ਫਾਟਾ ਕੌਂਸਲ ਬਾਰੇ ਪਾਕਿ ਸਰਕਾਰ ਦੇ ਵਿਵਾਦਤ ਬਿੱਲ ਨੂੰ ਰਾਸ਼ਟਰਪਤੀ ਵੱਲੋਂ ਪ੍ਰਵਾਨਗੀ


ਇਸਲਾਮਾਬਾਦ, 31 ਮਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਇਕ ਮਹੱਤਵ ਪੂਰਨ ਸੰਵਿਧਾਨਕ ਸੋਧ ਬਿੱਲ ਉੱਤੇ ਅੱਜ ਦਸਖਤ ਕਰ ਦਿੱਤੇ ਹਨ, ਜਿਸ ਨਾਲ ਅਫ਼ਗਾਨਿਸਤਾਨ ਦੀ ਸੀਮਾ ਨਾਲ ਲੱਗਦੇ ਅਸ਼ਾਂਤ ਕਬਾਇਲੀ ਖੇਤਰ ਦਾ ਉੱਤਰ ਪੱਛਮੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਨਾਲ ਰਲੇਵਾਂ ਹੋ ਗਿਆ ਹੈ। ਇਸ ਦੇ ਨਾਲ ਬ੍ਰਿਟਿਸ਼ ਯੁੱਗ ਦੀ 150 ਸਾਲ ਪੁਰਾਣੀ ਚਲਾਈ ਹੋਈ ਵਿਵਸਥਾ ਦਾ ਅੰਤ ਵੀ ਹੋ ਗਿਆ।
ਵਰਨਣ ਯੋਗ ਹੈ ਕਿ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜੇ ਜਾਣ ਤੋਂ ਪਹਿਲਾਂ ਇਸ ਬਿੱਲ ਨੂੰ ਨੈਸ਼ਨਲ ਅਸੈਂਬਲੀ, ਸੈਨੇਟ ਅਤੇ ਖ਼ੈਬਰ ਪਖ਼ਤੂਨਖਵਾ ਦੀ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ। ਜੀਓ ਟੀ ਵੀ ਦੀ ਰਿਪੋਰਟ ਦੇ ਅਨੁਸਾਰ ਬਿੱਲ ਉੱਤੇ ਦਸਖਤ ਕਰਨ ਪਿੱਛੋਂ ਰਾਸ਼ਟਰਪਤੀ ਨੇ ਕੇਂਦਰੀ ਸ਼ਾਸਤ ਕਬਾਇਲੀ ਇਲਾਕੇ (ਫਾਟਾ) ਤੇ ਖ਼ੈਬਰ ਪਖ਼ਤੂਨਖ਼ਵਾ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਇਸ ਬਿੱਲ ਵਿੱਚ ਪਾਕਿਸਤਾਨ ਦੇ ਖੇਤਰ ਨੂੰ ਪਰਿਭਾਸ਼ਤ ਕਰਨ ਵਾਲੇ ਆਰਟੀਕਲ-1 ਸਹਿਤ ਸੰਵਿਧਾਨ ਦੇ ਕਈ ਆਰਟੀਕਲਾਂ ਵਿੱਚ ਸੋਧ ਕੀਤੀ ਗਈ ਹੈ। ਨੈਸ਼ਨਲ ਅਸੈਂਬਲੀ ਵਿੱਚ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਆਮ ਸਹਿਮਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਨੇ ਕਿਹਾ ਕਿ ਇਸ ਬਿੱਲ ਨਾਲ ਕਬਾਇਲੀ ਖੇਤਰਾਂ ਵਿੱਚ 150 ਸਾਲ ਪੁਰਾਣੀ ਵਿਵਸਥਾ ਬਦਲ ਜਾਵੇਗੀ। ਬ੍ਰਿਟਿਸ਼ ਸਰਕਾਰ ਨੇ ਅਫ਼ਗਾਨਿਸਤਾਨ ਨਾਲ ਸਿੱਧੇ ਸੰਘਰਸ਼ ਕਰਨ ਤੋਂ ਬਚਣ ਲਈ ਬਫਰ ਜ਼ੋਨ ਦੇ ਰੂਪ ਵਿੱਚ ਅਰਧ ਖ਼ੁਦ-ਮੁਖ਼ਤਿਆਰ ਕਬਾਇਲੀ ਖੇਤਰ ਬਣਾਇਆ ਗਿਆ ਸੀ। ਇਸ ਵਿੱਚ ਸੱਤ ਜ਼ਿਲ੍ਹੇ ਬਜੌਰ, ਖੈਬਰ, ਕੁੱਰਮ, ਮੁਹੰਮਦ, ਉੱਤਰੀ ਵਜ਼ੀਰਿਸਤਾਨ, ਓੜਕਜ਼ਈ ਅਤੇ ਦੱਖਣੀ ਵਜ਼ੀਰਿਸਤਾਨ ਸ਼ਾਮਲ ਹਨ। ਇਹ ਇਲਾਕਾ ਅਫ਼ਗਾਨਿਸਤਾਨ ਸਰਹੱਦ ਦੇ ਨਾਲ ਲੱਗਦਾ ਹੈ। ਇਨ੍ਹਾਂ ਸੱਤ ਜ਼ਿਲ੍ਹਿਆਂ ਵਿੱਚ ਲਗਪਗ 80 ਲੱਖ ਲੋਕ ਵੱਸਦੇ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਲੋਕ ਪਸ਼ਤੂਨ ਹਨ। ਪਾਕਿਸਤਾਨੀ ਫੋਰਸਾਂ ਨੇ ਇਸ ਖੇਤਰ ਨੂੰ ਅਤਿਵਾਦੀਆਂ ਤੋਂ ਛੁਡਾਉਣ ਲਈ ਕਈ ਵਾਰ ਫੌਜੀ ਕਾਰਵਾਈ ਕੀਤੀ ਹੈ।