫੋਰਸ ਨੇ ਯਾਤਰੀਆਂ ਦਾ ਹਵਾਈ ਜਹਾਜ਼ ਅਗਵਾ ਕਰ ਲਿਆ ਅਤੇ ਉਸ ਨੂੰ ਯੁਗਾਂਡਾ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਲੈ ਗਏ ਤਾਂ ਇਸਰਾਈਲੀ ਕਮਾਂਡੋ ਫੋਰਸ ਨੇ 4000 ਕਿਲੋਮੀਟਰ ਦੀ ਦੂਰੀ ਤਹਿ ਕਰ ਕੇ ਤਿੰਨ-ਚਾਰ ਜੁਲਾਈ 1976 ਨੂੰ 106 ਬੰਦੀ ਬਣਾਏ ਯਾਤਰੀਆਂ ‘ਚੋਂ 102 ਨੂੰ ਸਹੀ ਸਲਾਮਤ ਬਚਾ ਲਿਆ। ਸਰਜੀਕਲ ਸਟਰਾਈਕ ਦਾ ਦੂਸਰਾ ਨਮੂਨਾ ਅਮਰੀਕਾ ਨੇ ਓਦੋਂ ਦਿੱਤਾ, ਜਦੋਂ ਦੋ ਮਈ 2011 ਨੂੰ ਸੱਤ ਸਮੁੰਦਰ ਪਾਰ ਓਸਾਮਾ ਬਿਨ ਲਾਦੇਨ ਅਤੇ ਉਸ ਦੇ ਦੋ ਦਰਜਨ ਪਰਵਾਰਕ ਮੈਂਬਰਾਂ ਨੂੰ ਐਬਟਾਬਾਦ (ਪਾਕਿਸਤਾਨ) ਵਿਖੇ ਸਫਲਤਾ ਪੂਰਵਕ ਢੰਗ ਨਾਲ ਸਮੇਟ ਦਿੱਤਾ ਤੇ ਉਸ ਦੀ ਸੂਹ ਪਾਕਿਸਤਾਨ ਨੂੰ ਵੀ ਨਹੀਂ ਲੱਗਣ ਦਿੱਤੀ। ਇਨ੍ਹਾਂ ਦੋਵਾਂ ਦੇਸ਼ਾਂ ਨੇ ਫੌਜੀ ਕਾਰਵਾਈ ਦੀ ਕੋਈ ਵੀਡੀਓ ਕਲਿੱਪ ਵੀ ਜਾਰੀ ਨਹੀਂ ਕੀਤੀ। ਇਸ ਤੋਂ ਸਬਕ ਸਿੱਖੇ ਭਾਰਤ।
ਚਿੰਤਾ ਜਨਕ ਵਿਸ਼ਾ ਇਹ ਹੈ ਕਿ ਸਾਡੇ ਹਾਕਮ ਵੱਖਵਾਦੀਆਂ ਦੇ ਪਰਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਦੇ ਉਜਲ ਭਵਿੱਖ ਲਈ ਦੇਸ਼ ਦੀ ਸੁਰੱਖਿਆ ਨੂੰ ਦਾਅ ‘ਤੇ ਲਾ ਦਿੰਦੇ ਹਨ। ਜੇ ਰਾਜਸੀ ਨੇਤਾਵਾਂ ਨੂੰ ਦੇਸ਼ ਦੀ ਖਾਤਰ ਜਾਨਾਂ ਨਿਛਾਵਰ ਕਰਨ ਵਾਲੇ ਲੋਕਾਂ ਦਾ ਜ਼ਰਾ ਵੀ ਅਹਿਸਾਸ ਹੁੰਦਾ ਤਾਂ ਸਰਕਾਰ ਉਨ੍ਹਾਂ ਦੇ ਬੱਚਿਆਂ ਦੀਆਂ ਸਕੂਲੀ ਫੀਸਾਂ ਦੀ ਅਦਾਇਗੀ ਦੀ ਹੱਦ ਤੈਅ ਨਾ ਕਰਦੀ ਅਤੇ ਜੇ ਫੌਜ ਦੇ ਦਰਜੇ, ਇੱਜ਼ਤ-ਮਾਣ ਦਾ ਧਿਆਨ ਹੁੰਦਾ ਤਾਂ ਦਿੱਲੀ ਦੇ ਜੰਤਰ-ਮੰਤਰ ਵਿਖੇ ਸਾਬਕਾ ਫੌਜੀਆਂ ਦੇ ਮੈਡਲ ਪੈਰਾਂ ‘ਚ ਨਾ ਰੋਲੇ ਜਾਂਦੇ। ਫੌਜ ਦਾ ਸਿਆਸੀਕਰਨ ਕਰਨਾ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ।