ਫਲ

-ਲੱਖਾ ਧੀਮਾਨ
‘ਸਰ ਜੀ, ਮੈਨੂੰ ਅੱਧੀ ਛੁੱਟੀ ਸਾਰੀ ਚਾਹੀਦੀ ਹੈ ਜੀ।’ ਜੀਤੀ ਨੇ ਅੱਧੀ ਛੁੱਟੀ ਵੇਲੇ ਮੇਰੇ ਕੋਲ ਆ ਕੇ ਨੀਵੀਂ ਪਾਈ ਬਿਨਾਂ ਮੇਰੇ ਵੱਲ ਦੇਖਦੇ ਹੋਏ ਕਿਹਾ।
‘ਕਿਉਂ ਪੁੱਤਰ ਜੀ, ਕਿੱਥੇ ਜਾਣਾ?’ ਮੈਂ ਅਖਬਾਰ ਪੜ੍ਹਦੇ ਨੇ ਉਸ ਵੱਲ ਦੇਖ ਕੇ ਪੁੱਛਿਆ।
‘ਸਰ ਜੀ, ਜ਼ਰੂਰੀ ਕੰਮ ਹੈ।’
‘ਅਜਿਹਾ ਕਿਹੜਾ ਜ਼ਰੂਰੀ ਕੰਮ ਹੈ, ਕਿਤੇ ਅੱਜ ਬਾਅਦ ਦੁਪਹਿਰ ਹੋਣ ਵਾਲੇ ਹਿਸਾਬ ਦੇ ਟੈਸਟ ਦੀ ਤਿਆਰੀ ਨਾ ਹੋਣ ਕਰਕੇ ਤਾਂ ਛੁੱਟੀ ਨਹੀਂ ਲੈਣੀ?’
‘ਨਹੀਂ ਸਰ ਜੀ, ਜ਼ਰੂਰੀ ਕੰਮ ਹੈ, ਸਵਾਲ ਤਾਂ ਮੈਨੂੰ ਸਾਰੇ ਆਉਂਦੇ ਹਨ।’
‘ਅੱਛਾ ਚਲੀ ਜਾ।’ ਮੈਂ ਇਜਾਜ਼ਤ ਦੇ ਦਿੱਤੀ।
ਦਰਅਸਲ ਇਸ ਸਕੂਲ ਵਿੱਚ ਮੇਰੀ ਨਿਯੁਕਤੀ ਪਿਛਲੇ ਸਾਲ ਹੀ ਹੋਈ ਤੇ ਮੈਨੂੰ ਪੰਜਵੀਂ ਜਮਾਤ ਦਾ ਇੰਚਾਰਜ ਲਾਇਆ ਗਿਆ ਸੀ। ਜੀਤੀ ਮੇਰੀ ਜਮਾਤ ਦੀ ਵਿਦਿਆਰਥਣ ਸੀ। ਉਹ ਪੜ੍ਹਨ ਵਿੱਚ ਬੇਹੱਦ ਹੁਸ਼ਿਆਰ ਸੀ। ਮੈਨੂੰ ਪਤਾ ਸੀ ਕਿ ਉਸ ਨੂੰ ਸਵਾਲ ਤਾਂ ਆਉਂਦੇ ਹੋਣਗੇ। ਉਹ ਬਿਨਾਂ ਕੰਮ ਤੋਂ ਸਕੂਲੋਂ ਕਦੇ ਗੈਰ ਹਾਜ਼ਰ ਨਹੀਂ ਸੀ ਹੁੰਦੀ। ਇਸ ਲਈ ਮੈਂ ਅੱਧੀ ਛੁੱਟੀ ਜਾਣ ਦੀ ਇਜਾਜ਼ਤ ਦੇ ਕੇ ਫਿਰ ਅਖਬਾਰ ਪੜ੍ਹਨ ਵਿੱਚ ਮਸਰੂਫ ਹੋ ਗਿਆ।
‘ਭਾਈ, ਆਪਣੇ ਪਿੰਡ ਦੀ ਕਰਮੋ ਪੱਤੀ ਦੀ ਧਰਮਸ਼ਾਲਾ ਵਿੱਚ ਆਪਣੇ ਹਲਕੇ ਦੇ ਚੜ੍ਹਦੀ ਕਲਾ ਪਾਰਟੀ ਦੇ ਉਮੀਦਵਾਰ ਪਹੁੰਚ ਰਹੇ ਹਨ, ਜਿਨ੍ਹਾਂ ਨੂੰ ਪਿੰਡ ਦੇ ਨੌਜਵਾਨਾਂ ਨੇ ਸੰਤਰਿਆਂ ਨਾਲ ਤੋਲਣਾ ਹੈ। ਸਾਰੇ ਵੀਰ ਭੈਣਾਂ ਤਿੰਨ ਵਜੇ ਧਰਮਸ਼ਾਲਾ ਵਿੱਚ ਪਹੁੰਚ ਕੇ ਉਨ੍ਹਾਂ ਦੇ ਕੀਮਤੀ ਵਿਚਾਰ ਜ਼ਰੂਰ ਸੁਣੋ।’ ਸਕੂਲ ਦੇ ਪਿਛਲੇ ਪਾਸੇ ਬਣੇ ਗੁਰਦੁਆਰੇ ਵਿੱਚੋਂ ਭਾਈ ਜੀ (ਗ੍ਰੰਥੀ) ਨੇ ਆਵਾਜ਼ ਦੇ ਕੇ ਮੇਰੀ ਅਖਬਾਰ ਪੜ੍ਹਨ ਵਿੱਚ ਲੱਗੀ ਲਿਵ ਤੋੜ ਦਿੱਤੀ। ਇੰਨੇ ਨੂੰ ਸੇਵਾਦਾਰ ਨੇ ਸਕੂਲ ਲੱਗਣ ਦੀ ਘੰਟੀ ਵਜਾ ਦਿੱਤੀ ਤੇ ਮੈਂ ਅਖਬਾਰ ਛੱਡ ਕੇ ਕਲਾਸ ਵਿੱਚ ਚਲਾ ਗਿਆ।
ਸਾਰੀ ਛੁੱਟੀ ਹੋਈ ਤਾਂ ਮੈਂ ਸਾਰੇ ਬੱਚਿਆਂ ਦੇ ਜਾਣ ਪਿੱਛੋਂ ਘਰ ਨੂੰ ਚੱਲ ਪਿਆ। ਅੱਧੀ ਛੁੱਟੀ ਵੇਲੇ ਗੁਰਦੁਆਰੇ ਦੇ ਭਾਈ ਜੀ ਨੇ ਜਿਹੜਾ ਹੋਕਾ ਦਿੱਤਾ ਸੀ, ਉਹੀ ਹੋਕਾ ਦਿੰਦੀ ਇਕ ਗੱਡੀ ਮੇਰੇ ਕੋਲੋਂ ਧੂੜ ਉਡਾਉਂਦੀ ਹੋਈ ਲੰਘ ਗਈ। ਮੈਨੂੰ ਅੰਦਾਜ਼ਾ ਹੋ ਗਿਆ ਕਿ ਅਜੇ ਨੇਤਾ ਜੀ ਪਹੁੰਚੇ ਨਹੀਂ ਸਨ। ਕਰਮੋ ਪੱਤੀ ਦੀ ਧਰਮਸ਼ਾਲਾ ਮੇਰੇ ਘਰ ਦੇ ਰਸਤੇ ਵਿੱਚ ਹੀ ਆਉਂਦੀ ਸੀ। ਲੰਘਣ ਲੱਗਿਆਂ ਦੇਖਿਆ ਕਿ ਲੋਕਾਂ ਦਾ ਤਕੜਾ ਹਜ਼ੂਮ ਉਥੇ ਹਾਜ਼ਰ ਸੀ ਤੇ ਇਕ ਬੁਲਾਰਾ ਆਪਣੀ ਪਾਰਟੀ ਬਾਰੇ ਬੋਲ ਰਿਹਾ ਸੀ। ਮੇਰੇ ਪਹੁੰਚਣ ਉੱਤੇ ਹੀ ਹਲਕਾ ਉਮੀਦਵਾਰ ਪੰਡਾਲ ਵਿੱਚ ਆ ਕੇ ਬੈਠੇ ਸਨ। ਬੁਲਾਰੇ ਦੇ ਬੋਲਣ ਤੋਂ ਬਾਅਦ ਉਸ ਉਮੀਦਵਾਰ ਨੇ ਸੰਗਤ ਨੂੰ ਫਤਹਿ ਬੁਲਾ ਕੇ ਆਪਣਾ ਭਾਸ਼ਣ ਸ਼ੁਰੂ ਕੀਤਾ, ‘ਜਿਵੇਂ ਆਪ ਸਭ ਨੂੰ ਪਤਾ ਹੈ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਸੱਤਰ ਸਾਲ ਹੋ ਗਏ ਹਨ, ਪਰ ਅਸੀਂ ਅੱਜ ਵੀ ਆਰਥਿਕ ਤੇ ਸਮਾਜਿਕ ਤੌਰ ‘ਤੇ ਗੁਲਾਮ ਹਾਂ। ਅਸੀਂ ਰਜਵਾੜਿਆਂ ਦੇ ਗੁਲਾਮ ਹਾਂ। ਇਸ ਗੁਲਾਮੀ ਨੂੰ ਗਲੋਂ ਲਾਹੁਣ ਲਈ ਸਾਨੂੰ ਜਿਤਾਓ। ਅਸੀਂ ਤੁਹਾਨੂੰ ਚੰਗੇ ਇਲਾਜ ਲਈ ਹਸਪਤਾਲ, ਰੁਜ਼ਗਾਰ ਤੇ ਨਸ਼ਾ ਰਹਿਤ ਸਮਾਜ ਦਿਆਂਗੇ। ਤੁਹਾਡੇ ਬੱਚੇ ਏ ਸੀ ਸਕੂਲਾਂ ਵਿੱਚ ਪੜ੍ਹਨਗੇ..।’ ਭਾਸ਼ਣ ਸੁਣਦਿਆਂ ਮੇਰਾ ਧਿਆਨ ਸਭ ਤੋਂ ਮੂਹਰੇ ਬੈਠੀ ਜੀਤੀ ਉੱਤੇ ਗਿਆ। ਮੈਨੂੰ ਉਸ ਨੂੰ ਉਥੇ ਬੈਠੀ ਦੇਖ ਕੇ ਗੁੱਸਾ ਚੜ੍ਹਿਆ ਕਿ ਸਕੂਲੋਂ ਜ਼ਰੂਰੀ ਕੰਮ ਕਹਿ ਕੇ ਪੜ੍ਹਾਈ ਛੱਡ ਕੇ ਇਥੇ ਬੈਠੀ ਹੈ। ਮੇਰਾ ਸਾਰਾ ਧਿਆਨ ਉਸ ਵੱਲ ਹੋ ਗਿਆ। ਪਤਾ ਨਾ ਲੱਗਾ ਕਿ ਕਦੋਂ ਭਾਸ਼ਣ ਖਤਮ ਹੋਇਆ ਤੇ ਪਾਰਟੀ ਵਰਕਰਾਂ ਨੇ ਬੱਚਿਆਂ ਨੂੰ ਸੰਤਰੇ ਵੰਡਣੇ ਸ਼ੁਰੂ ਕਰ ਦਿੱਤੇ। ਮੇਰਾ ਧਿਆਨ ਅਜੇ ਵੀ ਜੀਤੀ ਵੱਲ ਸੀ। ਉਸ ਨੇ ਇਕ ਸੰਤਰਾ ਲੈ ਕੇ ਆਪਣੀ ਚੁੰਨੀ ਵਿੱਚ ਲੁਕੋ ਲਿਆ ਤੇ ਦੂਜਾ ਲੈਣ ਲਈ ਹੱਥ ਅੱਗੇ ਕਰ ਰੱਖਿਆ ਸੀ। ਵਰਕਰ ਨੇ ਦੂਜਾ ਸੰਤਰਾ ਵੀ ਉਸ ਦੇ ਹੱਥ ‘ਤੇ ਧਰ ਦਿੱਤਾ।
ਅੱਜ ਮੇਰੀ ਨਜ਼ਰ ਵਿੱਚ ਜੀਤੀ ਨੇ ਮੇਰੇ ਸਾਹਮਣੇ ਝੂਠ ਬੋਲ ਕੇ ਤੇ ਬੇਈਮਾਨੀ ਕਰਕੇ ਦੋ ਗੁਨਾਹ ਕਰ ਦਿੱਤੇ ਸਨ, ਪਰ ਮੈਨੂੰ ਆਪਣੇ ਆਪ ‘ਤੇ ਗੁੱਸਾ ਆ ਰਿਹਾ ਸੀ ਕਿ ਮੇਰੀ ਸਿੱਖਿਆ ਵਿੱਚ ਕੀ ਕਮੀ ਰਹਿ ਗਈ ਸੀ, ਕਿਉਂਕਿ ਪਹਿਲੀ ਤੋਂ ਪੰਜਵੀਂ ਤੱਕ ਸਭ ਤੋਂ ਹੋਣਹਾਰ ਵਿਦਿਆਰਥਣ ਜੀਤੀ ਸੀ। ਇਸ ਤੋਂ ਪਹਿਲਾਂ ਕਿ ਉਹ ਮੈਨੂੰ ਦੇਖਦੀ, ਮੈਂ ਮੋਟਰ ਸਾਈਕਲ ਸਟਾਰਟ ਕਰਕੇ ਉਥੋਂ ਚੱਲ ਪਿਆ। ਹੁਣ ਮੈਨੂੰ ਅਗਲੇ ਦਿਨ ਸਕੂਲ ਜਾ ਕੇ ਉਸ ਦੀਆਂ ਇਨ੍ਹਾਂ ਦੋਵੇਂ ਹਰਕਤਾਂ ਬਾਰੇ ਪੁੱਛਣ ਦੀ ਕਾਹਲ ਸੀ, ਜਿਨ੍ਹਾਂ ਕਾਰਨ ਸਾਰੀ ਰਾਤ ਮੈਂ ਆਪਣੇ ਆਪ ਨਾਲ ਹੀ ਲੜਦਾ ਰਿਹਾ।
ਅਗਲੀ ਸਵੇਰ ਮੈਂ ਜਲਦੀ ਤਿਆਰ ਹੋ ਕੇ ਸਕੂਲ ਪਹੁੰਚ ਗਿਆ ਸੀ। ਮੈਂ ਸਕੂਲ ਦੀ ਸਵੇਰ ਦੀ ਸਭਾ ਦਾ ਸਮਾਂ ਸਮਾਂ ਹੀ ਲੰਘਾਇਆ। ਘੰਟੀ ਵੱਜਣ ਸਾਰ ਮੈਂ ਕਲਾਸ ਵਿੱਚ ਚਲਾ ਗਿਆ। ਜੀਤੀ ਆਪਣੇ ਹੀ ਧਿਆਨ ਵਿੱਚ ਕਾਪੀ ‘ਤੇ ਕੋਈ ਕੰਮ ਕਰ ਰਹੀ ਸੀ। ਮੈਂ ਹਾਜ਼ਰੀ ਲਾ ਕੇ ਜੀਤੀ ਨੂੰ ਆਪਣੇ ਕੋਲ ਬੁਲਾ ਕੇ ਸਵਾਲ ਕੀਤਾ, ‘ਹਾਂ ਬਈ ਜੀਤ ਕੌਰ ਜੀ, ਕੱਲ੍ਹ ਆਪਾਂ ਨੂੰ ਦੁਪਹਿਰ ਤੋਂ ਬਾਅਦ ਕੀ ਜ਼ਰੂਰੀ ਕੰਮ ਸੀ, ਜੋ ਛੁੱਟੀ ਲੈ ਕੇ ਘਰ ਗਏ ਸੀ।’
‘ਸਰ ਜੀ, ਮੈਨੂੰ ਘਰ ਵਿੱਚ ਜ਼ਰੂਰੀ ਕੰਮ ਸੀ।’ ਉਸ ਨੇ ਫਿਰ ਸੰਖੇਪ ਜਿਹਾ ਉਤਰ ਦਿੱਤਾ।
‘ਕੀ ਜ਼ਰੂਰੀ ਕੰਮ? ਜ਼ਰੂਰੀ ਕੰਮ ਦਾ ਝੂਠ ਬੋਲ ਕੇ ਚਲਾਕੀ ਨਾਲ ਸੰਤਰੇ ਇਕੱਠੇ ਕਰਨ ਦਾ ਕੰਮ ਸੀ।’ ਮੈਂ ਉਸ ਦੇ ਚਿਹਰੇ ਵੱਲ ਦੇਖਦੇ ਹੋਏ ਕਿਹਾ।
ਇੰਨਾ ਸੁਣ ਕੇ ਉਸ ਦੇ ਚਿਹਰੇ ਦਾ ਰੰਗ ਬਦਲ ਗਿਆ।
‘ਨਹੀਂ ਸਰ ਜੀ, ਮੈਂ ਕੋਈ ਝੂਠ ਨਹੀਂ ਬੋਲਿਆ ਜੀ।’ ਉਸ ਦੀ ਆਵਾਜ਼ ਥਿੜਕਣ ਲੱਗ ਪਈ ਸੀ।
‘ਮੈਂ ਤੈਨੂੰ ਆਪ ਦੇਖਿਆ ਹੈ। ਸਾਰੀ ਕਲਾਸ ਨੂੰ ਦੱਸ ਕਿ ਕੱਲ੍ਹ ਝੂਠ ਬੋਲ ਕੇ ਤੂੰ ਕਿੱਥੇ ਗਈ ਸੀ।’ ਮੈਂ ਗੁੱਸੇ ਨਾਲ ਜੀਤੀ ਨੂੰ ਕਿਹਾ।
ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸ ਦੀ ਆਵਾਜ਼ ਮੱਧਮ ਪੈ ਗਈ, ‘ਹਾਂ ਸਰ ਜੀ, ਮੈਂ ਝੂਠ ਬੋਲ ਕੇ ਛੁੱਟੀ ਨਹੀਂ ਲਈ ਤੇ ਨਾ ਮੈਂ ਕੋਈ ਚਲਾਕੀ ਨਾਲ ਸੰਤਰੇ ਇਕੱਠੇ ਕੀਤੇ ਹਨ। ਮੈਂ ਇਕ ਸੰਤਰਾ ਆਪਣਾ ਤੇ ਇਕ ਹਿੱਸਾ ਆਪਣੀ ਮੰਮੀ ਦਾ ਲਿਆ ਸੀ, ਪਰ ਮੈਂ ਦੋਵਾਂ ਸੰਤਰਿਆਂ ਵਿੱਚੋਂ ਇਕ ਫਾੜੀ ਵੀ ਨਹੀਂ ਖਾਧੀ। ਮੈਂ ਦੋਵੇਂ ਸੰਤਰੇ ਆਪਣੀ ਮੰਮੀ ਨੂੰ ਦੇ ਦਿੱਤੇ ਸੀ। ਮੇਰੀ ਮਾਂ ਬਿਮਾਰ ਹੈ। ਜਦੋਂ ਮੰਮੀ, ਡਾਕਟਰ ਕੋਲ ਦਵਾਈ ਲੈਣ ਗਈ ਸੀ ਤਾਂ ਮੈਂ ਵੀ ਨਾਲ ਸੀ। ਡਾਕਟਰ ਜੀ ਨੇ ਮੇਰੀ ਮਾਂ ਨੂੰ ਖੂਨ ਦੀ ਕਮੀ ਦੱਸੀ ਹੈ ਤੇ ਉਸ ਨੂੰ ਪੂਰੀ ਕਰਨ ਲਈ ਫਲ ਖਾਣ ਨੂੰ ਕਿਹਾ ਹੈ। ਮੈਂ ਕੱਲ੍ਹ ਸਵੇਰੇ ਸੁਣਿਆ ਕਿ ਮੰਤਰੀ ਨੂੰ ਫਲਾਂ ਨਾਲ ਤੋਲਿਆ ਜਾਣਾ ਹੈ। ਇਸ ਲਈ ਮੈਂ ਕੱਲ੍ਹ ਇਸੇ ਕੰਮ ਖਾਤਰ ਛੁੱਟੀ ਲਈ ਸੀ। ਸਰ ਜੀ, ਮੈਨੂੰ ਮੁਆਫ ਕਰ ਦਿਉ।’ ਜੀਤੀ ਨੇ ਆਪਣੀ ਸਾਰੀ ਗੱਲ ਕਰ ਕੇ ਹੱਥ ਜੋੜ ਦਿੱਤੇ ਸਨ ਤੇ ਉਸ ਨੇ ਹਟਕੋਰੇ ਲੈਂਦਿਆਂ ਹੀ ਇਹ ਸਾਰੀ ਗੱਲ ਦੱਸੀ ਸੀ।
ਸਾਰੀ ਗੱਲ ਸੁਣ ਕੇ ਮੇਰੇ ਅਚੇਤ ਦਿਮਾਗ ਵਿੱਚ ਮਾਪੇ ਮਿਲਣੀ ਸਮੇਂ ਸ਼ਰਾਬੀ ਹਾਲਤ ਵਿੱਚ ਸਕੂਲ ਆਏ ਜੀਤੀ ਦੇ ਪਿਤਾ ਦੀ ਤਸਵੀਰ ਘੁੰਮ ਗਈ। ਮੈਨੂੰ ਉਸ ਦੇ ਘਰ ਦੀ ਹਾਲਤ ਸਮਝਣ ਵਿੱਚ ਦੇਰ ਨਾ ਲੱਗੀ। ਮੇਰਾ ਕੱਲ੍ਹ ਦਾ ਗੁੱਸੇ ਨਾਲ ਭਰਿਆ ਦਿਲ ਪਿਘਲ ਕੇ ਮੋਮ ਹੋ ਚੁੱਕਿਆ ਸੀ। ਜੀਤੀ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਮੇਰਾ ਦਿਲ ਰੋ ਰਿਹਾ ਸੀ। ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਅੱਖਾਂ ਸਾਫ ਕਰਦੀ ਜੀਤੀ ਨੇ ਸਹਿਜ ਹੁੰਦਿਆਂ ਮੇਰੇ ਸ਼ਾਂਤ ਚਿਹਰੇ ਵੱਲ ਦੇਖਦੇ ਹੋਏ ਸਵਾਲ ਕੀਤਾ, ‘ਸਰ ਜੀ, ਇਹ ਵੋਟਾਂ ਕਦੋਂ ਪੈਣੀਆਂ ਹਨ? ਜੇ ਦੋ ਤਿੰਨ ਮਹੀਨੇ ਨਾ ਪੈਣ ਤਾਂ ਮੇਰੀ ਮਾਂ ਦਾ ਖੂਨ ਇਨ੍ਹਾਂ ਵੰਡੇ ਜਾਂਦੇ ਫਲਾਂ ਨਾਲ ਪੂਰਾ ਹੋ ਸਕਦਾ ਹੈ।’ ਜੀਤੀ ਨੇ ਆਪਣੇ ਸਵਾਲ ਨਾਲ ਇਹ ਸਵਾਲ ਪੁੱਛਣ ਦਾ ਮਕਸਦ ਵੀ ਦੱਸ ਦਿੱਤਾ ਸੀ। ਮੇਰੀ ਜ਼ੁਬਾਨ ਬੰਦ ਹੋ ਗਈ ਸੀ ਤੇ ਹਲਕਾ ਉਮੀਦਵਾਰ ਦੇ ਬੋਲੇ ਸਸਤਾ ਇਲਾਜ, ਨਸ਼ਾ ਰਹਿਤ ਸਮਾਜ, ਚੰਗੀ ਵਿੱਦਿਆ ਜਿਹੇ ਸ਼ਬਦ ਮੇਰੇ ਜ਼ਿਹਨ ਵਿੱਚ ਖੌਰੂ ਪਾਉਣ ਲੱਗ ਪਏ ਸਨ।