ਫੇਸਬੁੱਕ ਤੇ ਐਗਰੀਗੇਟ ਆਈਕਿਊ ਦੀ ਜਾਂਚ ਲਈ ਫੈਡਰਲ ਤੇ ਬੀਸੀ ਪ੍ਰਾਈਵੇਸੀ ਕਮਿਸ਼ਨਰਜ਼ ਨੇ ਮਿਲਾਏ ਹੱਥ


ਓਟਵਾ, 5 ਅਪਰੈਲ (ਪੋਸਟ ਬਿਊਰੋ) : ਫੈਡਰਲ ਤੇ ਬ੍ਰਿਟਿਸ਼ ਕੋਲੰਬੀਆ ਪ੍ਰਾਈਵੇਸੀ ਕਮਿਸ਼ਨਰਜ਼ ਵੱਲੋਂ ਫੇਸਬੁੱਕ ਅਤੇ ਕੈਨੇਡੀਅਨ ਪੁਲਿਟੀਕਲ ਕੰਸਲਟੈਂਸੀ ਐਗਰੀਗੇਟ ਆਈਕਿਊ ਦੀ ਜਾਂਚ ਕੀਤੀ ਜਾਵੇਗੀ। ਕੌਮਾਂਤਰੀ ਪੱਧਰ ਉੱਤੇ ਇਹ ਰੌਲਾ ਪਿਆ ਹੋਇਆ ਹੈ ਕਿ ਇਨ੍ਹਾਂ ਦੋਵਾਂ ਫਰਮਾਂ ਨੇ ਸੋਸ਼ਲ ਮੀਡੀਆ ਡਾਟਾ ਦੀ ਅਣਅਧਿਕਾਰਤ ਵਰਤੋਂ ਕੀਤੀ।
ਇਸ ਵਿਵਾਦ ਵਿੱਚ ਇਹ ਦੋਸ਼ ਵੀ ਲਾਏ ਗਏ ਹਨ ਕਿ ਵੱਡੀਆਂ ਸਿਆਸੀ ਜਿੱਤਾਂ ਹਾਸਲ ਕਰਨ ਲਈ ਫੇਸਬੁੱਕ ਦੀ ਜਾਣਕਾਰੀ ਨੂੰ ਗਲਤ ਵਰਤੋਂ ਕੀਤੀ ਗਈ। ਇਸ ਵਿੱਚ 2016 ਵਿੱਚ ਡੌਨਲਡ ਟਰੰਪ ਦੀ ਰਾਸ਼ਟਰਪਤੀ ਮੁਹਿੰਮ ਵੀ ਸ਼ਾਮਲ ਹੈ। ਫੈਡਰਲ ਪ੍ਰਾਈਵੇਸੀ ਵਾਚਡੌਗ ਵੱਲੋਂ ਪਿਛਲੇ ਮਹੀਨੇ ਪ੍ਰਾਈਵੇਟ ਫੇਸਬੁੱਕ ਡਾਟਾ ਤੱਕ ਅਣਅਧਿਕਾਰਤ ਪਹੁੰਚ ਦੇ ਲੱਗੇ ਦੋਸ਼ਾਂ ਦੀ ਜਾਂਚ ਸੁ਼ਰੂ ਕੀਤੀ ਗਈ ਸੀ। ਹੁਣ ਬੀਸੀ ਪ੍ਰਾਈਵੇਸੀ ਜ਼ਾਰ ਵੱਲੋਂ ਵਿਕਟੋਰੀਆ ਸਥਿਤ ਫਰਮ ਐਗਰੀਗੇਟ ਆਈਕਿਊ ਦੀ ਜਾਂਚ ਸ਼ੁਰੂ ਕਰਕੇ ਇਸ ਜਾਂਚ ਦਾ ਘੇਰਾ ਵਧਾਇਆ ਜਾ ਰਿਹਾ ਹੈ।
ਇਹ ਪਤਾ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਕੀ ਕੰਪਨੀ ਵੱਲੋਂ ਪ੍ਰਾਈਵੇਸੀ ਸਬੰਧੀ ਨਿਯਮਾਂ ਨੂੰ ਤੋੜਿਆ ਗਿਆ। ਫੇਸਬੁੱਕ ਦੇ ਅੰਦਾਜ਼ੇ ਮੁਤਾਬਕ ਕੈਨੇਡਾ ਵਿੱਚ 622,161 ਯੂਜ਼ਰਜ਼ ਦਾ ਡਾਟਾ ਗਲਤ ਢੰਗ ਨਾਲ ਇੱਕ ਹੋਰ ਪੁਲੀਟੀਕਲ ਕੰਸਲਟੈਂਸੀ ਫਰਮ ਕੈਂਬ੍ਰਿੱਜ ਐਨਾਲਿਟਿਕਾ, ਜੋ ਕਿ ਐਗਰੀਗੇਟ ਆਈਕਿਊ ਨਾਲ ਸਬੰਧਤ ਹੈ, ਨਾਲ ਸਾਂਝਾ ਕੀਤਾ ਗਿਆ।
2016 ਵਿੱਚ ਬ੍ਰੈਗਜਿ਼ਟ ਕੈਂਪੇਨ ਵਿੱਚ ਨਿਭਾਈ ਗਈ ਭੂਮਿਕਾ ਲਈ ਬੀਸੀ ਦੇ ਪ੍ਰਾਈਵੇਸੀ ਕਮਿਸ਼ਨਰ ਤੇ ਯੂਨਾਇਟਿਡ ਕਿੰਗਡਮ ਵੱਲੋਂ ਐਗਰੀਗੇਟ ਆਈਕਿਊ ਦੇ ਖਿਲਾਫ ਪਹਿਲਾਂ ਵੀ ਜਾਂਚ ਖੋਲ੍ਹੀ ਗਈ ਸੀ। ਉਸ ਕੈਂਪੇਨ ਦੌਰਾਨ ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਛੱਡਣ ਦੇ ਪੱਖ ਵਿੱਚ ਵੋਟ ਪਾਈ ਸੀ।