ਫੋਰਡ ਨੇ ਸਰਕਾਰ ਵਿੱਚ ਹੋਣ ਜਾ ਰਹੀ ਤਬਦੀਲੀ ਦੀ ਨਿਗਰਾਨੀ ਲਈ ਟੀਮ ਐਲਾਨੀ


ਕੁਈਨਜ਼ ਪਾਰਕ, 10 ਜੂਨ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਬਣਨ ਜਾ ਰਹੇ ਡੱਗ ਫੋਰਡ ਵੱਲੋਂ ਆਪਣੀ ਟੀਮ ਦਾ ਐਲਾਨ ਕੀਤਾ ਗਿਆ। ਇਹ ਟੀਮ ਸਰਕਾਰ ਵਿੱਚ ਹੋਣ ਜਾ ਰਹੀ ਤਬਦੀਲੀ ਦੀ ਨਿਗਰਾਨੀ ਕਰੇਗੀ।
ਫੋਰਡ ਨੇ ਆਖਿਆ ਕਿ ਹੁਣ ਜਦੋਂ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਤਾਂ ਅਜਿਹੇ ਵਿੱਚ ਸਾਡੇ ਕੋਲ ਇੱਕ ਅਜਿਹੀ ਟੀਮ ਹੈ ਜਿਹੜੀ ਸਾਡੀਆਂ ਵਚਨਬੱਧਤਾਵਾਂ ਲੋਕਾਂ ਤੱਕ ਪਹੁੰਚਾਵੇਗੀ। ਇਸ ਟੀਮ ਕੋਲ ਇਹ ਯਕੀਨੀ ਬਣਾਉਣ ਲਈ ਕਾਫੀ ਤਜਰਬਾ ਤੇ ਫੈਸਲਾ ਕਰਨ ਦਾ ਅਖ਼ਤਿਆਰ ਹੈ ਕਿ ਅਸੀਂ ਪ੍ਰੋਵਿੰਸ ਵਿੱਚ ਵੱਡੀ ਤਬਦੀਲੀ ਲਿਆਉਣ ਵਿੱਚ ਕਾਮਯਾਬ ਹੋ ਸਕੀਏ।
ਇਸ ਟੀਮ ਦੇ ਹੇਠ ਲਿਖੇ ਮੈਂਬਰ ਹਨ :
ਕ੍ਰਿਸ ਫਰੌਗੈਟ, ਚੇਅਰ
ਜੌਹਨ ਬੇਅਰਡ
ਡੀਨ ਫਰੈਂਚ
ਸਿਮੋਨ ਡੈਨੀਅਲਜ਼
ਡਾ. ਰੂਬੇਨ ਡੈਵਲਿਨ
ਮਾਈਕ ਕੋਟਸ
ਫੋਰਡ ਨੇ ਇਹ ਐਲਾਨ ਵੀ ਕੀਤਾ ਕਿ ਉਨ੍ਹਾਂ ਵੱਲੋਂ ਪ੍ਰੀਮੀਅਰ ਆਫਿਸ ਵਿੱਚ ਚੀਫ ਆਫ ਸਟਾਫ ਦੀ ਭੂਮਿਕਾ ਲਈ ਡੀਨ ਫਰੈਂਚ ਨੂੰ ਆਖਿਆ ਗਿਆ ਹੈ। ਜਿ਼ਕਰਯੋਗ ਹੈ ਕਿ ਫਰੈਂਚ 2018 ਓਨਟਾਰੀਓ ਪੀਸੀ ਕੈਂਪੇਨ ਦੇ ਚੇਅਰ ਰਹਿ ਚੁੱਕੇ ਹਨ। ਫੋਰਡ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧ ਵਿੱਚ ਹੋਰ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਜਾਵੇਗੀ।