ਫਿਲੀਪੀਨ ਦੀ ਨਸ਼ਾ ਵਿਰੋਧੀ ਮੁਹਿੰਮ ਖਿਲਾਫ ਟਰੂਡੋ ਨੇ ਪ੍ਰਗਟਾਈ ਚਿੰਤਾ


ਫਿਲੀਪੀਨ ਦੇ ਰਾਸ਼ਟਰਪਤੀ ਹੋਏ ਖਫਾ
ਮਨੀਲਾ, ਫਿਲੀਪੀਨਜ਼, 14 ਨਵੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਿਲੀਪੀਨ ਦੇ ਰਾਸ਼ਟਰਪਤੀ ਰੌਡਰਿਗੋ ਡਿਊਟਰਟੇ ਨਾਲ ਉਨ੍ਹਾਂ ਦੇ ਦੇਸ਼ ਵਿੱਚ ਸਿੱਧੇ ਤੌਰ ਉੱਤੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦਾ ਮੁੱਦਾ ਉਠਾਇਆ। ਉੱਥੇ ਸਕਿਊਰਿਟੀ ਬਲਾਂ ਵੱਲੋਂ ਲੋਕਾਂ ਦੇ ਕੀਤੇ ਜਾ ਰਹੇ ਕਤਲ ਨੂੰ ਜਿੱਥੇ ਟਰੂਡੋ ਨੇ ਗਲਤ ਦੱਸਿਆ ਉੱਥੇ ਹੀ ਬਾਅਦ ਵਿੱਚ ਫਿਲੀਪੀਨ ਦੇ ਰਾਸ਼ਟਰਪਤੀ ਨੇ ਇਸ ਨੂੰ ਆਪਣੀ ਨਿਜੀ ਤੇ ਸਰਕਾਰੀ ਤੌਰ ਉੱਤੇ ਕੀਤੀ ਗਈ ਬੇਇਜ਼ਤੀ ਦੱਸਿਆ।
ਮਨੀਲਾ ਵਿੱਚ ਸਾਊਥਈਸਟ ਏਸ਼ੀਆਈ ਦੇਸ਼ਾਂ ਨਾਲ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਉਨ੍ਹਾਂ ਡਿਊਟਰਟੇ ਨੂੰ ਫਿਲੀਪੀਨਜ਼ ਵਿੱਚ ਸਹੀ ਢੰਗ ਨਾਲ ਕਾਨੂੰਨ ਲਾਗੂ ਕਰਨ ਲਈ ਸਮਝਾਇਆ ਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਵੀ ਕੀਤੀ। ਟਰੂਡੋ ਨੇ ਆਖਿਆ ਕਿ ਡਿਊਟਰਟੇ ਵੱਲੋਂ ਡਰੱਗ ਸਮਗਲਰਾਂ ਤੇ ਨਸਿ਼ਆਂ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕੀਤੀ ਗਈ ਹਿੰਸਕ ਕਾਰਵਾਈ ਕਾਰਨ ਹਜ਼ਾਰਾਂ ਲੋਕ ਮਾਰੇ ਗਏ। ਟਰੂਡੋ ਨੇ ਆਖਿਆ ਕਿ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੀ ਗੱਲ ਨੂੰ ਬੜਾ ਸਕਾਰਾਤਮਕ ਢੰਗ ਨਾਲ ਲਿਆ ਗਿਆ।
ਪਰ ਇੱਥੇ ਡਿਊਟਰਟੇ ਦੇ ਵਿਚਾਰ ਟਰੂਡੋ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਬਾਅਦ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਟਰੂਡੋ ਨਾਲ ਹੋਈ ਗੱਲਬਾਤ ਦਾ ਜਿ਼ਕਰ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਇਹ ਗੱਲਬਾਤ ਆਪਣੀ ਬੇਇਜ਼ਤੀ ਲੱਗੀ। ਉਨ੍ਹਾਂ ਆਖਿਆ ਕਿ ਤੁਸੀਂ ਬਾਹਰੋਂ ਆ ਕੇ ਇਹ ਨਹੀਂ ਪਤਾ ਲਾ ਸਕਦੇ ਕਿ ਸਾਡੇ ਦੇਸ਼ ਵਿੱਚ ਅਸਲ ਵਿੱਚ ਕੀ ਹੋ ਰਿਹਾ ਹੈ। ਤੁਸੀਂ ਇਸ ਦੀ ਕੋਈ ਜਾਂਚ ਵੀ ਨਹੀਂ ਕਰਦੇ। ਇਸ ਨਾਲ ਸਾਨੂੰ ਗੁੱਸਾ ਆਉਂਦਾ ਹੈ।
ਡਿਊਟਰਟੇ ਇਸ ਤਰ੍ਹਾਂ ਦੀ ਆਲੋਚਨਾ ਨੂੰ ਲੈ ਕੇ ਕਾਫੀ ਸੰਵੇਦਨਸ਼ੀਲ ਹਨ। ਕੁੱਝ ਸਮਾਂ ਪਹਿਲਾਂ ਜਦੋਂ ਫਿਲੀਪੀਨ ਦੀ ਨਸ਼ਾ ਵਿਰੋਧੀ ਕੈਂਪੇਨ ਉੱਤੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਤਤਕਾਲੀ ਰਾਸ਼ਟਰਪਤੀ ਓਬਾਮਾ ਵੱਲੋਂ ਚਿੰਤਾ ਪ੍ਰਗਟਾਈ ਸੀ ਤਾਂ ਡਿਊਟਰਟੇ ਨੇ ਉਨ੍ਹਾਂ ਨੂੰ “ਸਨ ਆਫ ਅ ਬਿੱਚ” ਆਖਿਆ ਸੀ।