ਫੇਸਬੁੱਕ ਵੱਲੋਂ ਚੀਨੀ ਕੰਪਨੀਆਂ ਨੂੰ ਵੀ ਡਾਟਾ ਵੇਚਿਆ ਜਾਂਦਾ ਰਿਹਾ


ਵਾਸਿ਼ੰਗਟਨ, 6 ਜੂਨ (ਪੋਸਟ ਬਿਊਰੋ)- ਡਾਟਾ ਐਕਸੈਸ ਕੇਸ ਵਿੱਚ ਫੇਸਬੁੱਕ ਨੇ ਖੁਲਾਸਾ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਚਾਰ ਚੀਨੀ ਕੰਪਨੀਆਂ ਨੂੰ ਵੀ ਡਾਟਾ ਦਾ ਐਕਸੈਸ ਦਿੱਤਾ ਹੋਇਆ ਸੀ।
ਵਰਨਣ ਯੋਗ ਹੈ ਕਿ ਫੇਸਬੁੱਕ ਉੱਤੇ ਦੋਸ਼ ਲੱਗੇ ਸਨ ਕਿ ਉਸ ਨੇ 60 ਕੰਪਨੀਆਂ ਨੂੰ ਡਾਟਾ ਐਕਸੈਸ ਦਿੱਤਾ ਹੋਇਆ ਹੈ। ਇਸ ਬਾਰੇ ਫੇਸਬੁੱਕ ਦਾ ਕਹਿਣਾ ਹੈ ਕਿ ਉਸ ਨੇ ਹੁਵਾਵੇ, ਓਪੋ, ਲਿਨੋਵੋ ਅਤੇ ਟੀ ਸੀ ਐੱਲ ਨੂੰ ਡਾਟਾ ਐਕਸੈਸ ਵਾਸਤੇ ਮਨਜ਼ੂਰੀ ਦਿੱਤੀ ਹੋਈ ਹੈ। ਇਨ੍ਹਾਂ ਚਾਰ ਕੰਪਨੀਆਂ ਨੇ ਫੇਸਬੁੱਕ ਨਾਲ ਇਕ ਸਾਂਝੇਦਾਰੀ ਕੀਤੀ ਸੀ ਜਿਸ ਹੇਠ ਸੋਸ਼ਲ ਮੀਡੀਆ ਦੀ ਇਸ ਸਾਈਟ ਦੇ ਸਭ ਤੋਂ ਲੋਕਪ੍ਰਿਅ ਯੂਜ਼ਰਜ਼, ਭਾਵ ਕਿ ਜਿਹੜੇ ਯੂਜ਼ਰਸ ਸਭ ਤੋਂ ਵੱਧ ਵਰਤੋਂ ਕਰਦੇ ਹਨ, ਨੂੰ ਆਪਣੇ ਮੋਬਾਈਲ ਉੱਤੇ ਲਿਆਉਣ ਦੀ ਗੱਲ ਕੀਤੀ ਸੀ।
ਨਿਊਯਾਰਕ ਟਾਈਮਸ ਦੀ ਰਿਪੋਰਟ ਵਿੱਚ ਜਿਨ੍ਹਾਂ 60 ਕੰਪਨੀਆਂ ਨੂੰ ਫੇਸਬੁੱਕ ਦੇ ਡਾਟਾ ਐਕਸੈਸ ਦੀ ਗੱਲ ਕਹੀ ਗਈ ਸੀ, ਉਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਨਾਲ ਫੇਸਬੁੱਕ ਨੇ ਆਪਣੀ ਸਾਂਝ ਖਤਮ ਕਰ ਲਈ ਹੈ। ਫੇਸਬੁੱਕ ਨੇ ਇਸ ਰਿਪੋਰਟ ਤੋਂ ਬਾਅਦ ਬਿਆਨ ਦਿੱਤਾ ਹੈ ਕਿ ਹੁਵਾਵੇ ਦੇ ਨਾਲ ਉਹ ਅਗਲੇ ਹਫਤੇ ਤਕ ਕਾਨਟ੍ਰੈਕਟ ਖਤਮ ਕਰ ਲਵੇਗੀ। ਇਸ ਤੋਂ ਇਲਾਵਾ ਫੇਸਬੁੱਕ ਓਪੋ, ਟੀ ਸੀ ਐੱਲ ਅਤੇ ਲਿਨੋਵੋ ਦੇ ਨਾਲ ਵੀ ਕਾਨਟ੍ਰੈਕਟ ਖਤਮ ਕਰ ਰਹੀ ਹੈ। ਨਿਊਯਾਰਕ ਟਾਈਮ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਫੇਸਬੁੱਕ ਆਪਣੇ ਯੂਜ਼ਰਸ ਅਤੇ ਉਨ੍ਹਾਂ ਦੇ ਦੋਸਤਾਂ ਦੀ ਜਾਣਕਾਰੀ ਸੈਮਸੰਗ, ਐਪਲ, ਮਾਈਕ੍ਰੋਸਾਫਟ ਸਮੇਤ 60 ਕੰਪਨੀਆਂ ਨੂੰ ਦੇ ਰਹੀ ਹੈ। ਰਿਪੋਰਟ ਦੇ ਮੁਤਾਬਕ ਫੇਸਬੁੱਕ ਨੇ ਇਨ੍ਹਾਂ ਕੰਪਨੀਆਂ ਦੇ ਨਾਲ ਡਾਟਾ-ਸ਼ੇਅਰਿੰਗ ਪਾਰਟਨਰਸ਼ਿਪ ਕੀਤੀ ਹੈ। ਇਸੇ ਤਹਿਤ ਯੂਜ਼ਰਸ ਦੇ ਡਾਟਾ ਨੂੰ ਦਿੱਤਾ ਜਾ ਰਿਹਾ ਹੈ। ਰਿਪੋਰਟ ਮੁਤਾਬਕ ਫੇਸਬੁੱਕ ਨੇ 60 ਡਿਵਾਈਸ ਮੇਕਰ ਕੰਪਨੀਆਂ ਨਾਲ ਡਾਟਾ ਦੀ ਸਾਂਝ ਪਾਈ ਹੋਈ ਹੈ। ਇਨ੍ਹਾਂ ਵਿੱਚ ਐਪਲ, ਅਮੇਜ਼ਨ, ਬਲੈਕਬੇਰੀ, ਮਾਈਕ੍ਰੋਸਾਫਟ ਅਤੇ ਸੈਮਸੰਗ ਸਮੇਤ ਕੁਝ ਹੋਰ ਵੱਡੀਆਂ ਕੰਪਨੀਆਂ ਸ਼ਾਮਲ ਹਨ। ਇਸ ਤਹਿਤ ਫੇਸਬੁੱਕ ਨੂੰ ਆਪਣੀ ਰੀਚ ਵਧਾਉਣੀ ਹੋਵੇਗੀ, ਤਾਂ ਜੋ ਡਿਵਾਈਸ ਮੇਕਰ ਕੰਪਨੀਆਂ ਆਪਣੇ ਪ੍ਰਸਿੱਧ ਫੀਚਰਸ ਨੂੰ ਸੋਸ਼ਲ ਮੀਡੀਆ ਰਾਹੀਂ ਯੂਜ਼ਰਸ ਤਕ ਪਹੁੰਚਾ ਸਕਣ। ਇਸ ਰਿਪੋਰਟ ਤੋਂ ਬਾਅਦ ਐਪਲ ਦੇ ਸੀ ਈ ਓ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਐਪਲ ਨੇ ਨਾ ਕਦੇ ਫੇਸਬੁੱਕ ਨੂੰ ਡਾਟਾ ਨੂੰ ਰਿਕੁਐਸਟ ਕੀਤੀ ਹੈ ਅਤੇ ਨਾ ਉਸ ਤੋਂ ਕੋਈ ਡਾਟਾ ਲਿਆ ਹੈ।