ਫੌਕਸਵੈਗਨ ਦੇ ਬਾਅਦ ਆਡੀ ਵਿੱਚ ਨੁਕਸ ਨਿਕਲਣ ਕਾਰਨ ਸੀ ਈ ਓ ਗ੍ਰਿਫਤਾਰ


ਬਰਲਿਨ, 18 ਜੂਨ (ਪੋਸਟ ਬਿਊਰੋ)- ਜਰਮਨ ਪ੍ਰਸਿੱਧ ਕਾਰ ਕੰਪਨੀ ਆਡੀ ਦੇ ਸੀ ਈ ਓ ਰੂਪਰਟ ਸਟੈਡਲਰ ਨੂੰ ਡੀਜ਼ਲ ਐਮਸ਼ਿਨ ਸਕੈਂਡਲ ਦੀ ਜਾਂਚ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮਿਊਨਿਚ ਵਕੀਲਾਂ ਨੇ ਕਿਹਾ ਕਿ ਸਟੈਡਲਰ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਸਬੂਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਸਕਦੇ ਹਨ, ਇਸ ਰਿਸਕ ਨੂੰ ਦੇਖ ਕੇ ਇਹ ਕਦਮ ਚੁੱਕਿਆ ਗਿਆ ਹੈ। ਮਿਊਨਿਕ ਵਕੀਲਾਂ ਨੇ ਕਿਹਾ ਕਿ ਬੁੱਧਵਾਰ ਸਟੈਡਲਰ ਕੋਲੋਂ ਪੁੱਛਗਿਛ ਕੀਤੀ ਜਾਵੇਗੀ।
ਵਰਨਣ ਯੋਗ ਹੈ ਕਿ ਤਿੰਨ ਸਾਲ ਪਹਿਲਾਂ ਸਤੰਬਰ 2015 ਵਿੱਚ ਇਹ ਸਕੈਂਡਲ ਬਾਹਰ ਆਇਆ ਸੀ, ਉਦੋਂ ਪਤਾ ਲੱਗਾ ਸੀ ਕਾਰਾਂ ਦੇ ਇੰਜਣਾਂ ਵਿੱਚ ਇਸ ਤਰਾਂ ਦੇ ਜੰਤਰ ਅਤੇ ਸਾਫਟਵੇਅਰ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਇਹ ਕਾਰਬਨ ਨਿਕਾਸੀ ਜਾਂਚ ਵਿੱਚੋਂ ਸੌਖੇ ਨਿਕਲ ਜਾਣ। ਪਹਿਲਾਂ ਇਸ ਤਰਾਂ ਦੇ ਜੰਤਰ ਫਾਕਸਵੈਗਨ ਕਾਰਾਂ ਵਿੱਚ ਫੜੇ ਗਏ ਸਨ ਪਰ ਇਸ ਗੜਬੜ ਵਿੱਚ ਉਸ ਦੀ ਯੂਨਿਟ ਆਡੀ ਵੀ ਬਾਅਦ ਵਿੱਚ ਸ਼ਾਮਲ ਪਾਈ ਗਈ। ਪਿਛਲੇ ਮਹੀਨੇ ਉਸ ਨੇ ਮੰਨ ਲਿਆ ਸੀ ਕਿ ਡੀਜ਼ਲ ਇੰਜਣ 16 ਅਤੇ 17 ਦੇ 60,000 ਹੋਰ ਮਾਡਲਾਂ ਵਿੱਚ ਇਸ ਤਰ੍ਹਾਂ ਦੇ ਜੰਤਰ ਅਤੇ ਸਾਫਟਵੇਅਰ ਦਾ ਇਸਤੇਮਾਲ ਹੋਇਆ ਹੈ। ਇਸ ਤੋਂ ਪਹਿਲਾਂ ਫਾਕਸਵੈਗਨ ਨੇ ਮੰਨਿਆ ਸੀ ਕਿ ਅਮਰੀਕਾ ਵਿੱਚ ਲਗਭਗ 6 ਲੱਖ ਕਾਰਾਂ ਨੂੰ ਕਾਰਬਨ ਟੈਸਟਾਂ ਤੋਂ ਬਚਾਉਣ ਲਈ ਉਨ੍ਹਾਂ ਵਿੱਚ ਇਹ ਜੰਤਰ ਲਾਏ ਗਏ ਸਨ। ਕੰਪਨੀ ਨੇ ਮੰਨਿਆ ਸੀ ਕਿ ਉਸ ਨੇ ਦੁਨੀਆ ਵਿੱਚ 1 ਕਰੋੜ ਤੋਂ ਵਧ ਡੀਜਲ ਕਾਰਾਂ ਵਿੱਚ ਸਾਫਟਵੇਅਰ ਦੀ ਵਰਤੋਂ ਕੀਤੀ ਸੀ, ਜਿਸ ਨਾਲ ਪਰਦੂਸ਼ਣ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਸੀ। ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਆਡੀ ਦੇ ਸੀ ਈ ਓ ਰੂਪਰਟ ਸਟੈਡਲਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਦਾਲਤ ਦੀ ਸੁਣਵਾਈ ਤੈਅ ਕਰੇਗੀ ਕਿ ਸਟੈਡਲਰ ਜੇਲ ਵਿੱਚ ਰਹਿਣਗੇ ਜਾਂ ਨਹੀਂ। ਕੰਪਨੀ ਨੇ ਕਿਹਾ ਕਿ ਅਜੇ ਜਾਂਚ ਜਾਰੀ ਹੈ ਇਸ ਕਰਕੇ ਇਸ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ।