ਫਿਲਮ ‘ਪੈਡਮੈਨ’ ਦਾ ਟਾਈਟਲ ਟ੍ਰੈਕ ਹੋਇਆ ਜਾਰੀ


ਕ੍ਰਿਸਮਸ ਮੌਕੇ ਅਕਸ਼ੈ ਕੁਮਾਰ ਦੀ ਅਗਲੀ ਫਿਲਮ ‘ਪੈਡਮੈਨ’ ਦਾ ਟਾਈਟਲ ਟ੍ਰੈਕ ਸੋਸ਼ਲ ਮੀਡੀਆ ‘ਤੇ ਲਾਂਚ ਕਰ ਦਿੱਤਾ ਗਿਆ। ਇਸ ਨੂੰ ਮੀਕਾ ਸਿੰਘ ਨੇ ਗਾਇਆ ਹੈ। ਕੌਸਰ ਮੁਨੀਰ ਨੇ ਇਸ ਦੇ ਬੋਲ ਲਿਖੇ ਹਨ ਅਤੇ ਅਮਿਤ ਤਿ੍ਰਵੇਦੀ ਨੇ ਇਸ ਦੀ ਧੁਨ ਤਿਆਰ ਕੀਤੀ ਹੈ। ਇਸ ਗਾਣੇ ਵਿੱਚ ਅਕਸ਼ੈ ਕੁਮਾਰ ਸੈਨਟਰੀ ਨੈਪਕਿਨ ਤਿਆਰ ਕਰਦੇ ਨਜ਼ਰ ਆਉਂਦੇ ਹਨ। ਉਹ ਅਮਰੀਕਾ ਵਿੱਚ ਯੂ ਐੱਨ (ਯੂਨਾਈਟਿਡ ਨੇਸ਼ਨਜ਼) ਬਿਲਡਿੰਗ ਵਿੱਚ ਸਪੀਚ ਦਿੰਦੇ ਵੀ ਨਜ਼ਰ ਆ ਰਹੇ ਹਨ।
ਪਿਛਲੇ ਹਫਤੇ ਫਿਲਮ ਦਾ ਟ੍ਰੇਲਰ ਲਾਂਚ ਹੋਇਆ, ਜਿਸ ਨੂੰ ਹੁਣ ਤੱਕ ਕਰੋੜਾਂ ਲੋਕ ਦੇਖ ਚੁੱਕੇ ਹਨ ਤੇ ਹੁਣ ਫਿਲਮ ਰਿਲੀਜ਼ ਹੋਣ ਨੂੰ ਉਡੀਕ ਰਹੇ ਹਨ। 26 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਆਰ ਬਾਲਕੀ ਨੇ ਕੀਤਾ ਹੈ, ਜਿਨ੍ਹਾਂ ਦੀ ਅਕਸ਼ੈ ਨਾਲ ਇਹ ਪਹਿਲੀ ਫਿਲਮ ਹੈ। ਅਮਿਤਾਭ ਬੱਚਨ ਇਸ ਫਿਲਮ ਦੇ ਮਹਿਮਾਨ ਕਲਾਕਾਰ ਹਨ ਤੇ ਟ੍ਰੇਲਰ ਦੀ ਸ਼ੁਰੂਆਤ ਵਿੱਚ ਹੀ ਉਨ੍ਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਸੋਨਮ ਕਪੂਰ ਤੇ ਰਾਧਿਕਾ ਆਪਟੇ ਫਿਲਮ ਦੀਆਂ ਦੋ ਹੀਰੋਇਨਾਂ ਹਨ। ਰਾਧਿਕਾ ਆਪਟੇ ਫਿਲਮ ਵਿੱਚ ਅਕਸ਼ੈ ਦੀ ਪਤਨੀ ਦੇ ਰੋਲ ਵਿੱਚ ਹੈ ਅਤੇ ਪਹਿਲੀ ਵਾਰ ਉਸ ਨੇ ਅਕਸ਼ੈ ਨਾਲ ਕੰਮ ਕੀਤਾ ਹੈ। ਪਹਿਲੀ ਵਾਰ ਇਸ ਫਿਲਮ ਦੇ ਨਾਲ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਨੇ ਫਿਲਮ ਨਿਰਮਾਣ ਵਿੱਚ ਕਦਮ ਰੱਖਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੇ ਬਾਅਦ ਸੋਨਮ ਅਤੇ ਅਕਸ਼ੈ ਦਾ ਰੋਮਾਂਟਿਕ ਗਾਣਾ ਲਾਂਚ ਹੋਵੇਗਾ।