ਫਲਾਈਟ ਵਿੱਚੋਂ ਉਤਾਰੇ ਜਾਂਦੇ ਮੁਸਾਫਰਾਂ ਦੇ ਵੀ ਹੁੰਦੇ ਨੇ ਕਾਨੂੰਨੀ ਹੱਕ

flight
ਨਵੀਂ ਦਿੱਲੀ, 15 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀਆਂ ਏਅਰ ਲਾਈਨਾਂ ਨੇ ਮੁਸਾਫਰ ਨੂੰ ਜਹਾਜ਼ ਤੋਂ ਉਤਾਰਨ ਦੇ ਲਈ ਕਦੇ ਯੂਨਾਈਟਿਡ ਏਅਰਲਾਈਨਸ ਵਾਲੀ ਹਰਕਤ ਨਹੀਂ ਕੀਤੀ, ਪਰ ਪਿਛਲੇ ਸਾਲ ਕਰੀਬ 15,000 ਲੋਕਾਂ ਨੂੰ ਸਫਰ ਕਰਨ ਤੋਂ ਰੋਕਣਾ ਪਿਆ ਹੈ। ਇਸ ਮਾਮਲੇ ਵਿੱਚ ਜੈੱਟ ਏਅਰਵੇਜ਼ ਮੋਹਰੀ ਰਿਹਾ ਤੇ ਦੂਜੇ ਨੰਬਰ ਉੱਤੇ ਏਅਰ ਇੰਡੀਆ ਸੀ। ਪਿਛਲੇ ਸਾਲ ਉਤਾਰੇ ਗਏ ਹਰ ਚਾਰ ਮੁਸਾਫਰਾਂ ਵਿੱਚੋਂ ਤਿੰਨ ਨੇ ਜੈੱਟ ਏਅਰਵੇਜ਼ ਦੇ ਟਿਕਟ ਬੁੱਕ ਕੀਤੇ ਸਨ। ਔਸਤ ਦੇ ਮੁਕਾਬਲੇ ਭਾਰਤ ਵਿੱਚ ਲੋਕਾਂ ਨੂੰ ਜਹਾਜ਼ ਤੋਂ ਉਤਾਰਨ ਦੀ ਗਿਣਤੀ ਘੱਟ ਹੈ।
ਪਿਛਲੇ ਐਤਵਾਰ ਨੂੰ ਯੂਨਾਈਟਿਡ ਏਅਰਲਾਈਨਸ ਨੇ ਸ਼ਿਕਾਗੋ ਵਿੱਚ ਜ਼ਬਰਦਸਤੀ ਇਕ ਯਾਤਰੀ ਨੂੰ ਜਹਾਜ਼ ਤੋਂ ਉਤਾਰ ਦਿੱਤਾ ਸੀ। ਜਦੋਂ ਸ਼ਿਕਾਗੋ ਪੁਲਸ ਉਸ ਨੂੰ ਲੈ ਕੇ ਜਾ ਰਹੀ ਸੀ ਤਾਂ ਉਸ ਦੇ ਮੂੰਹ ਤੋਂ ਖੂਨ ਨਿਕਲ ਰਿਹਾ ਸੀ। ਇਸ ਸੰਬੰਧ ਵਿੱਚ ਪਤਾ ਲੱਗਾ ਹੈ ਕਿ ਖਾਲੀ ਸੀਟਾਂ ਜਹਾਜ਼ ਕੰਪਨੀਆਂ ਲਈ ਘਾਟੇ ਦਾ ਸੌਦਾ ਹੁੰਦੀਆਂ ਹਨ। ਇਸ ਲਈ ਸੰਭਾਵਿਤ ਮੁਸਾਫਰਾਂ ਦੀ ਗਿਣਤੀ ਪੂਰੀ ਕਰਨ ਲਈ ਕੰਪਨੀਆਂ ਸੀਟਾਂ ਤੋਂ ਵੱਧ ਟਿਕਟਾਂ ਬੁੱਕ ਕਰ ਲੈਂਦੀਆਂ ਹਨ। ਏਸੇ ਤਰ੍ਹਾਂ ਅਮਰੀਕਾ ਵਿੱਚ ਹਮੇਸ਼ਾ ਓਵਰ ਬੁਕਿੰਗ ਕੀਤੀ ਜਾਂਦੀ ਹੈ ਤੇ ਜਦੋਂ ਉਡਾਣ ਸਮੇਂ ਸੀਟਾਂ ਤੋਂ ਵਧ ਯਾਤਰੀ ਹੋ ਜਾਂਦੇ ਹਨ ਤਾਂ ਕੁਝ ਲੋਕਾਂ ਨੂੰ ਦੂਜੀ ਫਲਾਈਟ ਵਿੱਚ ਜਾਣ ਲਈ ਲੁਭਾਵਣੇ ਆਫਰ ਅਤੇ ਵਾਊਚਰ ਦਿੱਤੇ ਜਾਂਦੇ ਹਨ।
ਭਾਰਤ ਵਿੱਚ ਭਾਰਤੀ ਹਵਾਬਾਜ਼ੀ ਨਿਯਮਾਂ ਮੁਤਾਬਕ ਤੁਹਾਡੇ ਮੁਸਾਫਰਾਂ ਦੇ ਇਹ ਅਧਿਕਾਰ ਹਨ:
-ਜੇ ਕਿਸੇ ਯਾਤਰੀ ਨੂੰ ਉਸ ਦੀ ਮਰਜ਼ੀ ਦੇ ਖਿਲਾਫ ਜਹਾਜ਼ ਉੱਤੇ ਚੜ੍ਹਨ ਤੋਂ ਰੋਕਿਆ ਜਾਂਦਾ ਹੈ ਅਤੇ ਕੰਪਨੀ ਇਕ ਘੰਟੇ ਦੇ ਅੰਦਰ ਕਿਸੇ ਦੂਜੀ ਉਡਾਣ ਦੀ ਟਿਕਟ ਦੇ ਦੇਵੇ ਤਾਂ ਕੰਪਨੀ ਨੂੰ ਕੋਈ ਮੁਆਵਜ਼ਾ ਨਹੀਂ ਦੇਣਾ ਹੋਵੇਗਾ।
-ਜੇ ਦੂਜੀ ਉਡਾਣ 24 ਘੰਟੇ ਵਿੱਚ ਜਾਣ ਵਾਲੀ ਹੈ ਤਾਂ ਜਹਾਜ਼ ਤੋਂ ਉਤਾਰੇ ਗਏ ਯਾਤਰੀ ਨੂੰ ਕੰਪਨੀ ਵੱਲੋਂ ਇਕ ਪਾਸੇ ਦੀ ਯਾਤਰਾ ਦੇ ਕਿਰਾਏ ਦਾ 200 ਫੀਸਦੀ ਜਾਂ 10,000 ਰੁਪਏ ਤੱਕ ਮੁਆਵਜ਼ਾ ਦੇਣਾ ਪੈ ਸਕਦਾ ਹੈ।
-ਜੇ ਦੂਜੀ ਫਲਾਈਟ 24 ਘੰਟੇ ਬਾਅਦ ਜਾਣ ਵਾਲੀ ਹੋਵੇ ਤਾਂ ਕੰਪਨੀ ਵੱਲੋਂ ਮੁਸਾਫਰ ਨੂੰ ਕਿਰਾਏ ਦਾ 400 ਫੀਸਦੀ ਜਾਂ 20,000 ਰੁਪਏ ਤੱਕ ਦਾ ਮੁਆਵਜ਼ਾ ਦੇਣਾ ਪੈ ਸਕਦਾ ਹੈ।
-ਜੇ ਮੁਸਾਫਰ ਦੂਜੀ ਉਡਾਣ ਵਿੱਚ ਨਹੀਂ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਟਿਕਟ ਦੇ ਕਿਰਾਏ ਦਾ 400 ਫੀਸਦੀ ਜਾਂ 20,000 ਰੁਪਏ ਤਕ ਦਾ ਮੁਆਵਜ਼ਾ ਦੇਣਾ ਪੈ ਸਕਦਾ ਹੈ।