ਫਲਸਤੀਨੀ ਨਰਸ ਦੀ ਅੰਤਿਮ ਯਾਤਰਾ ‘ਚ ਹਜ਼ਾਰਾਂ ਲੋਕ ਸ਼ਾਮਲ ਹੋਏ


ਗਾਜ਼ਾ, 4 ਜੂਨ (ਪੋਸਟ ਬਿਊਰੋ)- ਫਲਸਤੀਨ ਵਿੱਚ ਇਜ਼ਰਾਈਲੀ ਹਮਲਿਆਂ ‘ਚ ਮਾਰੀ ਗਈ ਇਕ ਨਰਸ ਦੇ ਜਨਾਜ਼ੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ। 21 ਸਾਲਾ ਰਜਾਨ ਅਲ-ਨਜਰ ਗਾਜ਼ਾ ਸਿਹਤ ਮੰਤਰਾਲੇ ਦੀ ਵਲੰਟੀਅਰ ਸੀ। ਸ਼ੁੱਕਰਵਾਰ ਖਾਨ ਯੂਨੀਸ ਕੋਲ ਰਜਾਨ ਦੀ ਛਾਤੀ ‘ਤੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਐਂਬੂਲੈਂਸ ਅਤੇ ਮੈਡੀਕਲ ਮੁਲਾਜ਼ਮ ਵੀ ਇਸ ਜਨਾਜ਼ੇ ‘ਚ ਸ਼ਾਮਲ ਹੋਏ।
ਰਜਾਨ ਦੇ ਪਿਤਾ ਨੇ ਇਸ ਦੌਰਾਨ ਖੂਨ ਨਾਲ ਲਥਪਥ ਉਹੀ ਸਫੈਦ ਮੈਡੀਕਲ ਜੈਕੇਟ ਫੜੀ ਸੀ, ਜੋ ਹਮਲੇ ਦੇ ਸਮੇਂ ਰਜਾਨ ਨੇ ਪਾਈ ਸੀ। ਰਜਾਨ ਦੇ ਰਿਸ਼ਤੇਦਾਰਾਂ ਮੁਤਾਬਕ ਨਜਰ ਸਰਹੱਦ ਪਾਰ ਹਫਤਿਆਂ ਤੋਂ ਜਾਰੀ ਹਿੰਸਾ ਦੌਰਾਨ ਜ਼ਖਮੀਆਂ ਦੇ ਇਲਾਜ ਵਿੱਚ ਮਦਦ ਕਰਦੀ ਸੀ। ਮਾਰਚ ਦੇ ਅਖੀਰ ਵਿੱਚ ਸ਼ੁਰੂ ਹੋਈ ਇਸ ਹਿੰਸਾ ‘ਚ ਹੁਣ ਤੱਕ 115 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ‘ਚ ਅਲ-ਨਜਰ ਦੂਸਰੀ ਔਰਤ ਸੀ। ਉਸ ਦੇ ਜਨਾਜ਼ੇ ਤੋਂ ਬਾਅਦ ਦਰਜਨਾਂ ਲੋਕ ਵਾੜ ਤੱਕ ਗਏ ਤੇ ਦੂਜੇ ਪਾਸੇ ਮੌਜੂਦ ਇਜ਼ਰਾਈਲੀ ਸੈਨਿਕਾਂ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਫਲਸਤੀਨੀ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਈਲੀ ਹਮਲੇ ‘ਚ ਪੰਜ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਫਲਸਤੀਨ ਦੇ ਦੋਸ਼ਾਂ ਦੇ ਜਵਾਬ ‘ਚ ਇਜ਼ਰਾਈਲ ਨੇ ਕਿਹਾ ਉਸ ਨੇ ਸਿਰਫ ਵਿਰੋਧ ਪ੍ਰਦਰਸ਼ਨ ਦੀ ਆੜ ‘ਚ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਲੋਕਾਂ ‘ਤੇ ਗੋਲੀ ਚਲਾਈ ਹੈ।
ਵਰਨਣ ਯੋਗ ਹੈ ਕਿ ਕੁਝ ਹਫਤੇ ਪਹਿਲਾਂ ਗਾਜ਼ਾ ਇਜ਼ਰਾਈਲ ਸਰਹੱਦ ਉੱਤੇ ਭਿਆਨਕ ਹਿੰਸਾ ਹੋਈ ਸੀ ਅਤੇ ਇਜ਼ਰਾਈਲੀ ਸੁਰੱਖਿਆ ਬਲਾਂ ਦੇ ਹੱਥੋਂ ਘੱਟੋ-ਘੱਟ 100 ਫਲਸਤੀਨੀ ਨਾਗਰਿਕ ਮਾਰੇ ਗਏ ਸਨ। ਮਾਰੇ ਗਏ ਫਲਸਤੀਨੀ ਯੇਰੂਸ਼ਲਮ ‘ਚ ਅਮਰੀਕੀ ਦੂਤਘਰ ਖੁੱਲ੍ਹਣ ਦਾ ਵਿਰੋਧ ਕਰ ਰਹੇ ਸਨ।