‘ਫੇਕ ਨਿਊਜ਼’ ਐਤਕੀਂ ਵਰਡ ਆਫ ਦਾ ਈਅਰ ਬਣ ਗਿਆ


ਲੰਡਨ, 3 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਤਾਰ ਵਰਨਣ ਨਾਲ ਚਰਚਾ ਵਿੱਚ ਆਏ ਸ਼ਬਦ ‘ਫੇਕ ਨਿਊਜ਼’ ਨੂੰ ਕਾੱਲਿਨਸ ਡਿਕਸ਼ਨਰੀ ਨੇ ਵਰਡ ਆਫ ਦਾ ਈਅਰ 2017 ਐਲਾਨਿਆ ਹੈ।
ਦੁਨੀਆ ਭਰ ਵਿੱਚ ਇਸ ਸ਼ਬਦ ‘ਫੇਕ ਨਿਊਜ਼’ ਦੀ ਵੱਡੀ ਵਰਤੋਂ ਕਾਰਨ ਕਾੱਲਿਨਸ ਡਿਕਸ਼ਨਰੀ ਨੇ ਇਹ ਫੈਸਲਾ ਲਿਆ। ਬ੍ਰਿਟੇਨ ਦੇ ਇਸ ਸ਼ਬਦਕੋਸ਼ ਨੇ ਪਾਇਆ ਕਿ ਫੇਕ ਨਿਊਜ਼ ਯਾਨੀ ਫਰਜ਼ੀ ਖਬਰ ਦੇ ਇਸਤੇਮਾਲ ਵਿੱਚ ਪਿਛਲੇ 12 ਮਹੀਨਿਆਂ ਵਿੱਚ 365 ਫੀਸਦੀ ਦਾ ਵਾਧਾ ਹੋਇਆ ਹੈ। 2016 ਵਿੱਚ ਰਾਸ਼ਟਰਪਤੀ ਚੋਣਾਂ ਲੜਨ ਵਾਲੇ ਟਰੰਪ ਨੇ ਮੀਡੀਆ ਕਵਰੇਜ ਨੂੰ ਵਿਰੋਧੀ ਧਿਰ ਦੀ ਕਵਰੇਜ ਕਰਾਰ ਦਿੰਦੇ ਹੋਏ ਲਗਾਤਾਰ ਇਸ ਸ਼ਬਦ ਦਾ ਇਸਤੇਮਾਲ ਕੀਤਾ ਸੀ।
ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੇ ਵੱਖ ਹੋਣ ਵੇਲੇ ਜੂਨ 2016 ਵਿੱਚ ਹੋਈ ਰਾਏਸ਼ੂਮਾਰੀ ਦੇ ਬਾਅਦ ਗਲਤ ਖਬਰਾਂ ਲਈ ਇਕ ਨਿਸ਼ਚਿਤ ਨਾਮ ‘ਫੇਕ ਨਿਊਜ਼’ ਦਿੱਤਾ ਗਿਆ ਸੀ। ਇਸ ਤੋਂ ਪਹਿਲਾ ਫੇਕ ਨਿਊਜ਼ ਸ਼ਬਦ ਨੂੰ ਗਲਤ, ਸਨਸਨੀ ਖੇਜ਼, ਸਮਾਚਾਰ ਰਿਪੋਰਟਿੰਗ ਦੀ ਆੜ ਵਿੱਚ ਪ੍ਰਸਾਰਿਤ ਗਲਤ ਜਾਣਕਾਰੀ ਕਿਹਾ ਜਾਂਦਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਵਲੋਂ ਇਸਤੇਮਾਲ ਕੀਤੇ ਜਾਣ ਦੇ ਬਾਅਦ ਇਸ ਸ਼ਬਦ ਦੀ ਲੋਕਪ੍ਰਿਯਤਾ ਵਧੀ।