ਫਰਜ਼ੀ ਦਸਤਾਵੇਜ਼ਾਂ ਉੱਤੇ ਵਿਦੇਸ਼ ਜਾਣ ਲੱਗੇ ਤਿੰਨ ਜਣੇ ਫੜੇ ਗਏ

arrested videsh
ਅੰਮ੍ਰਿਤਸਰ, 15 ਜੁਲਾਈ (ਪੋਸਟ ਬਿਊਰੋ)- ਪੁਲਸ ਨੇ ਜਾਅਲੀ ਦਸਤਾਵੇਜ਼ਾਂ ਨਾਲ ਵਿਦੇਸ਼ ਜਾ ਰਹੇ ਤਿੰਨ ਜਣਿਆਂ ਨੂੰ ਗੁਰੂ ਸ੍ਰੀ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਵਿੱਚ ਇੱਕ ਜੰਮੂ-ਕਸ਼ਮੀਰ ਦਾ ਅਤੇ ਦੋ ਜਣੇ ਅੰਮ੍ਰਿਤਸਰ ਜਿ਼ਲੇ ਦੇ ਹਨ। ਇਮੀਗਰੇਸ਼ਨ ਵਿਭਾਗ ਨੇ ਥਾਣਾ ਰਾਜਾਸਾਂਸੀ ਵਿੱਚ ਤਿੰਨਾਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾ ਦਿੱਤਾ ਹੈ।
ਪੁਲਸ ਦੇ ਦੱਸਣ ਅਨੁਸਾਰ ਹਵਾਈ ਅੱਡਾ ਇਮੀਗਰੇਸ਼ਨ ਅਧਿਕਾਰੀ ਜਗਦੀਪ ਸਿੰਘ ਨੇ ਮਲੇਸ਼ੀਆ ਜਾਣ ਵਾਲੀ ਮਲਾਇੰਡੋ ਏਅਰਲਾਈਨਸ ਦੀ ਫਲਾਈਟ ਵਿੱਚ ਜਾਣ ਲਈ ਜਦ ਨਿਤੀਸ਼ ਰਾਜਾ ਵਾਸੀ ਚੈਨਪੁਰ, ਤਹਿਸੀਲ ਕਾਲਾਕੋਟ, ਜ਼ਿਲ੍ਹਾ ਰਾਜੌਰੀ (ਜੰਮੂ ਕਸ਼ਮੀਰ) ਦਾ ਪਾਸਪੋਰਟ ਚੈੱਕ ਕੀਤਾ ਤਾਂ ਵੀਜ਼ਾ ਜਾਅਲੀ ਮਿਲਿਆ। ਇਮੀਗਰੇਸ਼ਨ ਅਧਿਕਾਰੀ ਨੇ ਇਸ ਬਾਰੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਏਸੇ ਤਰ੍ਹਾਂ ਦਾ ਦੂਸਰਾ ਮਾਮਲਾ ਗੁਰਦਾਸਪੁਰ ਦੇ ਜ਼ਿਲ੍ਹਾ ਬਟਾਲਾ ਨਾਲ ਜੁੜਿਆ ਹੈ। ਇਥੋਂ ਦੀ ਮਹਿਲਾ ਗੁਰਵਿੰਦਰ ਕੌਰ ਨੇ ਵੀ ਮਲੇਸ਼ੀਆ ਜਾਣ ਲਈ ਇਮੀਗਰੇਸ਼ਨ ਅਧਿਕਾਰੀ ਨੂੰ ਪਾਸਪੋਰਟ ਦਿੱਤਾ। ਇਮੀਗਰੇਸ਼ਨ ਅਧਿਕਾਰੀ ਜਗਦੀਪ ਸਿੰਘ ਨੇ ਉਸ ਦੇ ਪਾਸਪੋਰਟ ਦਾ ਵੀਜ਼ਾ ਗਲਤ ਪਾਇਆ। ਸੂਚਨਾ ਦਿੱਤੇ ਜਾਣ ਉੱਤੇ ਪੁਲਸ ਨੇ ਮਹਿਲਾ ਉੱਤੇ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਛੇਹਰਟਾ ਦੇ ਨਿਊ ਬਾਬਾ ਦੀਪ ਸਿੰਘ ਕਲੋਨੀ ਸੰਨ੍ਹ ਸਾਹਿਬ ਰੋਡ ਦੇ ਰਵਿੰਦਰ ਕੁਮਾਰ ਨੂੰ ਦੁਬਈ ਜਾਂਦੇ ਸਮੇਂ ਗ੍ਰਿਫਤਾਰ ਕੀਤਾ ਗਿਆ। ਇਮੀਗਰੇਸ਼ਨ ਅਧਿਕਾਰੀ ਰਜਨੀਸ਼ ਸ਼ਰਮਾ ਨੇ ਪਾਸਪੋਰਟ ਚੈਕਿੰਗ ਦੌਰਾਨ ਵੀਜ਼ਾ ਜਾਅਲੀ ਪਾਇਆ। ਪੁਲਸ ਰਵਿੰਦਰ ਕੁਮਾਰ ਤੋਂ ਪੁੱਛਗਿੱਛ ਕਰ ਰਹੀ ਹੈ।