ਫਿਲਮ ਮਾਰਕੀਟਿੰਗ ਨਾਲ ਨਹੀਂ, ਕਹਾਣੀ ਨਾਲ ਚਲਦੀ ਹੈ : ਇਰਫਾਨ ਖਾਨ

irfan khan
ਹਿੰਦੀ ਸਿਨੇਮਾ ਤੋਂ ਹਾਲੀਵੁੱਡ ਤੱਕ ਅਦਾਕਾਰੀ ਦਾ ਝੰਡਾ ਲਹਿਰਾਉਣ ਵਾਲੇ ਇਰਫਾਨ ਖਾਨ ਦੀ ਇੱਕ ਹੀ ਭਾਸ਼ਾ ਹੈ ਅਦਾਕਾਰੀ। ਜਿਸ ਦੇ ਜ਼ਰੀਏ ਦੇਸ਼-ਵਿਦੇਸ਼ ਦੇ ਪ੍ਰਸ਼ੰਸਕਾਂ ਨੂੰ ਖੁਦ ਨਾਲ ਜੋੜ ਰਹੇ ਹਨ। ਇਰਫਾਨ ਦੀ ਫਿਲਮੋਗਰਾਫੀ ਵਿੱਚ ਕਈ ਸੰਜੀਦਾ ਵਿਸ਼ਿਆਂ ‘ਤੇ ਬਣੀਆਂ ਫਿਲਮਾਂ ਜੁੜੀਆਂ ਹਨ, ਇਨ੍ਹਾਂ ਕਹਾਣੀਆਂ ਨੂੰ ਇਰਫਾਨ ਦੇ ਬਿਨਾ ਕਹਿ ਸਕਣਾ ਮੁਸ਼ਕਲ ਹੁੰਦਾ। ਸਕੂਲ ਵਿੱਚ ਦਾਖਲੇ ਲਈ ਮਾਤਾ-ਪਿਤਾ ਦੀ ਮਸ਼ੱਕਤ ਉੱਤੇ ਬਣੀ ਫਿਲਮ ‘ਹਿੰਦੀ ਮੀਡੀਅਮ’ ਸਿਰਫ ਡਾਕੂਮੈਂਟਰੀ ਬਣ ਜਾਂਦੀ, ਜੇ ਇਸ ਵਿੱਚ ਇਰਫਾਨ ਦੇ ਕਾਮਿਕ ਅੰਦਾਜ਼ ਦਾ ਤੜਕਾ ਨਾ ਲੱਗਾ ਹੁੰਦਾ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਇਰਫਾਨ ਖਾਨ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਹਿੰਦੀ ਮਾਧਿਅਮ ਦਰਸਾਉਣ ਲਈ ਪਾਟਿਆ ਬੂਟ ਪੋਸਟਰ ਉੱਤੇ ਦਿਖਾਇਆ ਗਿਆ, ਅਜਿਹਾ ਕਿਉਂ?
– ਇਹ ਉਸ ਮਾਨਸਿਕਤਾ ਨੂੰ ਦਰਸਾਉਂਦਾ ਹੈ ਜਿਸ ਵਿੱਚ ਸਮਝਿਆ ਜਾਂਦਾ ਹੈ ਕਿ ਅੰਗਰੇਜ਼ੀ ਨਹੀਂ ਆਉਂਦੀ ਤਾਂ ਕੁਝ ਨਹੀਂ ਆਉਂਦਾ। ਇਸ ਦਾ ਇੱਕ ਨਹੀਂ, ਕਈ ਕਾਰਨ ਹਨ। ਅੰਗਰੇਜ਼ਾਂ ਨੇ ਸਾਡੇ ਉੱਤੇ ਰਾਜ਼ ਕੀਤਾ ਹੈ, ਅਸੀਂ ਸਿਰਫ ਪੱਛਮ ਦਾ ਪਿੱਛਾ ਕਰਦੇ ਹਾਂ। ਅੰਗਰੇਜ਼ ਉਥੇ ਰਹਿ ਕੇ ਸਾਨੂੰ ਦੱਸਦੇ ਹਨ ਕਿ ਕੀ ਪਹਿਨਣਾ ਹੈ। ਸਾਡਾ ਫੈਸ਼ਨ ਕੀ ਹੋਵੇ, ਰਿਸ਼ਤੇ ਕਿਵੇਂ ਨਿਭਾਉਣੇ ਹਨ, ਸਭ ਕੁਝ ਉਹ ਤੈਅ ਕਰਦੇ ਹਨ। ਜਦ ਕਦਮ ਸਾਡੇ ਨਹੀਂ ਤਾਂ ਅਸੀਂ ਬੂਟ ਪਾੜ ਦਿੱਤਾ।
* ਪਾਕਿਸਤਾਨ ਤੋਂ ਸਬਾ ਕਮਰ, ਈਰਾਨੀ ਮੂਲ ਦੀ ਗੁਲਸ਼ਿਫਤੇ ਫਰਹਾਨੀ, ਹਿੰਦੀ ਅਭਿਨੇਤਰੀ ਦੇ ਨਾਲ ਕੰਮ ਕਰ ਰਹੇ ਹੋ ਤੁਸੀਂ?
– ਕਲਾਕਾਰ ਦੇ ਲਈ ਪੂਰੀ ਦੁਨੀਆ ਉਸ ਦੀ ਹੈ। ਕਿਸੇ ਵੀ ਪ੍ਰਾਂਤ ਦੇ ਐਕਟਰ ਹੋਵੇ ਕਹਾਣੀ ਵਿੱਚ ਫਿਟ ਹੋਣਾ ਚਾਹੀਦਾ ਹੈ। ਜਿਵੇਂ ਹਾਲੀਵੁੱਡ ਵੀ ਇਥੋਂ ਦੀਆਂ ਅਭਿਨੇਤਰੀਆਂ ਨੂੰ ਲੈ ਜਾਵੇ ਤਾਂ ਉਸ ਵਿੱਚ ਵੈਰਾਇਟੀ ਆਉਂਦੀ ਹੈ। ਗੁਲਸ਼ਿਫਤੇ ਨੇ ਹਿੰਦੀ ਫਿਲਮ ਦਾ ਰੋਲ ਸਵੀਕਾਰ ਕੀਤਾ ਇਹ ਬਹੁਤ ਬਹਾਦਰੀ ਦੀ ਗੱਲ ਹੈ। ਉਸ ਨੇ ਹਿੰਦੀ ਬੋਲੀ ਅਤੇ ਅਸੀਂ ਉਸ ਨੂੰ ਡਬ ਕਰਨ ਦੇ ਬਜਾਏ ਉਵੇਂ ਹੀ ਰੱਖਿਆ। ਸਾਨੂੰ ਅਜਿਹੀ ਲੜਕੀ ਚਾਹੀਦੀ ਹੈ, ਜੋ ਗਾ ਵੀ ਸਕਦੀ ਹੋਵੇ, ਇਸ ਲਈ ਉਨ੍ਹਾਂ ਨੂੰ ਅਪਰੋਚ ਕੀਤਾ। ‘ਹਿੰਦੀ ਮੀਡੀਅਮ’ ਵਿਚ ਸਬਾ ਦੇ ਲਈ ਅਜਿਹੇ ਕਈ ਰੀਜ਼ਨ ਸਨ। ਸਾਨੂੰ ਚਾਹੀਦੀ ਸੀ ਕੋਈ ਚਟਪਟੀ ਲੜਕੀ, ਜੋ ਹੀਰੋਇਨ ਨਾ ਬਣ ਕੇ ਕਿਰਦਾਰ ਨਿਭਾਏ। ਫਿਲਮ ਦੀ ਡਿਮਾਂਡ ਅਨੁਸਾਰ ਸਬਾ ਵਿੱਚ ਪੰਜਾਬੀਅਤ ਦੇ ਇਲਾਵਾ ਸੈਂਸ ਆਫ ਹਿਊਮਰ ਵੀ ਹੈ।
* ਸਾਡੀਆਂ ਕਈ ਅਭਿਨੇਤਰੀਆਂ ਭਲਾ ਮਾਂ ਦੇ ਕਿਰਦਾਰ ਕਰਨ ਤੋਂ ਪ੍ਰਹੇਜ ਰੱਖਦੀਆਂ ਹਨ?
– ਹਿੰਦੀ ਫਿਲਮਾਂ ਦੀਆਂ ਅਭਿਨੇਤਰੀਆਂ ਮਾਂ ਦੇ ਰੋਲ ਨਿਭਾਉਣ ਲਈ ਤਿਆਰ ਹੀ ਨਹੀਂ ਹੁੰਦੀਆਂ। ਸਬਾ ਦੇ ਥਾਂ ਫਿਲਮ ਵਿੱਚ ਦੀਪਿਕਾ, ਪ੍ਰਿਅੰਕਾ, ਨਿਮਰਤ ਵੀ ਹੁੰਦੀਆਂ, ਤਾਂ ਇਹ ਕਹਾਣੀ ਬਹੁਤ ਖੂਬਸੂਰਤ ਬਣਦੀ। ਕਈ ਅਭਿਨੇਤਰੀਆਂ ਨੂੰ ਪ੍ਰਹੇਜ ਹੁੰਦਾ ਹੈ ਇਸ ਕਿਰਦਾਰ ਵਿੱਚ। ਟਾਪ ਹੀਰੋਇਨਾਂ ਦੇ ਕੋਲ ਵਕਤ ਹੀ ਨਹੀਂ, ਕਈ ਫਿਲਮਾਂ ਤੈਅ ਹਨ ਅਤੇ ਅਸੀਂ ਕੋਈ ਸਲਮਾਨ ਖਾਨ ਤਾਂ ਹੈ ਨਹੀਂ ਕਿ ਕੋਈ ਵੀ ਆਸਾਨੀ ਨਾਲ ਕੰਮ ਕਰੇ।
* ਫਿਲਮਾਂ ਬਣਦੀਆਂ ਹਿੰਦੀ ਵਿੱਚ ਅਤੇ ਪ੍ਰਮੋਟ ਅੰਗਰੇਜ਼ੀ ਵਿੱਚ ਹੁੰਦੀਆਂ ਹਨ?
-ਨਵੀਂ ਪੀੜ੍ਹੀ ਅੰਗਰੇਜ਼ੀ ਵੱਲ ਝੁਕਾਅ ਰੱਖਦੀ ਹੈ ਇਸ ਲਈ ਕਈ ਵਾਰ ਅੰਗਰੇਜ਼ੀਅਤ ਦਾ ਦਬਾਅ ਰਹਿੰਦਾ ਹੈ, ਪ੍ਰੰਤੂ ਕਾਰੋਬਾਰ ਹਿੰਦੀ ਭਾਸ਼ੀ ਖੇਤਰਾਂ ਤੋਂ ਆਏਗਾ, ਇਸ ਲਈ ਹਿੰਦੀ ਬੋਲਣਾ ਜ਼ਰੂਰੀ ਹੈ। ਜਿਸ ਵੱਡੇ ਤਬਕੇ ਦੀ ਸਮੱਸਿਆ ਹੈ ਬੱਚਿਆਂ ਦਾ ਸਕੂਲ ਵਿੱਚ ਦਾਖਲਾ, ਉਸ ਤੱਕ ਤਾਂ ਪਹੁੰਚਣਾ ਹੀ ਚਾਹੀਦੀ ਹੈ ਇਹ ਫਿਲਮ।
* ਅਭਿਨੇਤਾ ਲਈ ਅੰਗਰੇਜ਼ੀ ਜਾਨਣਾ ਕਿੰਨਾ ਕੁ ਜ਼ਰੂਰੀ ਹੈ?
– ਅੰਗਰੇਜ਼ੀ ਨਾ ਜਾਨਣ ‘ਤੇ ਐਕਟਰ ਨੂੰ ਸਿਰਫ ਸ਼ਾਰਟ ਟਰਮ ਦਾ ਅਸਰ ਹੋਵੇਗਾ। ਕਿਸੇ ਵੀ ਐਕਟਰ ‘ਤੇ ਲਾਂਗ ਟਰਮ ਅਸਰ ਨਹੀਂ ਪੈਂਦਾ। ਇਸ ਸਮੇਂ ਸਭ ਕੁਝ ਡਿਜੀਟਲ ਹੋ ਰਿਹਾ ਹੈ ਤੇ ਡਿਜੀਟਲ ਦਾ ਜ਼ਿਆਦਾ ਮਾਰਕੀਟ ਅੰਗਰੇਜ਼ੀ ਹੈ। ਅਜਿਹੇ ਵਿੱਚ ਤੁਹਾਡੀ ਅੰਗਰੇਜ਼ੀ ਚੰਗੀ ਨਹੀਂ ਹੈ ਤਾਂ ਗੱਲਬਾਤ ਸਹਿਜ ਨਹੀਂ ਹੋਵੇਗੀ। ਲੋਕਾਂ ਤੱਕ ਤੁਹਾਡੀ ਗੱਲ ਸਹੀ ਢੰਗ ਨਾਲ ਨਹੀਂ ਪਹੁੰਚ ਸਕੇਗੀ।
* ਤੁਸੀਂ ਫਿਲਮਾਂ ਤੈਅ ਕਰਦੇ ਸਮੇਂ ਕੀ ਦੇਖਦੇ ਹੋ?
– ਮੈਂ ਟ੍ਰਾਇਲ ਐਂਡ ਐਰਰ ਵਿੱਚ ਚੱਲ ਰਿਹਾ ਹਾਂ। ਜਦੋ ਕਹਾਣੀ ਮੈਨੂੰ ਪਸੰਦ ਆਵੇ ਤਾਂ ਕਰ ਲੈਂਦਾ ਹਾਂ। ਇਹ ਨਹੀਂ ਦੇਖਦਾ ਕਿ ਕਿੰਨੀ ਕਮਰਸ਼ੀਅਲ ਹੈ। ਨਿਰਮਾਤਾ ਦਾ ਪੈਸਾ ਲੱਗਾ ਹੈ ਇਸ ਲਈ ਲੱਗਦਾ ਹੈ ਕਿ ਕਹਾਣੀ ਤੇ ਪੇਸ਼ਕਾਰੀ ਦਰਸ਼ਕਾਂ ਦਾ ਮਨੋਰੰਜਨ ਕਰੇ। ਇਥੋਂ ਦਾ ਦਰਸ਼ਕ ਵਰਗ ਅਲੱਗ ਹੈ ਤਾਂ ਅਸੀਂ ਉਨ੍ਹਾਂ ਦੀ ਪਸੰਦ ਦਾ ਖਿਆਲ ਰੱਖਦੇ ਹਾਂ। ਉਨ੍ਹਾਂ ਦੇ ਹਿਸਾਬ ਨਾਲ ਸਾਰੇ ਐਲੀਮੈਂਟ ਪਾਉਂਦੇ ਹਾਂ ਫਿਲਮ ਵਿੱਚ। ਮੈਂ ਕਿਸੇ ਇੱਕ ਫਾਰਮੂਲੇ ‘ਤੇ ਨਹੀਂ ਚੱਲ ਰਿਹਾ।