ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਲਗਾਇਆ ‘ਇਕ ਹਜ਼ਾਰ ਟਾਪੂਆਂ’ ਦਾ ਟੂਰ

1ਬਰੈਂਪਟਨ, (ਡਾ. ਝੰਡ) -‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਦੇ ਜਨਰਲ ਸਕੱਤਰ ਬੰਤ ਸਿੰਘ ਰਾਓ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਨੇ ਬਚਿੱਤਰ ਸਿੰਘ ਸਰਾਂ, ਨਿਰਮਲ ਸਿੰਘ ਡਡਵਾਲ, ਗੁਰਮੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਸਾਂਝੀ ਸਰਪ੍ਰਸਤੀ ਹੇਠ ਸ਼ਨੀਵਾਰ 8 ਜੁਲਾਈ ਨੂੰ ‘ਵੱਨ ਥਾਊਜ਼ੈਂਡ ਆਈਲੈਂਡਜ਼’ ਦਾ ਟੂਰ ਲਗਾਇਆ। ਸਵੇਰੇ ਸੱਤ ਵਜੇ ਸਾਰੇ ਮੈਂਬਰ ਦੋ ਬੱਸਾਂ ਵਿਚ ਸਵਾਰ ਹੋ ਕੇ ਰਸਤੇ ਦੇ ਕੁਦਰਤੀ ਨਜ਼ਾਰਿਆਂ ਨੂੰ ਮਾਣਦੇ ਹੋਏ ਅੱਥਦ ਸਫ਼ਰ ਤੈਅ ਕਰਨ ਤੋਂ ਬਾਅਦ ਇੱਕ ਟਿਮ ਹੌਲਟਨ ‘ਤੇ ਰੁਕੇ ਅਤੇ ਚਾਹ-ਪਾਣੀ ਛਕਿਆ।
ਉਥੋਂ ਤਾਜ਼ਾ ਦੰਮ ਹੋ ਕੇ ਬਾਕੀ ਦਾ ਸਫ਼ਰ ਮੁਕਾਉਣ ਪਿੱਛੋਂ ਲੱਗਭੱਗ 12.00 ਵਜੇ ਰੌਕ ਫੋਰਟ ਪਹੁੰਚੇ ਅਤੇ ਸੱਭਨਾਂ ਨੇ ਮਿਲ ਕੇ ਲੰਚ ਦਾ ਅਨੰਦ ਮਾਣਿਆਂ। ਏਨੇ ਚਿਰ ਨੂੰ ਪ੍ਰਬੰਧਕਾਂ ਵੱਲੋਂ ਫੈਰੀ ਪਾਸ ਲੈ ਲਏ ਗਏ ਅਤੇ ਠੀਕ 1.00 ਵਜੇ ਫੈਰੀ ਵਿਚ ਸਵਾਰ ਹੋ ਕੇ ਸਾਰੇ ਟਾਪੂਆਂ ਦੇ ਕੁਦਰਤੀ ਨਜ਼ਾਰੇ ਮਾਨਣ ਵਿਚ ਰੁੱਝ ਗਏ। ਰਸਤੇ ਵਿਚ ਆ ਜਾ ਰਹੀਆਂ ਹੋਰ ਫੈਰੀਆਂ ਦੇ ਸਵਾਰਾਂ ਨੂੰ ‘ਟਾਅ-ਟਾਅ’, ‘ਬਾਏ-ਬਾਏ’ ਕਹਿੰਦੇ ਹੋਏ ਸਾਰੇ ਮੈਂਬਰ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਸਨ। ਅਮਰੀਕਾ ਦੀ ਸਰਦਲ ਨਾਲ ਖਹਿੰਦੀ ਹੋਈ ਫੈਰੀ ਹੌਲੀ-ਹੌਲੀ ਪੁਲ ਨੂੰ ਪਾਰ ਕਰਦੀ ਹੋਈ ਵਾਪਸ ਮੁੜੀ। ਇਸ ਦੌਰਾਨ ਕਈਆਂ ਨੇ ਰਸਤੇ ਦੇ ਇਨ੍ਹਾਂ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਕੈਮਰਿਆਂ ਵਿਚ ਕੈਦ ਕੀਤਾ ਅਤੇ ਠੀਕ 3.00 ਵਜੇ ਫੈਰੀ ਕਿਨਾਰੇ ਆ ਲੱਗੀ।
ਖਿੜੀਆਂ ਰੂਹਾਂ ਨਾਲ ਠੀਕ 4.00 ਵਜੇ ਬੱਸਾਂ ਵਿਚ ਸਵਾਰ ਹੋ ਕੇ ਵਾਪਸੀ ਦਾ ਰਾਹ ਫੜ੍ਹਿਆ। ਰਸਤੇ ਵਿਚ ਇਕ ਜਗ੍ਹਾ ਰੁਕ ਕੇ ਚਾਹ-ਪਾਣੀ ਤੇ ਬਿਸਕੁਟਾਂ ਨਾਲ ਸਫ਼ਰ ਦੀ ਥਕਾਵਟ ਨੂੰ ਦੂਰ ਕਰਦੇ ਹੋਏ ਵਾਪਸ ਘਰਾਂ ਨੂੰ ਪਹੁੰਚੇ। ਹੁਣ ‘ਸਲੈਡ ਡੌਗ ਪਾਰਕ’ ਵਿਚ ਕਈ ਦਿਨ ਇਸ ਰਮਣੀਕ ਟੂਰ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਅਤੇ ਅੱਗੋਂ ਫਿਰ ਕਿਸੇ ਅਜਿਹੇ ਟੂਰ ਦਾ ਪ੍ਰੋਗਰਾਮ ਉਲੀਕਣ ਦੇ ਯਤਨ ਕੀਤੇ ਜਾਣਗੇ।