ਫੂਲਕਾ ਤੇ ਖਹਿਰਾ ਨੂੰ ਸਹੁੰ ਚੁੱਕ ਸਮਾਗਮ ਮੌਕੇ ਕੁਰਸੀ ਤੱਕ ਨਹੀਂ ਦਿੱਤੀ ਗਈ

phoolka* ਪੰਡਾਲ ਦੇ ਪਿੱਛੇ ਲਾਈਨ ਵਿੱਚ ਖੜੇ ਰਹੇ ਫੂਲਕਾ ਤੇ ਖਹਿਰਾ
ਚੰਡੀਗੜ੍ਹ, 16 ਮਾਰਚ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਐਚ ਐਸ ਫੂਲਕਾ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੌਰਾਨ ਪੰਜਾਬ ਰਾਜ ਭਵਨ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਕੁਰਸੀਆਂ ਵੀ ਨਹੀਂ ਦਿੱਤੀਆਂ ਗਈਆਂ ਤੇ ਇਨ੍ਹਾਂ ਨੂੰ ਪਿੱਛੇ ਆਮ ਲੋਕਾਂ ਵਿੱਚ ਖੜੋ ਕੇ ਸਮਾਗਮ ਦੇਖਣ ਲਈ ਮਜਬੂਰ ਹੋਣਾ ਪਿਆ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐੱਚ ਐੱਣ ਫੂਲਕਾ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਂਗਰਸੀ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੇ ਮਾੜੇ ਪ੍ਰਬੰਧਾਂ ਨੇ ਇਸ ਪਾਰਟੀ ਦੀ ਗੰਭੀਰਤਾ ਜ਼ਾਹਰ ਕਰ ਦਿੱਤੀ ਹੈ। ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਵਿਰੋਧੀ ਧਿਰ ਦੇ ਆਗੂ ਅਤੇ ਵਿਧਾਇਕਾਂ ਨੂੰ ਕੁਰਸੀਆਂ ਵੀ ਨਹੀਂ ਮਿਲੀਆਂ। ਆਪ ਪਾਰਟੀ ਦੇ ਵਿਧਾਇਕ ਦਲ ਦੇ ਚੀਫ ਵ੍ਹਿਪ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ‘ਆਪ’ ਪਾਰਟੀ ਦੇ ਵਿਧਾਇਕਾਂ ਨੂੰ ਕੁਰਸੀਆਂ ਨਾ ਦੇਣ ਤੋਂ ਕੈਪਟਨ ਅਮਰਿੰਦਰ ਸਿੰਘ ਦੀ ‘ਰਾਜਾਸ਼ਾਹੀ ਸੋਚ’ ਦੀ ਝਲਕ ਨਜ਼ਰ ਆ ਗਈ ਹੈ।
ਐੱਚ ਐੱਸ ਫੂਲਕਾ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਸੱਦੇ ਉੱਤੇ ਰਾਜ ਭਵਨ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਸਟੇਜ ਅੱਗੇ ਪੰਡਾਲ ਦੇ ਸੱਜੇ ਪਾਸੇ ਸੀਟਾਂ ਉੱਤੇ ਬੈਠਣ ਲਈ ਕਿਹਾ ਸੀ, ਪਰ ਜਦੋਂ ਉਹ ਉਥੇ ਪੁੱਜੇ ਤਾਂ ਸਾਰੀਆਂ ਸੀਟਾਂ ਭਰੀਆਂ ਹੋਈਆਂ ਸਨ। ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ, ਪਰ ਬਾਕੀ ਵਿਧਾਇਕਾਂ ਨੂੰ ਕਿਸੇ ਨੇ ਕੁਰਸੀਆਂ ਦੇਣ ਦੀ ਲੋੜ ਨਹੀਂ ਸਮਝੀ। ਉਨ੍ਹਾਂ ਨੇ ਆਮ ਲੋਕਾਂ ਨਾਲ ਖੜੋ ਕੇ ਸਹੁੰ ਚੁੱਕ ਸਮਾਗਮ ਵਿੱਚ ਹਾਜ਼ਰੀ ਭਰੀ। ਫੂਲਕਾ ਨੇ ਕਿਹਾ ਕਿ ਸਰਕਾਰ ਦੇ ਇਸ ਸਲੂਕ ਦੇ ਬਾਵਜੂਦ ਉਹ ਪੂਰੀ ਜ਼ਿੰਮੇਵਾਰੀ ਨਾਲ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੇ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਂਗਰਸ ਰਾਜਾਸ਼ਾਹੀ ਸਭਿਆਚਾਰ ਵਿੱਚੋਂ ਬਾਹਰ ਨਹੀਂ ਆਈ ਤੇ ਪੰਜਾਬ ਦੇ ਲੋਕ ਇਸ ਸੋਚ ਨੂੰ ਬਰਦਾਸ਼ਤ ਨਹੀਂ ਕਰਨਗੇ।