ਫਰੀਦਕੋਟ ਜੇਲ੍ਹ ‘ਚ ਬੰਦ ਤਿੰਨ ਸਿਰਸਾ ਡੇਰਾ ਪ੍ਰੇਮੀ ਮੋਹਾਲੀ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼


* ਸੀ ਬੀ ਆਈ ਨੇ ਪ੍ਰੋਡਕਸ਼ਨ ਵਾਰੰਟ ਉੱਤੇ ਜੇਲ੍ਹ ਤੋਂ ਲਿਆਂਦੇ
ਐਸ ਏ ਐਸ ਨਗਰ (ਮੁਹਾਲੀ), 7 ਜੁਲਾਈ (ਪੋਸਟ ਬਿਊਰੋ)- ਜਿ਼ਲਾ ਫਰੀਦਕੋਟ ਦੇ ਬਰਗਾੜੀ ਬੇਅਦਬੀ ਕਾਂਡ ‘ਤੇ ਮੋਗਾ ਜਿ਼ਲੇ ਵਿੱਚ ਤੋੜ-ਭੰਨ ਕਰਕੇ ਬੱਸਾਂ ਨੂੰ ਅੱਗ ਲਾਉਣ ਦੇ ਦੋਸ਼ ‘ਚ ਫਰੀਦਕੋਟ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਤਿੰਨ ਪ੍ਰੇਮੀਆਂ ਨੂੰ ਸੀ ਬੀ ਆਈ ਦੀ ਟੀਮ ਕੱਲ੍ਹ ਕਰੜੀ ਸੁਰੱਖਿਆ ਵਿੱਚ ਮੋਹਾਲੀ ਅਦਾਲਤ ਵਿੱਚ ਲਿਆਈ ਹੈ। ਇਨ੍ਹਾਂ ਤਿੰਨਾਂ ਨੂੰ ਸੀ ਬੀ ਆਈ ਪ੍ਰੋਡਕਸ਼ਨ ਵਾਰੰਟ ‘ਤੇ ਫਰੀਦਕੋਟ ਜੇਲ੍ਹ ਤੋਂ ਲੈ ਕੇ ਆਈ ਅਤੇ ਸਪੈਸ਼ਲ ਜੁਡੀਸ਼ੀਅਲ ਮੈਜਿਸਟਰੇਟ ਜਤਿੰਦਰ ਪਾਲ ਸਿੰਘ ਦੀ ਸੀ ਬੀ ਆਈ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ।
ਇਸ ਸੰਬੰਧ ਵਿੱਚ ਮਿਲੀ ਰਿਪੋਰਟ ਦੇ ਅਨੁਸਾਰ ਮੋਹਿੰਦਰਪਾਲ ਸਿੰਘ ਉਰਫ ਬਿੱਟੂ, ਸ਼ਕਤੀ ਤੇ ਸੁਖਜਿੰਦਰ ਸਿੰਘ ਉਰਫ ਸੰਨੀ ਨੂੰ ਪੇਸ਼ ਕਰਨ ਮੌਕੇ ਸੀ ਬੀ ਆਈ ਨੇ ਅਦਾਲਤ ਵਿੱਚ ਇਨ੍ਹਾਂ ਤਿੰਨ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਨ ਵੇਲੇ ਇਹ ਤਰਕ ਦਿੱਤਾ ਕਿ ਤਿੰਨਾਂ ਨੂੰ ਮੋਗਾ ਵਿਖੇ ਤੋੜ ਭੰਨ ਕਰ ਬੱਸਾਂ ਨੂੰ ਅੱਗ ਲਾਉਣ ਦੇ ਕੇਸ ‘ਚ ਮੋਗਾ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਸੀ ਬੀ ਆਈ ਸਾਹਮਣੇ ਕਬੂਲ ਕੀਤਾ ਸੀ ਕਿ ਬਰਗਾੜੀ ਕਾਂਡ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਸੀ। ਇਸ ਲਈ ਇਸ ਮਾਮਲੇ ‘ਚ ਉਨ੍ਹਾਂ ਤੋਂ ਪੁੱਛਗਿੱਛ ਕਰਨੀ ਹੈ ਕਿ ਇਸ ਕੇਸ ‘ਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ। ਸੀ ਬੀ ਆਈ ਦੀਆਂ ਦਲੀਲਾਂ ਸੁਣਨ ਪਿੱਛੋਂ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 13 ਜੁਲਾਈ ਤੱਕ ਲਈ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਬਚਾਅ ਪੱਖ ਵੱਲੋਂ ਕੇਸ ਲੜ ਰਹੇ ਐਡਵੋਕੇਟ ਗੁਰਭਗਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਕੇਸ ਵਿੱਚ ਅਗਲੀ ਪੇਸ਼ੀ ‘ਤੇ ਆਪਣਾ ਪੱਖ ਰੱਖਣਗੇ।