ਫਰੀਦਕੋਟ ਖੁਦਕੁਸ਼ੀ ਕਾਂਡ ਵਿੱਚ ਤਿੰਨ ਅਕਾਲੀ ਆਗੂਆਂ ਸਮੇਤ ਪੰਜਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ

court 2
ਫਰੀਦਕੋਟ, 20 ਅਪ੍ਰੈਲ (ਪੋਸਟ ਬਿਊਰੋ)- ਸੁਸਾਈਟੀ ਨਗਰ ਫਰੀਦਕੋਟ ਦੇ ਇੱਕ ਪਰਵਾਰ ਵੱਲੋਂ ਸਤੰਬਰ 2016 ਵਿੱਚ ਖੁਦਕੁਸ਼ੀ ਕਰਨ ਦੇ ਕੇਸ ਵਿੱਚ ਕੱਲ੍ਹ ਅਦਾਲਤ ਨੇ ਸ਼ਹਿਰ ਦੇ ਤਿੰਨ ਅਕਾਲੀ ਆਗੂਆਂ ਸਮੇਤ ਪੰਜ ਜਣਿਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰ ਕੇ ਉਨ੍ਹਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।
ਵਰਨਣ ਯੋਗ ਹੈ ਕਿ 20 ਸਤੰਬਰ 2016 ਸੁਸਾਈਟੀ ਨਗਰ ਦੇ ਜਗਤਾਰ ਸਿੰਘ, ਉਸ ਦੀ ਪਤਨੀ ਸਲਵਿੰਦਰ ਕੌਰ, ਧੀ ਹਰਭਜਨ ਕੌਰ ਅਤੇ ਪ੍ਰਵੀਨ ਕੌਰ ਨੇ ਰਾਜਸਥਾਨ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਤੇ ਮਰਨ ਤੋਂ ਪਹਿਲਾਂ ਖੁਦਕੁਸ਼ੀ ਨੋਟ ਵਿੱਚ ਜਿ਼ਲਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਭੋਲੂਵਾਲਾ, ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ, ਅਕਾਲੀ ਆਗੂ ਬਲਵੀਰ ਸਿੰਘ ਟਿੰਟਾ, ਜਤਿੰਦਰ ਕੁਮਾਰ, ਸੱਤਪਾਲ ਸਿੰਘ, ਲਾਲ ਸਿੰਘ, ਬਲਜੀਤ ਸਿੰਘ, ਬੱਬੂ ਸਿੰਘ, ਗੁਰਦੇਵ ਕੌਰ ਤੇ ਜਸਪਾਲ ਕੌਰ ਨੂੰ ਇਸ ਖੁਦਕੁਸ਼ੀ ਦਾ ਜ਼ਿੰਮੇਵਾਰ ਠਹਿਰਾਇਆ ਸੀ। ਜ਼ਿਲ੍ਹਾ ਪੁਲਸ ਨੇ 23 ਸਤੰਬਰ 2016 ਨੂੰ ਲਾਲ ਸਿੰਘ, ਬਲਜੀਤ ਸਿੰਘ, ਬੱਬੂ ਸਿੰਘ, ਗੁਰਦੇਵ ਕੌਰ ਤੇ ਜਸਪਾਲ ਕੌਰ ਵਿਰੁੱਧ ਆਈ ਪੀ ਸੀ ਦੀ ਧਾਰਾ 306/34 ਦਾ ਕੇਸ ਦਰਜ ਕਰ ਲਿਆ, ਪ੍ਰੰਤੂ ਅਕਾਲੀ ਆਗੂਆਂ ਸਣੇ ਉਕਤ ਪੰਜ ਜਣਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਸਰਕਾਰੀ ਵਕੀਲ ਨੇ ਅਦਾਲਤ ਵਿੱਚ ਅਰਜ਼ੀ ਦਾਖਲ ਕਰ ਕੇ ਮੰਗ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੂੰ ਪੁਲਸ ਨੇ ਕਲੀਨ ਚਿੱਟ ਦਿੱਤੀ ਹੈ, ਉਹਨਾਂ ਨੂੰ ਦੋਸ਼ੀ ਵਜੋਂ ਅਦਾਲਤ ਵਿੱਚ ਤਲਬ ਕੀਤਾ ਜਾਵੇ। ਅਦਾਲਤ ਨੇ ਅਰਜ਼ੀ ਨੂੰ ਪ੍ਰਵਾਨ ਕਰ ਕੇ ਅਕਾਲੀ ਆਗੂਆਂ ਸਮੇਤ ਪੰਜ ਜਣਿਆਂ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਦੀ ਹਦਾਇਤ ਕੀਤੀ ਹੈ।