ਫਲੋਰੀਡਾ ‘ਚ ਪਿਓ ਨੇ ਚਾਰ ਬੱਚੇ ਮਾਰ ਕੇ ਖੁਦਕੁਸ਼ੀ ਕਰ ਲਈ


ਮਿਆਮੀ, 13 ਜੂਨ (ਪੋਸਟ ਬਿਊਰੋ)- ਅਮਰੀਕਾ ਦੇ ਫਲੋਰੀਡਾ ‘ਚ ਇਕ ਘਰ ਵਿੱਚ ਚਾਰ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਣ ਵਾਲੇ ਹਥਿਆਰ ਨਾਲ ਲੈਸ ਇਕ ਵਿਅਕਤੀ ਨੇ ਚਾਰ ਬੱਚਿਆਂ ਦੀ ਹੱਤਿਆ ਕਰਕੇ ਖੁਦ ਨੂੰ ਵੀ ਗੋਲੀ ਮਾਰ ਲਈ ਹੈ। ਗੈਰੀ ਲਿੰਡਸੇ ਜੂਨੀਅਰ (35), ਕੱਲ੍ਹ ਰਾਤ ਇਕ, ਛੇ 10 ਤੇ 11 ਸਾਲ ਦੇ ਬੱਚਿਆਂ ਨਾਲ ਮਰਿਆ ਹੋਇਆ ਦੇਖਿਆ ਗਿਆ। ਇਸ ‘ਚ ਦੋ ਬੱਚੇ ਉਸ ਦੇ ਅਤੇ ਦੋ ਉਸ ਦੀ ਪ੍ਰੇਮਿਕਾ ਦੇ ਸਨ।
ਆਰਲੈਂਡੋ ਪੁਲਸ ਮੁਖੀ ਜਾਨ ਮੈਨਾ ਨੇ ਕਿਹਾ ਕਿ ਪੁਲਸ ਨੂੰ ਰਾਤ ਕਰੀਬ ਨੌਂ ਵਜੇ ਘਰ ਵਿੱਚ ਦਾਖਲ ਹੋਣ ਉਤੇ ਪੰਜ ਲਾਸ਼ਾਂ ਬਰਾਮਦ ਹੋਈਆਂ। ਜਾਨ ਨੇ ਦੱਸਿਆ ਕਿ ਅਧਿਕਾਰੀ ਲਿੰਡਸੇ ਨਾਲ ਗੱਲਬਾਤ ਕਰਕੇ ਸ਼ਾਂਤੀ ਪੂਰਨ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਫੋਨ ਨੈਟਵਰਕ ‘ਚ ਗੜਬੜੀ ਸੀ। ਉਨ੍ਹਾਂ ਕਿਹਾ ਕਿ ਜਦੋਂ ਅਧਿਕਾਰੀਆਂ ਨੇ ਲਿੰਡਸੇ ਨੂੰ ਗੱਲ ਕਰਨ ਲਈ ਦੂਸਰਾ ਫੋਨ ਦੇਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਉਹ ਇਕ ਬੱਚੇ ਨੂੰ ਗੋਲੀ ਮਾਰ ਚੁੱਕਿਆ ਸੀ ਤੇ ਫਿਰ ਅਧਿਕਾਰੀਆਂ ਨੇ ਘਰ ਅੰਦਰ ਦਾਖਲ ਹੋਣ ਦਾ ਫੈਸਲਾ ਕੀਤਾ। ਬੀਤੀ ਰਾਤ ਇਹ ਸਿਲਸਿਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਲਿੰਡਸੇ ਦੀ ਪ੍ਰੇਮਿਕਾ ਨੇ ਪੁਲਸ ਨੂੰ ਫੋਨ ਕਰਕੇ ਦੱਸਿਆ ਕਿ ਲਿੰਡਸੇ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਜ਼ਿਕਰ ਯੋਗ ਹੈ ਕਿ ਲਿੰਡਸੇ ਪਹਿਲਾਂ ਵੀ ਘਰੇਲੂ ਹਿੰਸਾ ਤੇ ਅਪਰਾਧਿਕ ਘਟਨਾਵਾਂ ਦੇ ਮਾਮਲੇ ‘ਚ ਚਰਚਾ ‘ਚ ਰਹਿ ਚੁੱਕਿਆ ਸੀ।