ਫੂਲਕਾ ਨੇ ਕਿਹਾ: ਖੁਦ ਅਮਰਿੰਦਰ ਸਿੰਘ ਨੇ ਵੀ ਖਾਲਿਸਤਾਨੀਆਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਸਨ

phoolka
ਚੰਡੀਗੜ੍ਹ, 14 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਨੇ ਕਿਹਾ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਤੇ ਸਤਿਕਾਰਤ ਸਿੱਖ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਦੱਸ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕੈਪਟਨ ਦੀ ਇੱਕ ਤਸਵੀਰ ਜਾਰੀ ਕਰ ਕੇ ਦੋਸ਼ ਲਾਇਆ ਕਿ ਉਨ੍ਹਾਂ ਖੁਦ ਕੈਨੇਡਾ ਵਿੱਚ ਖਾਲਿਸਤਾਨੀਆਂ ਦੀ ਸਟੇਜ ਤੋਂ ਸੰਬੋਧਨ ਕੀਤਾ ਸੀ ਤੇ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਨੂੰ ਬਚਾਉਣ ਲਈ ਸਾਜ਼ਿਸ਼ ਤਹਿਤ ਬੇਹੂਦਾ ਬਿਆਨ ਦਿੱਤਾ ਹੈ। ਫੂਲਕਾ ਵੱਲੋਂ ਜਾਰੀ ਤਸਵੀਰ ਵਿੱਚ ਕੈਪਟਨ ਕੈਨੇਡਾ ਦੀ ਇੱਕ ਸਟੇਜ, ਜਿਸ ਉਪਰ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੈ, ਸੰਬੋਧਨ ਕਰਦੇ ਨਜ਼ਰ ਆ ਰਹੇ ਹਨ।
ਪ੍ਰਸਿੱਧ ਵਕੀਲ ਅਤੇ ਵਿਧਾਇਕ ਐਚ ਐਸ ਫੁੂਲਕਾ ਨੇ ਦੋਸ਼ ਲਾਇਆ ਕਿ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਵਿਧਾਨ ਸਭਾ ਵੱਲੋਂ 1984 ਦੇ ਕਾਂਡ ਨੂੰ ਦੰਗੇ ਦੀ ਥਾਂ ਕਤਲੇਆਮ ਦਾ ਮਤਾ ਪਾਸ ਕਰਨ ਤੋਂ ਕੈਪਟਨ ਬੌਖਲਾਏ ਜਾਪਦੇ ਹਨ। ਉਨ੍ਹਾਂ ਨੂੰ ਡਰ ਹੈ ਕਿ ਇਹੋ ਮਤਾ ਜੇ ਕੈਨੇਡਾ ਦੀ ਪਾਰਲੀਮੈਂਟ ਪਾਸ ਕਰ ਸਕਦੀ ਹੈ ਤਾਂ ਇਸ ਪਿੱਛੋਂ ਇਹ ਮੁੱਦਾ ਭਾਰਤੀ ਪਾਰਲੀਮੈਂਟ ਵਿੱਚ ਭਖ ਸਕਦਾ ਹੈ, ਜਿਸ ਲਈ ਉਹ ਆਪਣੀ ਪਾਰਟੀ ਤੇ ਸਿੱਖਾਂ ਦੇ ਕਤਲੇਆਮ ਦੇ ਜ਼ਿੰਮੇਵਾਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਰਗਿਆਂ ਨੂੰ ਬਚਾਉਣ ਲਈ ਸੱਜਣ ਵਰਗੇ ਸਿੱਖ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਜਣ ਕੈਨੇਡਾ ਦੇ ਰੱਖਿਆ ਮੰਤਰੀ ਬਣਨ ਪਿੱਛੋਂ ਪਹਿਲੀ ਵਾਰ ਹਰਿਮੰਦਰ ਸਾਹਿਬ ਮੱਥਾ ਟੇਕਣ ਆ ਰਹੇ ਹਨ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿੱਜੀ ਤੇ ਸਿਆਸੀ ਕਿੜਾਂ ਕੱਢਣ ਦੀ ਥਾਂ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਸਮਝਦਿਆਂ ਸੱਜਣ ਦਾ ਸਵਾਗਤ ਕਰਨਾ ਚਾਹੀਦਾ ਹੈ।