ਫਿਲਮ ‘ਨਾਨਕ ਸ਼ਾਹ ਫਕੀਰ’ ਵਾਲੇ ਵਿਵਾਦ ਵਿੱਚ ਬੀਬੀ ਜਗੀਰ ਕੌਰ ਵੀ ਉਲਝ ਗਈ


ਜਲੰਧਰ, 14 ਅਪ੍ਰੈਲ (ਪੋਸਟ ਬਿਊਰੋ)- ਸਿੱਖ ਭਾਈਚਾਰੇ ਵਿੱਚ ਵਿਵਾਦ ਦਾ ਕਾਰਨ ਬਣ ਰਹੀ ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਪੋਸਟਰ ਮੁੰਬਈ ਵਿੱਚ ਰਿਲੀਜ਼ ਕਰਨ ਦੇ ਕਾਰਨ ਵਿਵਾਦਾਂ ‘ਚ ਫਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਇਸ ਫਿਲਮ ਦੀ ਜ਼ਿਆਦਾ ਜਾਣਕਾਰੀ ਨਹੀਂ ਸੀ ਤੇ ਨਾ ਇਸ ਦੇ ਨਾਲ ਜੁੜੇ ਵਿਵਾਦ ਬਾਰੇ ਕੋਈ ਪਤਾ ਸੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਮੁੰਬਈ ਵਿੱਚ ਆਪਣੀ ਪਾਰਟੀ ਦਾ ਢਾਂਚਾ ਗਠਿਤ ਕਰਨ ਗਈ ਸੀ। ਉਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਨੇ ਉਸ ਨੂੰ ਕਿਹਾ ਕਿ ਇਕ ਧਾਰਮਿਕ ਫਿਲਮ ਦਾ ਪੋਸਟਰ ਰਿਲੀਜ਼ ਕਰਨਾ ਹੈ। ਮੈਂ ਕਿਹਾ ਕਿ ਫਿਲਮ ਨਾਲ ਕੋਈ ਵਿਵਾਦ ਤਾਂ ਨਹੀਂ ਜੁੜਿਆ ਹੋਇਆ। ਇਸ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ ਕਿ ਫਿਲਮ ਨੂੰ ਸ਼੍ਰੋਮਣੀ ਕਮੇਟੀ ਨੇ ਸਾਲ 2016 ਵਿੱਚ ਐਨ ਓ ਸੀ ਜਾਰੀ ਕਰ ਦਿੱਤੀ ਸੀ, ਉਸ ਐਨ ਓ ਸੀ ਦੀ ਕਾਪੀ ਵਟਸਐਪ ਉੱਤੇ ਮੰਗਵਾ ਕੇ ਬੀਬੀ ਨੂੰ ਦਿਖਾਈ ਗਈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਐਨ ਓ ਸੀ ਜਾਰੀ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਧਿਕਾਰੀ ਨਾਲ ਫੋਨ ਉੱਤੇ ਉਨ੍ਹਾਂ ਨੇ ਗੱਲ ਕੀਤੀ ਉਸ ਨੇ ਕਿਹਾ ਕਿ ਇਸ ਫਿਲਮ ਵਿੱਚ ਕੋਈ ਇਤਰਾਜ਼ ਯੋਗ ਗੱਲ ਨਹੀਂ ਹੈ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਪ੍ਰੋਗਰਾਮ ਵਿੱਚ ਜਦੋਂ ਉਹ ਪਹੁੰਚੀ ਤਾਂ 30 ਸਕਿੰਟ ਦਾ ਪ੍ਰੋਮੋ ਦਿਖਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਕੋਈ ਗਲਤ ਗੱਲ ਦਿਖਾਈ ਨਹੀਂ ਦਿੱਤੀ। ਇਸ ਤੋਂ ਬਾਅਦ ਉਥੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਆ ਗਿਆ ਤੇ ਅਸੀਂ ਫਿਲਮ ਦੇ ਪੋਸਟਰ ਤੋਂ ਪਰਦਾ ਉਠਾ ਦਿੱਤਾ। ਇਸ ਮੌਕੇ ਫੋਟੋ ਵੀ ਖਿੱਚੀਆਂ ਗਈਆਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀ ਨੇ ਜਦੋਂ ਕਹਿ ਦਿੱਤਾ ਕਿ ਫਿਲਮ ਨੂੰ ਐਨ ਓ ਸੀ ਜਾਰੀ ਹੈ ਤਾਂ ਉਸ ਦੇ ਬਾਅਦ ਉਸ ਨੇ ਪੋਸਟਰ ਰਿਲੀਜ਼ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ, ਵਰਨਾ ਉਹ ਕਦੇ ਵੀ ਇਸ ਵਿਵਾਦ ਵਿੱਚ ਨਾ ਪੈਂਦੀ।