ਫੇਸਬੁੱਕ ਡਾਟਾ ਦੀ ਜਾਂਚ ਵਿੱਚ ਕੈਂਬਰਿਜ ਐਨਾਲਾਈਟਿਕਾ ਦਾ ਸੀ ਈ ਓ ਸਸਪੈਂਡ ਕੀਤਾ ਗਿਆ


ਲੰਡਨ, 21 ਮਾਰਚ, (ਪੋਸਟ ਬਿਊਰੋ)- ਸੰਸਾਰ ਪ੍ਰਸਿੱਧ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਪੰਜ ਕਰੋੜ ਯੂਜ਼ਰਜ਼ ਦੇ ਡਾਟਾ ਵਿੱਚ ਸੰਨ੍ਹ ਲਾ ਕੇ ਇਸ ਨੂੰ ਅਮਰੀਕੀ ਚੋਣਾਂ ਉੱਤੇ ਅਸਰ ਪਾਉਣ ਲਈ ਵਰਤੇ ਜਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਫ਼ਰਮ ਕੈਂਬਰਿਜ ਐਨਾਲਾਈਟਿਕਾ ਦੇ ਬੋਰਡ ਆਫ ਡਾਇਰੈਕਟਰਜ਼ ਨੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਅਲੈਗਜ਼ੈਂਡਰ ਨਿਕਸ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਦੌਰਾਨ ਯੂ ਕੇ ਪਾਰਲੀਮਾਨੀ ਮੀਡੀਆ ਕਮੇਟੀ ਨੇ ਫ਼ੇਸਬੁੱਕ ਦੇ ਸੀ ਈ ਓ ਮਾਰਕ ਜ਼ੁਕਰਬਰਗ ਨੂੰ ਇਸ ਮਾਮਲੇ ਦੀ ਸਫ਼ਾਈ ਦੇਣ ਲਈ ਸੰਮਨ ਕਰ ਲਿਆ ਹੈ।
ਵਰਨਣ ਯੋਗ ਹੈ ਕਿ ਬੀ ਬੀ ਸੀ ਦੇ ਚੈਨਲ 4 ਨਿਊਜ਼ ਨੇ ਇਕ ਕਲਿੱਪ ਟੈਲੀਕਾਸਟ ਕੀਤਾ ਸੀ, ਜਿਸ ਵਿੱਚ ਨਿਕਸ ਇਸ ਚੈਨਲ ਦੇ ਰਿਪੋਰਟਰ ਕੋਲ ਇਹ ਭੇਦ ਖੋਲ੍ਹਦਾ ਹੈ ਕਿ ਡਾਟਾ ਮਾਈਨਿੰਗ ਫ਼ਰਮ ਕੈਂਬਰਿਜ ਐਨਾਲਿਟਿਕਾ ਨੇ ਡੋਨਾਲਡ ਟਰੰਪ ਦੀ ਜਿੱਤ ਯਕੀਨੀ ਬਣਾਉਣ ਲਈ 2016 ਦੀ ਰਾਸ਼ਟਰਪਤੀ ਚੋਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਕੈਂਬਰਿਜ ਬੋਰਡ ਨੇ ਕਿਹਾ ਕਿ ਨਿਕਸ ਵੱਲੋਂ ਪੱਤਰਕਾਰ ਨਾਲ ਕੀਤੀਆਂ ਗੱਲਾਂ ਦਾ ਫ਼ਰਮ ਦੇ ਕੰਮ-ਢੰਗ ਜਾਂ ਕਦਰਾਂ-ਕੀਮਤਾਂ ਨਾਲ ਕੋਈ ਸੰਬੰਧ ਨਹੀਂ ਤੇ ਨਿਕਸ ਦੀ ਸਸਪੈਨਸ਼ਨ ਇਸ ਦਾ ਸੰਕੇਤ ਹੈ ਕਿ ਉਹ ਇਸ ਕੋਤਾਹੀ ਪ੍ਰਤੀ ਕਿੰਨੇ ਗੰਭੀਰ ਹਨ।