ਫੀਸ ਨਾ ਭਰਨ ਉੱਤੇ ਸਕੂਲ ਨੇ 19 ਬੱਚੇ ਬੰਦੀ ਬਣਾ ਲਏ

hostages
ਹੈਦਰਾਬਾਦ, 20 ਮਾਰਚ (ਪੋਸਟ ਬਿਊਰੋ)- ਜਦੋਂ ਮਾਪੇ ਸਕੂਲ ਦੀ ਫੀਸ ਸਮੇਂ ਸਿਰ ਅਦਾ ਨਹੀਂ ਕਰ ਸਕੇ ਤਾਂ ਏਥੇ ਇੱਕ ਨਿੱਜੀ ਸਕੂਲ ਨੇ ਆਪਣੇ 19 ਵਿਦਿਆਰਥੀਆਂ ਨੂੰ ਸਕੂਲ ਵਿੱਚ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਬੰਦੀ ਬਣਾਈ ਰੱਖਿਆ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਉਮਰ ਤਕਰੀਬਨ ਪੰਜ ਸਾਲ ਦੀ ਸੀ।
ਹਿਆਤਨਗਰ ਥਾਣੇ ਦੇ ਇੰਸਪੈਕਟਰ ਜੇ ਨਰਿੰਦਰ ਗੌੜ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਨੇ ਇਨ੍ਹਾਂ ਬੱਚਿਆਂ ਨੂੰ ਸਾਲਾਨਾ ਪ੍ਰੀਖਿਆ ਵਿੱਚ ਬੈਠਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ। ਪੁਲਸ ਅਧਿਕਾਰੀ ਦੇ ਦੱਸਣ ਮੁਤਾਬਕ ਜਿਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਨੇ ਅੰਦਰ ਡੱਕਿਆ ਸੀ, ਉਨ੍ਹਾਂ ਵਿੱਚੋਂ ਕੁਝ ਪਹਿਲੀ ਜਮਾਤ ਦੇ ਸਨ। ਉਨ੍ਹਾਂ ਨੇ ਦੱਸਿਆ ਕਿ ਸਕੂਲ ਵਾਲਿਆਂ ਨੇ ਵਿਦਿਆਰਥੀਆਂ ਨੂੰ ਬੰਦੀ ਬਣਾ ਲਿਆ, ਕਿਉਂਕਿ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਫੀਸ ਭਰਨ ਵਿੱਚ ਦੇਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਦਖਲ ਦੇਣ ਤੋਂ ਬਾਅਦ ਉਨ੍ਹਾਂ ਬੱਚਿਆਂ ਨੂੰ ਰਿਹਾਅ ਕੀਤਾ ਗਿਆ ਤੇ ਇਮਤਿਹਾਨ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਗਈ। ਪੁਲਸ ਅਧਿਕਾਰੀ ਦੇ ਦੱਸਣ ਮੁਤਾਬਕ ਇੱਕ ਵਿਦਿਆਰਥੀ ਦੇ ਮਾਤਾ-ਪਿਤਾ ਦੀ ਸ਼ਿਕਾਇਤ ‘ਤੇ ਪੁਲਸ ਨੇ ਸਕੂਲ ਪ੍ਰਬੰਧਕਾਂ ਵਿਰੁੱਧ ਆਈ ਪੀ ਸੀ ਦੀ ਧਾਰਾ 342 (ਗਲਤ ਤਰੀਕਿਆਂ ਨਾਲ ਬੰਦੀ ਬਣਾਉਣ) ਅਤੇ ਬਚਪਣ ਨਿਆਂ ਨਿਯਮ ਦੀਆਂ ਧਾਰਾਵਾਂ ਦਾ ਮਾਮਲਾ ਦਰਜ ਕਰ ਲਿਆ ਹੈ।