ਫਾਇਰਿੰਗ ਪਿੱਛੋਂ ਬਿਲਡਿੰਗ ਵਿੱਚ ਵੜ ਕੇ ਫਿਦਾਈਨ ਨੇ ਖੁਦ ਨੂੰ ਉਡਾ ਲਿਆ, 31 ਲੋਕਾਂ ਦੀ ਮੌਤ

suicide bomb attack iraq
ਬਗਦਾਦ, 6 ਅਪ੍ਰੈਲ (ਪੋਸਟ ਬਿਊਰੋ)- ਇਰਾਕ ਦੇ ਤਿਕਰਿਤ ਸ਼ਹਿਰ ਵਿੱਚ ਮੰਗਲਵਾਰ ਰਾਤ ਤਿੰਨ ਬੰਦੂਕਧਾਰੀਆਂ ਨੇ ਪਹਿਲਾਂ ਫਾਈਰਿੰਗ ਕੀਤੀ ਤੇ ਫਿਰ ਆਸਪਾਸ ਦੇ ਘਰਾਂ ਵਿੱਚ ਵੜ ਕੇ ਖੁਦ ਨੂੰ ਵਿਸਫੋਟਕ ਨਾਲ ਉਡਾ ਲਿਆ। ਇਸ ਘਟਨਾ ਵਿੱਚ 31 ਲੋਕ ਮਾਰੇ ਗਏ ਅਤੇ 46 ਜ਼ਖਮੀ ਹੋਏ ਹਨ।
ਤਿਕਰਿਤ ਇਰਾਕ ਦੇ ਗੱਦੀਓਂ ਲਾਹੇ ਸਦਾਮ ਹੁਸੈਨ ਦਾ ਜਨਮ ਸਥਾਨ ਹੈ। ਕਿਸੇ ਅੱਤਵਾਦੀ ਗੁਟ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ, ਪ੍ਰੰਤੂ ਮੰਨਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਸੰਗਠਨ ਆਈ ਐੱਸ ਦੀ ਹਰਕਤ ਹੈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦ ਆਈ ਐੱਸ ਦੇ ਆਖਰੀ ਗੜ੍ਹ ਮੋਸੁਲ ‘ਤੇ ਕਬਜ਼ਾ ਕਰਨ ਲਈ ਇਰਾਕੀ ਸੈਨਾ ਨੇ ਪੂਰਾ ਜ਼ੋਰ ਲਾ ਰੱਖਿਆ ਹੈ। ਇੱਕ ਅਮਰੀਕੀ ਵਫਦ ਆਈ ਐਸ ਨੂੰ ਖਤਮ ਕਰਨ ਦੀ ਯੋਜਨਾ ‘ਤੇ ਵਿਚਾਰ ਕਰਨ ਦੇ ਲਈ ਇਰਾਕ ਵਿੱਚ ਹੈ। ਇਸ ਦਲ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਤੇ ਸਲਾਹਕਾਰ ਜੈਰੇਡ ਕੁਸ਼ਨਰ ਵੀ ਹਨ। ਪੁਲਸ ਕਰਨਲ ਖਾਲਿਦ ਮਹਿਦੂਦ ਨੇ ਦੱਸਿਆ ਕਿ ਮੱਧ ਜੁਹੂਰ ਵਿੱਚ 10 ਅੱਤਵਾਦੀ ਪੁਲਸ ਵਰਦੀ ਵਿੱਚ ਆਏ ਸਨ। ਉਨ੍ਹਾਂ ਨੇ ਪੁਲਸ ਚੌਕੀ ਅਤੇ ਪੁਲਸ ਵਾਲਿਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਇੱਕ ਪੁਲਸ ਅਫਸਰ ਤੇ ਉਸ ਦੇ ਪਰਵਾਰ ਦੇ ਮੈਂਬਰ ਵੀ ਮਾਰੇ ਗਏ। ਦੋ ਅੱਤਵਾਦੀਆਂ ਨੇ ਪੁਲਸ ਵੱਲੋਂ ਘੇਰੇ ਜਾਣ ‘ਤੇ ਖੁਦ ਨੂੰ ਧਮਾਕੇ ਨਾਲ ਉਡਾ ਦਿੱਤਾ। ਤਿੰਨ ਅੱਤਵਾਦੀ ਪੁਲਸ ਦੀਆਂ ਗੋਲੀਆਂ ਨਾਲ ਮਾਰੇ ਗਏ।