ਫੁੱਟਬਾਲ ਵਿਸ਼ਵ ਕੱਪ: ਇੰਗਲੈਂਡ ਨੇ ਪਨਾਮਾ ਉੱਤੇ ਇਤਿਹਾਸਕ ਜਿੱਤ ਨਾਲ ਆਖਰੀ 16 ਵਿੱਚ ਥਾਂ ਬਣਾਈ

ਨਿਜ਼ਨੀ ਨੋਵਗੋਰੋਦ (ਰੂਸ), 24 ਜੂਨ, (ਪੋਸਟ ਬਿਊਰੋ)- ਕਪਤਾਨ ਹੈਰੀਕੇਨ ਦੇ ਗੋਲਾਂ ਦੀ ਹੈਟ੍ਰਿਕ ਨਾਲ ਇੰਗਲੈਂਡ ਨੇ ਅੱਜ ਸੰਸਾਰ ਫੁੱਟਬਾਲ ਕੱਪ ਗਰੁੱਪ ‘ਜੀ’ ਦੇ ਆਪਣੇ ਦੂਸਰੇ ਮੈਚ ਵਿੱਚ ਪਨਾਮਾ ਨੂੰ 6-1 ਗੋਲਾਂ ਨਾਲ ਹਰਾ ਕੇ ਲਗਾਤਾਰ ਦੂਸਰੀ ਜਿੱਤ ਨਾਲ ਆਖ਼ਰੀ 16 ਟੀਮਾਂ ਵਿੱਚ ਜਾਣ ਦੇ ਲਈ ਕੁਆਲੀਫਾਈ ਕਰ ਲਿਆ ਹੈ। ਵਿਸ਼ਵ ਕੱਪ ਫਾਈਨਲਜ਼ ਵਾਲੇ ਇਤਿਹਾਸ ਵਿੱਚ ਇੰਗਲੈਂਡ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਟੀਮ ਨੇ 1966 ਵਿੱਚ ਖ਼ਿਤਾਬ ਜਿੱਤਣ ਪਿੱਛੋਂ ਪਹਿਲੀ ਵਾਰੀ ਵਿਸ਼ਵ ਕੱਪ ਦੇ ਕਿਸੇ ਮੈਚ ਵਿੱਚ ਚਾਰ ਤੋਂ ਵੱਧ ਗੋਲ ਕੀਤੇ ਹਨ।
ਨਿਜ਼ਨੀ ਨੋਵਗੋਰੋਦ ਸਟੇਡੀਅਮ ਵਿੱਚ ਹੈਰੀਕੇਨ ਵੱਲੋਂ (22ਵੇਂ, 45+1 ਅਤੇ 62ਵੇਂ ਮਿੰਟ) ਹੈਟ੍ਰਿਕ ਤੋਂ ਇਲਾਵਾ ਇੰਗਲੈਂਡ ਵੱਲੋਂ ਜੌਨ ਸਟੌਨਜ਼ (8ਵੇਂ ਅਤੇ 40ਵੇਂ ਮਿੰਟ) ਨੇ ਦੋ, ਜਦ ਕਿ ਜੇਸੀ ਲਿੰਗਾਰਡ (36ਵੇਂ ਮਿੰਟ) ਨੇ ਇੱਕ ਗੋਲ ਕੀਤਾ। ਪਨਾਮਾ ਵੱਲੋਂ ਇੱਕੋ-ਇੱਕ ਗੋਲ ਫੇਲਿਪ ਬੇਲੋਏ (78ਵੇਂ ਮਿੰਟ) ਨੇ ਕੀਤਾ, ਜਿਹੜਾ ਉਸ ਟੀਮ ਦਾ ਵਿਸ਼ਵ ਕੱਪ ਦੇ ਦੌਰਾਨ ਪਹਿਲਾ ਗੋਲ ਹੈ। ਕੇਨ ਇਸ ਵਿਸ਼ਵ ਕੱਪ ਵਿੱਚ ਪੰਜ ਗੋਲਾਂ ਨਾਲ ਗੋਲਡਨ ਬੂਟ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ। ਉਹ ਵਿਸ਼ਵ ਕੱਪ ਵਿੱਚ ਹੈਟ੍ਰਿਕ ਮਾਰਨ ਵਾਲਾ ਇੰਗਲੈਂਡ ਦਾ ਤੀਜਾ ਖਿਡਾਰੀ ਹੈ। ਉਸ ਤੋਂ ਪਹਿਲਾਂ ਜਿਯੌਫ਼ ਹਸਰਟ 1996 ਵਿੱਚ, ਜਦ ਕਿ ਗੈਰੀ ਲਿਨੇਕਰ 1986 ਵਿੱਚ ਇਹ ਕਾਰਨਾਮਾ ਕਰ ਚੁੱਕੇ ਹਨ।
ਅੱਜ ਇੰਗਲੈਂਡ ਦੀ ਜਿੱਤ ਹੋਣ ਨਾਲ ਬੈਲਜੀਅਮ ਨੇ ਵੀ ਗਰੁੱਪ ‘ਜੀ’ ਵਿੱਚੋਂ ਆਖ਼ਰੀ-16 ਵਿੱਚ ਥਾਂ ਬਣਾ ਲਈ ਹੈ। ਬੈਲਜੀਅਮ ਦੀ ਟੀਮ ਇੰਗਲੈਂਡ ਵਾਂਗ ਆਪਣੇ ਦੋਵੇਂ ਮੈਚ ਜਿੱਤ ਕੇ ਛੇ ਅੰਕ ਲੈ ਚੁੱਕੀ ਹੈ ਤੇ ਦੋਵਾਂ ਟੀਮਾਂ ਦਾ ਗੋਲ ਫ਼ਰਕ ਵੀ +6 ਹੈ। ਪਨਾਮਾ ਟੀਮ ਲਗਾਤਾਰ ਦੋ ਹਾਰਾਂ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ ਤੇ ਆਪਣੇ ਪਹਿਲੇ ਦੋ ਮੈਚ ਹਾਰ ਚੁੱਕੀ ਟਿਊਨਿਸ਼ੀਆ ਟੀਮ ਦਾ ਸਫ਼ਰ ਵੀ ਗਰੁੱਪ ਗੇੜ ਵਿੱਚ ਰੁਕ ਚੁੱਕਾ ਹੈ।
ਇਨ੍ਹਾਂ ਦੋਵਾਂ ਤੋਂ ਬਿਨਾ ਇਸ ਵਿਸ਼ਵ ਕੱਪ ਦੀਆਂ ਆਖਰੀ ਸੋਲਾਂ ਟੀਮਾਂ ਲਈ ਗਰੁੱਪ ‘ਏ’ ਵਿੱਚੋਂ ਰੂਸ ਤੇ ਉਰੂਗੁਏ, ਗਰੁੱਪ ‘ਸੀ’ ਵਿੱਚੋਂ ਫਰਾਂਸ, ਗਰੁੱਪ ‘ਡੀ’ ਵਿੱਚੋਂ ਕਰੋਏਸ਼ੀਆ ਅਤੇ ਗਰੁੱਪ ‘ਐੱਫ’ ਵਿੱਚੋਂ ਮੈਕਸੀਕੋ ਦੀਆਂ ਟੀਮਾਂ ਆਪਣੀ ਥਾਂ ਬਣਾ ਚੁੱਕੀਆਂ ਹਨ ਤੇ ਬਾਕੀ ਟੀਮਾਂ ਇਸ ਵਕਤ ਸੰਘਰਸ਼ ਕਰ ਰਹੀਆਂ ਹਨ।