ਫਰਾਂਸ ਸਕੂਲਾਂ ਵਿੱਚ ਮੋਬਾਈਲ ਬੈਨ ਕਰਨ ਵਾਲਾ ਪਹਿਲਾ ਦੇਸ਼ ਬਣਿਆ


ਪੈਰਿਸ, 9 ਜੂਨ (ਪੋਸਟ ਬਿਊਰੋ)- ਭਾਰਤ ਵਿੱਚ ਅਕਸਰ ਟਾਪਰ ਬੱਚਿਆਂ ਨੂੰ ਮੋਬਾਈਲ, ਲੈਪਟਾਪ ਦਿੱਤਾ ਜਾਣਾ ਅਹਿਮ ਏਜੰਡੇ ਵਿੱਚ ਸ਼ਾਮਲ ਹੁੰਦਾ ਹੈ। ਦੁਨੀਆ ਦਾ ਇਕ ਦੇਸ਼ ਅਜਿਹਾ ਹੈ, ਜੋ ਆਪਣੇ ਟਾਪਰਸ ਨੂੰ ਗੈਜੇਟ ਤੋਂ ਦੂਰ ਕਰਨ ਦੇ ਯਤਨ ਕਰ ਰਿਹਾ ਹੈ, ਤਾਂ ਕਿ ਉਨ੍ਹਾਂ ਦੇ ਟਾਪਰਸ ਟਾਪ ਉੱਤੇ ਟਿਕੇ ਰਹਿਣ। ਇਹ ਦੇਸ਼ ਫਰਾਂਸ ਹੈ।
ਫਰਾਂਸ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ, ਜੋ ਕਾਨੂੰਨ ਬਣਾ ਕੇ ਸਕੂਲ ਵਿੱਚ ਬੱਚਿਆਂ ਦਾ ਮੋਬਾਈਲ ਲਿਆਉਣਾ ਬੈਨ ਕਰ ਰਿਹਾ ਹੈ। ਦੇਸ਼ ਦੀ ਕਾਨੂੰਨ ਬਣਾਉਣ ਵਾਲੀ ਕਮੇਟੀ ਨੇ ਇਹ ਪ੍ਰਸਤਾਵ ਪਾਸ ਕਰ ਦਿੱਤਾ ਹੈ। ਅਗਸਤ ਸਤੰਬਰ ਵਿੱਚ ਸ਼ੁਰੂ ਹੋਣ ਵਾਲੇ ਨਵੇਂ ਵਿੱਦਿਅਕ ਸੈਸ਼ਨ ਤੋਂ ਇਹ ਫਰਾਂਸ ਦੇ ਸਾਰੇ ਸਕੂਲਾਂ ਵਿੱਚ ਲਾਗੂ ਵੀ ਹੋ ਜਾਵੇਗਾ। ਫ੍ਰੇਂਚ ਏਜੰਸੀ ਆਫ ਰੈਗੂਲੇਟਿੰਗ ਟੈਲੀਕਿਮਊਨੀਕੇਸ਼ਨ ਦੀ ਇਕ ਰਿਪੋਰਟ ਮੁਤਾਬਕ 12 ਤੋਂ 17 ਸਾਲ ਦੇ 93 ਫੀਸਦੀ ਬੱਚੇ ਮੋਬਾਈਲ ਲੈ ਕੇ ਸਕੂਲ ਜਾਂਦੇ ਹਨ। ਸਾਲ 2005 ਵਿੱਚ ਇਹ ਅੰਕੜੇ 72 ਫੀਸਦੀ ਸਨ। ਇਹ ਨਵਾਂ ਕਾਨੂੰਨ ਬੱਚਿਆਂ ਦੇ ਨਾਲ ਟੀਚਰ ‘ਤੇ ਵੀ ਲਾਗੂ ਹੋਵੇਗਾ। ਫਰਾਂਸ ਦੇ ਟੀਚਰ ਸਕੂਲ ਵਿੱਚ ਮੋਬਾਈਲ ਬੈਨ ਕਰਵਾਉਣ ਦੀ ਅਪੀਲ ਕਰਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਬੱਚੇ ਕਲਾਸ ਵਿੱਚ ਵੀ ਮੋਬਾਈਲ ਦੀ ਵਰਤੋਂ ਕਰਦੇ ਰਹਿੰਦੇ ਹਨ।
ਪੀਸਾ ਐਜ਼ੂਕੇਸ਼ਨ ਇੰਡੀਕੇਟਰ ਦੇ ਮੁਤਾਬਕ ਸਿੱਖਿਆ ਦੀ ਗੁਣਵੱਤਾ ਵਿੱਚ ਫਰਾਂਸ ਦੀ ਰੈਕਿੰਗ ਪੰਜ ਸਾਲ ਵਿੱਚ ਪੰਜਵੇਂ ਸਥਾਨ ਉਤੇ ਡਿੱਗੀ ਹੈ। ਇਸ ਦੇ ਪਿੱਛੇ ਕਲਾਸ ਵਿੱਚ ਬੱਚਿਆਂ ਦਾ ਮੋਬਾਈਲ ਫੋਨ ਲਿਆਉਣਾ ਜ਼ਿੰਮੇਵਾਰ ਹੈ। ਇਸ ਨੂੰ ਦੇਖਦੇ ਹੋਏ ਪਿਛਲੇ ਸਾਲ ਫਰਾਂਸ ਦੀਆਂ ਆਮ ਚੋਣਾਂ ਵਿੱਚ ਰਾਸ਼ਟਰਪਤੀ ਇਮੈਨੁਏਲ ਮੈਕ੍ਰੋ ਨੇ ਸਕੂਲਾਂ ਵਿੱਚ ਮੋਬਾਈਲ ਬੈਨ ਕਰਵਾਉਣ ਦਾ ਵਾਅਦਾ ਕੀਤਾ ਸੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ ‘ਤੇ ਬੈਨ ਲਾਗੂ ਕਰਾ ਸਕਣਾ ਸੰਭਵ ਨਹੀਂ ਹੋਵੇਗਾ। ਫਰਾਂਸ ਵਿੱਚ ਕਰੀਬ 51 ਹਜ਼ਾਰ ਪ੍ਰਾਇਮਰੀ ਤੇ ਸੱਤ ਹਜ਼ਾਰ ਮਿਡਲ ਸਕੂਲ ਹਨ। ਇਨ੍ਹਾਂ ‘ਚੋਂ ਕਰੀਬ 29 ਹਜ਼ਾਰ ਸਕੂਲਾਂ ਨੇ ਪਹਿਲਾ ਹੀ ਆਪੋ ਆਪਣੇ ਪੱਧਰ ‘ਤੇ ਕੈਂਪਸ ਵਿੱਚ ਮੋਬਾਈਲ ਬੈਨ ਕਰ ਰੱਖਿਆ ਸੀ, ਪਰ ਇਸ ਦਾ ਕੋਈ ਕਾਨੂੰਨ ਨਹੀਂ ਸੀ। ਨਵੇਂ ਕਾਨੂੰਨ ਦੇ ਤਹਿਤ ਸਕੂਲਾਂ ਨੂੰ ਹੀ ਇਹ ਜ਼ਿੰਮੇਵਾਰੀ ਦਿੱਤੀ ਜਾਵੇਗੀ ਕਿ ਉਹ ਆਪਣੇ ਕੈਂਪਸ ਵਿੱਚ ਇਸ ਦਾ ਪਾਲਣ ਨਿਸ਼ਚਿਤ ਕਰੇ।