‘ਫੇਕ ਨਿਊਜ਼’ ਦੇ ਖਿਲਾਫ ਫੇਸਬੁੱਕ ਤੇ ਗੂਗਲ ਵੀ ਇਕੱਠੇ ਹੋਏ


ਸਾਨ ਫਰਾਂਸਿਸਕੋ, 19 ਨਵੰਬਰ (ਪੋਸਟ ਬਿਊਰੋ)- ਸੋਸ਼ਲ ਮੀਡੀਆ ਤੇ ਸਰਚ ਇੰਜਣ ਉੱਤੇ ਫੈਲਾਈਆਂ ਜਾ ਰਹੀਆਂ ‘ਫੇਕ ਨਿਊਜ਼’ (ਫਰਜ਼ੀ ਖਬਰਾਂ) ਦੇ ਖਿਲਾਫ ਜੰਗ ਵਿੱਚ ਸਰਚ ਇੰਜਣ ਗੂਗਲ, ਫੇਸਬੁੱਕ ਅਤੇ ਟਵਿੱਟਰ ਸਮੇਤ ਹੋਰ ਵੈਬਸਾਈਟਾਂ ਮਿਲ ਕੰਮ ਕਰਨਗੇ। ਇਹ ਸਾਰੇ ਫੇਕ ਨਿਊਜ਼ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ ‘ਦ ਟਰੱਸਟ ਪ੍ਰਾਜੈਕਟ’ ਦਾ ਹਿੱਸਾ ਬਣਨਗੇ। ਇਸ ਦੇ ਜ਼ਰੀਏ ਪਾਠਕ ਖਬਰ ਦੇ ਵਸੀਲੇ ਦੇ ਬਾਰੇ ਜਾਣ ਸਕਣਗੇ।
ਇਹ ਮੁਹਿੰਮ ਸਾਂਟਾ ਕਲਾਰਾ ਯੂਨੀਵਰਸਿਟੀ ਦੇ ਮਾਰਕਕੁਲਾ ਸੈਂਟਰ ਫਾਰ ਅਪਲਾਈਡ ਦੇ ਡਾਇਰੈਕਟਰ ਅਤੇ ਪੱਤਰਕਾਰ ਸੈਲੀ ਲੇਹਮਨ ਵੱਲੋਂ ਸ਼ੁਰੂ ਕੀਤਾ ਗਿਆ ਹੈ। ਫੇਸਬੁੱਕ ਦੇ ਇਸ ਨਾਲ ਜੁੜਨ ਪਿੱਛੋਂ ਉਸ ਉਤੇ ਆਉਣ ਵਾਲੀ ਹਰ ਖਬਰ ਜਾਂ ਲੇਖ ਦੇ ਨਾਲ ਇਕ ਆਈਕਨ ਦਿੱਸੇਗਾ। ਇਸ ਆਈਕਨ ਨੂੰ ਕਲਿੱਕ ਕਰਦੇ ਸਾਰ ਯੂਜ਼ਰ ਨੂੰ ਖਬਰ ਜਾਂ ਲੇਖ ਦੇ ਵਸੀਲੇ ਅਤੇ ਲੇਖਕ ਦੇ ਕੰਮ ਕਰਨ ਦਾ ਤਰੀਕਾ ਵੀ ਪਤਾ ਲੱਗੇਗਾ। ਇਸ ਟਰੱਸਟ ਇੰਡੀਕੇਟਰ ਆਈਕਨ ‘ਚ ਯੂਜ਼ਰ ਇਹ ਵੀ ਦੇਖ ਸਕਣਗੇ ਕਿ ਉਹ ਜੋ ਪੜ੍ਹ ਰਹੇ ਹਨ, ਉਹ ਇਸ਼ਤਿਹਾਰ ਹੈ ਜਾਂ ਲੇਖਕ ਦੀ ਆਪਣੀ ਰਾਇ। ਛੇਤੀ ਹੀ ‘ਦ ਇਕੋਨਾਮਿਸਟ’, ‘ਵਾਸ਼ਿੰਗਟਨ ਪੋਸਟ’ ਅਤੇ ਜਰਮਨ ਪ੍ਰੈਸ ਏਜੰਸੀ ਸਮੇਤ ਕਈ ਮੀਡੀਆ ਕੰਪਨੀਆਂ ਇਸ ਟਰੱਸਟ ਇੰਡੀਕੇਟਰ ਦੀ ਵਰਤੋਂ ਸ਼ੁਰੂ ਕਰ ਦੇਣਗੀਆਂ। ਸੈਲੀ ਲੇਹਮਨ ਨੇ ਕਿਹਾ ਕਿ ‘ਇੰਡੀਕੇਟਰ’ ਦੇ ਵਰਤਣ ਨਾਲ ਖਬਰ ਹੀ ਨਹੀਂ, ਬਲਕਿ ਲੇਖਕ ਦੀ ਜਵਾਬਦੇਹੀ ਵੀ ਵੱਧ ਜਾਵੇਗੀ।
ਵਰਨਣ ਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਅਤੇ ਹੋਰ ਸਰਚ ਇੰਜਣਾਂ ਉੱਤੇ ਫਰਜ਼ੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਕਾਰਨ ਪਾਠਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੁਹਿੰਮ ਤਹਿਤ ਇਨ੍ਹਾਂ ਫਰਜ਼ੀ ਤੇ ਭੁਲੇਖਾ ਪਾਊ ਖਬਰਾਂ ਤੋਂ ਪਾਠਕਾਂ ਨੂੰ ਚੌਕਸ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਅਜਿਹੀਆਂ ਖਬਰਾਂ ‘ਤੇ ਰੋਕ ਲਗਾਈ ਜਾਵੇਗੀ।