ਫਰਜ਼ੀ ਟਰੈਵਲ ਏਜੰਟਾਂ ਖਿਲਾਫ ਪੁਲਸ ਮੁਹਿੰਮ ਜਾਰੀ, ਦੋ ਕਾਬੂ


ਜਲੰਧਰ, 17 ਨਵੰਬਰ (ਪੋਸਟ ਬਿਊਰੋ)- ਬਸ ਸਟੈਂਡ ਜਲੰਧਰ ਦੇ ਨੇੜੇ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਪੁਲਸ ਵੱਲੋਂ ਚਲਾਈ ਮੁਹਿੰਮ ਹੇਠ ਥਾਣਾ ਨੰਬਰ ਸੱਤ ਦੀ ਚੌਕੀ ਬਸ ਸਟੈਂਡ ਦੀ ਪੁਲਸ ਨੇ ਇੱਕ ਏਜੰਟ ਤੇ ਲੜਕੀ ਨੂੰ ਕਾਬੂ ਕੀਤਾ ਹੈ। ਦੋਵੇਂ ਬਿਨਾਂ ਲਾਇਸੈਂਸ ਤੋਂ ਟਰੈਵਲ ਏਜੰਟ ਦਾ ਕੰਮ ਕਾਫੀ ਦੇਰ ਤੋਂ ਕਰ ਰਹੇ ਸਨ।
ਏ ਸੀ ਪੀ ਮਾਡਲ ਟਾਊਨ ਸਮੀਰ ਵਰਮਾ ਦੇ ਮੁਤਾਬਕ ਬਸ ਸਟੈਂਡ ਦੇ ਚੌਕੀ ਇੰਚਾਰਜ ਸੇਵਾ ਸਿੰਘ ਨੇ ਸੂਚਨਾ ਦੇ ਆਧਾਰ ਉੱਤੇ ਇਸ ਇਲਾਕੇ ਵਿੱਚ ਕੰਸਲਟੈਂਸੀ ਦਾ ਦਫਤਰ ਚਲਾਉਣ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨਵਾਂ ਸ਼ਹਿਰ ਤੇ ਉਸ ਕੋਲ ਕੰਮ ਕਰਨ ਵਾਲੀ ਰਿਵਿਕਾ ਪੁੱਤਰੀ ਜੋਸਫ ਥਾਪਰ ਵਾਸੀ ਸੂਰਾਨੁੱਸੀ ਨੂੰ ਗ੍ਰਿਫਤਾਰ ਕੀਤਾ ਹੈ। ਗੁਰਪ੍ਰੀਤ ਬਿਨਾਂ ਲਾਇਸੈਂਸ ਦੇ ਦਫਤਰ ਚਲਾ ਕੇ ਲੋਕਾਂ ਨਾਲ ਠੱਗੀ ਮਾਰਦਾ ਸੀ। ਪੁਲਸ ਨੇ ਛਾਪੇ ਦੌਰਾਨ ਚਾਰ ਪਾਸਪੋਰਟ ਵੀ ਬਰਾਮਦ ਕੀਤੇ ਅਤੇ ਇਨ੍ਹਾਂ ਦੇ ਕੰਪਿਊਟਰ ਜ਼ਬਤ ਕਰ ਲਏ ਹਨ ਤਾਂ ਜੋ ਅਗਲੀ ਜਾਂਚ ਕੀਤੀ ਜਾ ਸਕੇ। ਏ ਸੀ ਪੀ ਵਰਮਾ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਅਤੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਕਪੂਰਥਲਾ ਜੇਲ੍ਹ ਭੇਜ ਦਿੱਤਾ ਹੈ। ਵਰਨਣ ਯੋਗ ਹੈ ਕਿ ਪਹਿਲਾਂ ਵੀ ਬਸ ਸਟੈਂਡ ਤੋਂ ਪੁਲਸ ਨੇ ਤਿੰਨ ਫਰਜ਼ੀ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਸੀ।