ਫੈਡਰਲ ਆਗੂਆਂ ਦੀ ਬਹਿਸ ਲਈ ਅਜ਼ਾਦਾਨਾ ਕਮਿਸ਼ਨ ਕਾਇਮ ਕਰਨਾ ਚਾਹੁੰਦੀ ਹੈ ਸਰਕਾਰ!


ਓਟਵਾ, 11 ਜਨਵਰੀ (ਪੋਸਟ ਬਿਊਰੋ) : 2019 ਦੀਆਂ ਚੋਣਾਂ ਤੋਂ ਪਹਿਲਾਂ ਫੈਡਰਲ ਆਗੂਆਂ ਦੀ ਬਹਿਸ ਦੇ ਪ੍ਰਬੰਧ ਲਈ ਅਜ਼ਾਦਾਨਾ ਕਮਿਸ਼ਨ ਕਾਇਮ ਕਰਨ ਜਾਂ ਕਮਿਸ਼ਨਰ ਥਾਪਣ ਲਈ ਫੈਡਰਲ ਸਰਕਾਰ ਕੈਨੇਡੀਅਨਾਂ ਤੋਂ ਫੀਡਬੈਕ ਚਾਹੁੰਦੀ ਹੈ।
ਡੈਮੋਕ੍ਰੈਟਿਕ ਇੰਸਟੀਚਿਊਸ਼ਨਜ਼ ਮੰਤਰੀ ਕਰੀਨਾ ਗੌਲਡ ਨੇ ਕੈਨੇਡੀਅਨਾਂ ਨੂੰ ਹੁਣ ਤੋਂ ਲੈ ਕੇ 9 ਫਰਵਰੀ ਤੱਕ ਆਨਲਾਈਨ ਫੌਰਮ ਰਾਹੀਂ ਇਸ ਬਾਰੇ ਆਪਣੀ ਰਾਇ ਦੱਸਣ ਲਈ ਆਖਿਆ ਹੈ। ਇਸ ਫੌਰਮ ਵਿੱਚ ਕੈਨੇਡੀਅਨਾਂ ਨੇ ਸਿਰਫ ਆਪਣੇ ਵੱਲੋਂ ਇਸ ਬਾਰੇ ਆਪਣੀ ਰਾਇ ਰੱਖਣੀ ਹੋਵੇਗੀ ਤੇ ਫਿਰ ਇਸ ਨੂੰ ਪ੍ਰਿਵੀ ਕਾਉਂਸਲ ਦੇ ਆਫਿਸ ਦੀ ਸਮਰੀ ਆਫ ਫਾਈਂਡਿੰਗਜ਼ ਵੱਲੋਂ ਜਾਂਚਿਆ ਜਾਵੇਗਾ। ਗੌਲਡ ਵੱਲੋਂ ਕੈਨੇਡਾ ਭਰ ਵਿੱਚ ਮੀਟਿੰਗ ਕਰਕੇ ਵੱਖ ਵੱਖ ਮੀਡੀਆ ਸੰਸਥਾਵਾਂ, ਅਕਾਦਮਿਕ ਤੇ ਜਮਹੂਰੀ ਦਾਅਵੇਦਾਰਾਂ ਤੋਂ ਵੀ ਇਸ ਸਬੰਧੀ ਰਾਇ ਲਈ ਜਾਵੇਗੀ।
ਇੱਕ ਬਿਆਨ ਵਿੱਚ ਗੌਲਡ ਨੇ ਆਖਿਆ ਕਿ ਇਸ ਨਾਲ ਅਗਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਹੀ ਕਮਿਸ਼ਨ ਕਾਇਮ ਕਰਨ ਜਾਂ ਕਮਿਸ਼ਨਰ ਨਿਯੁਕਤ ਕਰਨ ਲਈ ਸਾਂਝੀ ਰਾਇ ਬਣ ਜਾਵੇਗੀ।