ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੀ ਘੋਖ ਲਈ ਸ਼੍ਰੋਮਣੀ ਕਮੇਟੀ ਨੇ ਨਵੀਂ ਸਬ ਕਮੇਟੀ ਬਣਾ ਧਰੀ


ਅੰਮ੍ਰਿਤਸਰ, 5 ਅਪਰੈਲ, (ਪੋਸਟ ਬਿਊਰੋ)- ਵਿਵਾਦਤ ਫਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ ਇੱਕ ਵਾਰ ਹੋਰ ਘੋਖਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਨਵੀਂ ਸਬ-ਕਮੇਟੀ ਬਣਾ ਦਿੱਤੀ ਹੈ, ਜਿਸ ਵਿਚ ਅੱਠ ਮੈਂਬਰ ਏਥੋਂ ਸ਼ਾਮਲ ਕੀਤੇ ਗਏ ਹਨ ਅਤੇ ਇਕ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਹੈ ਕਿ ਫਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ ਇੱਕ ਵਾਰ ਹੋਰ ਘੋਖਣ ਲਈ ਸ਼੍ਰੋਮਣੀ ਕਮੇਟੀ ਨੇ ਸਬ-ਕਮੇਟੀ ਬਣਾਈ ਹੈ ਜੋ ਇਸ ਸਬੰਧੀ ਆਪਣੀ ਰਿਪੋਰਟ ਛੇਤੀ ਹੀ ਦੇ ਦੇਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਫਿਲਮ ਬਾਰੇ ਸੰਗਤਾਂ ਵੱਲੋਂ ਆਏ ਇਤਰਾਜ਼ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਜਾਰੀ ਕੀਤੇ ਸਾਰੇ ਪ੍ਰਵਾਨਗੀ ਪੱਤਰ ਰੱਦ ਕਰ ਦਿੱਤੇ ਤੇ ਫਿਲਮ ਰੋਕਣ ਲਈ ਡਾਇਰੈਕਟਰ ਹਰਿੰਦਰ ਸਿੰਘ ਸਿੱਕਾ ਨੂੰ ਸੂਚਿਤ ਕਰ ਦਿੱਤਾ ਸੀ। ਫਿਲਮ ਨੂੰ ਘੋਖਣ ਲਈ ਬਣਾਈ ਨਵੀਂ ਸਬ ਕਮੇਟੀ ਵਿਚ ਅੰਤ੍ਰਿੰਗ ਕਮੇਟੀ ਦੇ ਮੈਂਬਰ ਗੁਰਤੇਜ ਸਿੰਘ ਢੱਡੇ ਤੇ ਭਗਵੰਤ ਸਿੰਘ ਸਿਆਲਕਾ, ਮੈਂਬਰ ਰਜਿੰਦਰ ਸਿੰਘ ਮਹਿਤਾ, ਬੀਬੀ ਕਿਰਨਜੋਤ ਕੌਰ, ਧਰਮ ਪ੍ਰਚਾਰ ਕਮੇਟੀ ਮੈਂਬਰ ਅਜਾਇਬ ਸਿੰਘ ਅਭਿਆਸੀ, ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਤੇ ਮੀਤ ਸਕੱਤਰ ਸਿਮਰਜੀਤ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਫਿਲਮ ਡਾਇਰੈਕਟਰ ਨੂੰ ਕਿਹਾ ਗਿਆ ਹੈ ਕਿ ਇਹ ਫਿਲਮ ਓਦੋਂ ਤਕ ਜਾਰੀ ਨਾ ਕਰੇ, ਜਦੋਂ ਤਕ ਸਬ-ਕਮੇਟੀ ਇਸ ਬਾਰੇ ਰਿਪੋਰਟ ਨਾ ਦੇ ਦੇਵੇ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਤੇ ਸਾਰੇ ਪ੍ਰਵਾਨਗੀ ਪੱਤਰ ਵਾਪਸ ਲੈਣ ਪਿੱਛੋਂ ਫਿਲਮ ਡਾਇਰੈਕਟਰ ਨੂੰ ਪਰੋਮੋ ਵਿਚ ਸ਼੍ਰੋਮਣੀ ਕਮੇਟੀ ਦਾ ਨਾਂ ਵਰਤਣ ਲਈ ਨੈਤਿਕ ਤੌਰ ਉੱਤੇ ਹੱਕ ਨਹੀਂ ਰਹਿ ਜਾਂਦਾ।
ਵਰਨਣ ਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਇਸ ਫਿਲਮ ਨੂੰ ਹਰੀ ਝੰਡੀ ਦਾ ਪ੍ਰਵਾਨਗੀ ਪੱਤਰ ਦੇ ਦਿੱਤਾ ਸੀ। ਹੁਣ ਜਦੋਂ 13 ਅਪਰੈਲ ਨੂੰ ਫਿਲਮ ਮੁੜ ਰਿਲੀਜ਼ ਕਰਨ ਦਾ ਐਲਾਨ ਹੋਇਆ ਤੇ ਇਸ ਦਾ ਟਰੇਲਰ ਸ਼ੁਰੂ ਕੀਤਾ ਗਿਆ ਤਾਂ ਸਿੱਖ ਸੰਗਤ ਨੇ ਫਿਲਮ ਉੱਤੇ ਸਖ਼ਤ ਇਤਰਾਜ਼ ਪ੍ਰਗਟਾਏ ਸਨ।