ਫਿਲਮ ਐਕਟਰੈੱਸ ਨੇਹਾ ਧੂਪੀਆ ਤੇ ਅੰਗਦ ਦਾ ਅਨੰਦ ਕਾਰਜ


ਨਵੀਂ ਦਿੱਲੀ, 11 ਮਈ (ਪੋਸਟ ਬਿਊਰੋ)- ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਅਤੇ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਬੇਟੇ ਅਦਾਕਾਰ ਅੰਗਦ ਬੇਦੀ ਨੇ ਕੱਲ੍ਹ ਦਿੱਲੀ ‘ਚ ਇਕ ਸਾਦੇ ਸਮਾਰੋਹ ਦੌਰਾਨ ਅਨੰਦ ਕਾਰਜ ਕਰਵਾਇਆ।
ਨਵ ਵਿਆਹੇ ਜੋੜੇ ਨੇ ਸਾਂਝੇ ਬਿਆਨ ‘ਚ ਆਪਣੇ ਅਨੰਦ ਕਾਰਜ ਹੋਣ ਬਾਰੇ ਦੱਸਿਆ ਕਿ ਸਭ ਤੋਂ ਚੰਗੇ ਮਿੱਤਰ ਨਾਲ ਵਿਆਹ ਹੋਣਾ ਦੁਨੀਆ ਦਾ ਸਭ ਤੋਂ ਵੱਡਾ ਆਨੰਦ ਹੈ। ਉਨ੍ਹਾਂ ਦੱਸਿਆ ਕਿ ਆਪਣੇ ਦੋਸਤਾਂ ਅਤੇ ਸਨੇਹੀਆਂ ਨਾਲ ਵਿਆਹ ਦੇ ਜਸ਼ਨ ਮਨਾਉਣ ਲਈ ਇਸ ਹਫਤੇ ਦੇ ਅੰਤ ‘ਚ ਮੁੰਬਈ ‘ਚ ਇਕ ਪ੍ਰੋਗਰਾਮ ਦੀ ਯੋਜਨਾ ਹੈ। ਵਿਆਹ ਦੌਰਾਨ ਨੇਹਾ ਧੂਪੀਆ ਹਲਕੇ ਗੁਲਾਬੀ ਰੰਗ ਦੇ ਲਹਿੰਗੇ ‘ਚ ਕਾਫੀ ਫਬ ਰਹੀ ਸੀ। ਅੰਗਦ ਬੇਦੀ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਅਤੇ ਫਿੱਕੇ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਵਰਨਣ ਯੋਗ ਹੈ ਕਿ 37 ਸਾਲਾ ਨੇਹਾ ਧੂਪੀਆ ‘ਏਕ ਚਾਲੀਸ ਕੀ ਲਾਸਟ ਲੋਕਲ’, ‘ਫਸ ਗਏ ਰੇ ਓਬਾਮਾ’, ‘ਚੁਪਕੇ-ਚੁਪਕੇ’ ਅਤੇ ‘ਤੁਮਾਰੀ ਸੁੱਲੂ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਇਸੇ ਤਰ੍ਹਾਂ 35 ਸਾਲਾ ਅੰਗਦ ਬੇਦੀ ‘ਪਿੰਕ’ ਅਤੇ ਸਲਮਾਨ ਖਾਨ ਦੀ ਫਿਲਮ ‘ਟਾਈਗਰ ਜ਼ਿੰਦਾ ਹੈ’ ਵਿੱਚ ਕੰਮ ਕਰ ਚੁੱਕੇ ਹਨ। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਅਨਿਲ ਕਪੂਰ ਦੀ ਬੇਟੀ ਅਤੇ ਅਦਾਕਾਰਾ ਸੋਨਮ ਕਪੂਰ ਅਤੇ ਅਨੰਦ ਆਹੂਜਾ ਦਾ ਵਿਆਹ ਕਾਫੀ ਸੁਰਖੀਆਂ ‘ਚ ਰਿਹਾ ਸੀ, ਪਰ ਇਸੇ ਦੌਰਾਨ ਅਚਾਨਕ ਇਕ ਹੋਰ ਬਾਲੀਵੁੱਡ ਅਦਾਕਾਰਾ ਨੇ ਵਿਆਹ ਕਰਵਾ ਲਿਆ ਹੈ ਅਤੇ ਇਸ ਗੱਲ ਦਾ ਖੁਲਾਸਾ ਸਿੱਧਾ ਸੋਸ਼ਲ ਮੀਡੀਆ ‘ਤੇ ਹੀ ਹੋਇਆ ਹੈ। ਵਿਆਹ ਦੀ ਪਹਿਲੀ ਤਸਵੀਰ ਅੰਗਦ ਬੇਦੀ ਤੇ ਨੇਹਾ ਧੂਪੀਆ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਆਪਣੇ ਵਿਆਹ ਤੋਂ ਕੁਝ ਸਮਾਂ ਪਹਿਲਾਂ ਹੀ ਸਾਂਝੀ ਕੀਤੀ। ਨੇਹਾ ਧੂੁਪੀਆ ਨੇ ਟਵੀਟ ਕਰਦਿਆਂ ਲਿਖਿਆ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਫੈਸਲਾ, ਉਸ ਨੇ ਆਪਣੇ ਦੋਸਤ ਅੰਗਦ ਬੇਦੀ ਨਾਲ ਵਿਆਹ ਕਰਵਾ ਲਿਆ ਹੈ। ਅੰਗਦ ਬੇਦੀ ਨੇ ਵੀ ਟਵੀਟ ਕੀਤਾ ਕਿ ਉਸ ਦੀ ਦੋਸਤ ਨੇਹਾ ਧੂਪੀਆ ਕੱਲ੍ਹ ਉਸ ਦੀ ਪਤਨੀ ਬਣ ਗਈ ਹੈ।