ਫਲਾਈਟ ਵਿੱਚ ਮੁਸਾਫਰ ਵੱਲੋਂ ਨਾਲ ਬੈਠੀ ਔਰਤ ਨਾਲ ਬਦਤਮੀਜ਼ੀ ਦੀ ਸਿਖਰ

flight misbehave
ਬੈਂਗਲੁਰ, 2 ਜੁਲਾਈ (ਪੋਸਟ ਬਿਊਰੋ)- ਬੈਂਗਲੁਰੂ ਤੋਂ ਮੁੰਬਈ ਚੱਲੀ ਦੋ ਘੰਟੇ ਦੀ ਫਲਾਈਟ ਵਿਚ ਇਕ ਯਾਤਰੀ ਵਲੋਂ ਨਾਲ ਦੀ ਸੀਟ ਉੱਤੇ ਬੈਠੀ ਮਹਿਲਾ ਸਵਾੀ ਨਾਲ ਛੇੜਛਾੜ ਦੀ ਸਿਖਰ ਦੀ ਘਟਨਾ ਵਾਪਰੀ ਹੈ। ਬੀਤੇ ਮੰਗਲਵਾਰ ਸਵੇਰ ਨਵੀਂ ਮੁੰਬਈ ਦੀ ਰਹਿਣ ਵਾਲੀ ਇਕ ਔਰਤ ਨਾਲ ਫਲਾਈਟ ਵਿੱਚ ਭੱਦਾ ਵਿਹਾਰ ਕੀਤਾ ਗਿਆ। ਦੋਸ਼ੀ ਤਾਮਿਲ ਨਾਡੂ ਦਾ ਰਹਿਣ ਵਾਲਾ ਵਪਾਰੀ ਸੁਬਿਨ ਹਮਜ਼ਾ ਸੀ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਮਹਿਲਾ ਮੁਸਾਫਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇੰਡੀਗੋ ਫਲਾਈਟ ਮੁੰਬਈ ਵਿੱਚ ਸਵੇਰੇ 8:10 ਮਿੰਟ ਉੱਤੇ ਲੈਂਡ ਹੋਣੀ ਸੀ। ਇਸ ਫਲਾਈਟ ਵਿੱਚ ਉਸ ਔਰਤ ਦੇ ਦੱਸਣ ਅਨੁਸਾਰ ਹਮਜ਼ਾ ਨੇ ਉਸ ਨੂੰ ਪਹਿਲਾਂ ਛੂਹਣ ਦੀ ਕੋਸ਼ਿਸ਼ ਕੀਤੀ, ਫਿਰ ਭੋਜਨ ਦੀ ਟ੍ਰੇਅ ਉੱਪਰ ਸੁੱਟ ਦਿੱਤੀ। ਹਵਾਈ ਅੱਡੇ ਦੀ ਪੁਲਸ ਨੇ ਦੱਸਿਆ ਕਿ ਜਦੋਂ ਔਰਤ ਸੌਂ ਰਹੀ ਸੀ ਤਾਂ ਉਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਇਸਨੂੰ ਨਜ਼ਰ ਅੰਦਾਜ਼ ਕਰਦੇ ਹੋਏ ਆਪਣੇ ਬੈਠਣ ਦਾ ਤਰੀਕਾ ਬਦਲ ਲਿਆ, ਪਰ ਮਰਦ ਮੁਸਾਫਰ ਫਿਰ ਨਹੀਂ ਰੁਕਿਆ ਅਤੇ ਲਗਾਤਾਰ ਟੱਚ ਕਰਦਾ ਰਿਹਾ। ਫਿਰ ਉਹ ਉਸ ਔਰਤ ਨੂੰ ਆਪਣਾ ਗੁਪਤ ਅੰਗ ਦਿਖਾਉਣ ਲੱਗਾ। ਇਸ ਪਿੱਛੋਂ ਔਰਤ ਨੇ ਕਰੂਅ ਮੈਂਬਰ ਨੂੰ ਸੂਚਿਤ ਕੀਤਾ ਤਾਂ ਹੋਸਟੈੱਸ ਦੇ ਆਉਣ ਉੱਤੇ ਉਸ ਨੂੰ ਆਪਣੀ ਪੈਂਟ ਦੀ ਜਿ਼ਪ ਬੰਦ ਕਰਦਾ ਵੇਖਿਆ ਗਿਆ। ਇਸ ਪਿੱਛੋਂ ਉਸ ਮਹਿਲਾ ਨੇ ਆਪਣੀ ਸੀਟ ਬਦਲਵਾ ਲਈ ਅਤੇ ਦੂਸਰੀ ਥਾਂ ਜਾ ਬੈਠੀ।
ਇਸ ਘਟਨਾ ਤੋਂ ਬਾਅਦ ਫਲਾਈਟ ਅਟੈਂਡੈਂਟ ਨੇ ਹਵਾਈ ਅੱਡਾ ਸਕਿਓਰਟੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਹਮਜ਼ਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਛੇੜਛਾੜ ਦਾ ਦੋਸ਼ ਦਰਜ ਕੀਤਾ ਹੈ। ਹਮਜ਼ਾ ਨੇ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ, ਪਰ ਅਦਾਲਤ ਨੇ ਇਸ ਬਾਰੇ ਪੁਲਸ ਤੋਂ ਜਵਾਬ ਮੰਗਿਆ ਹੈ।
ਵਰਨਣ ਯੋਗ ਹੈ ਕਿ ਇਸ ਤਰ੍ਹਾਂ ਦਾ ਮਾਮਲਾ 19 ਜੂਨ ਨੂੰ ਵੀ ਸਾਹਮਣੇ ਆਇਆ ਸੀ, ਜਦੋਂ ਦਿੱਲੀ-ਮੁੰਬਈ ਫਲਾਈਟ ਵਿੱਚ ਇਕ ਔਰਤ ਨਾਲ ਮਰਦ ਯਾਤਰੀ ਨੇ ਛੇੜਛਾੜ ਕੀਤੀ ਸੀ।