ਫਰਾਂਸ ਵਿੱਚ ਮੱਧ-ਕਾਲੀ ਯੁੱਗ ਦੇ ਸਿੱਕਿਆਂ ਦਾ ਖਜ਼ਾਨਾ ਮਿਲਿਆ


ਲੰਡਨ, 17 ਨਵੰਬਰ (ਪੋਸਟ ਬਿਊਰੋ)- ਫਰਾਂਸ ‘ਚ ਮੱਧ ਕਾਲੀ ਯੁੱਗ ਦੇ ਸੋਨੇ ਤੇ ਚਾਂਦੀ ਦੇ ਸਿੱਕਿਆਂ ਦਾ ਵੱਡਾ ਖਜ਼ਾਨਾ ਮਿਲਿਆ ਹੈ। ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਬੰਦ ਕੰਪਲੈਕਸ ਤੋਂ ਏਨੇ ਵੱਡੇ ਪੱਧਰ ਉੱਤੇ ਸੋਨੇ ਅਤੇ ਚਾਂਦੀ ਦੇ ਏਨੇ ਪੁਰਾਣੇ ਸਿੱਕੇ ਮਿਲੇ ਹੋਣ। ਫਰਾਂਸ ਦੇ ਰਾਸ਼ਟਰੀ ਵਿਗਿਆਨੀ ਖੋਜ ਕੇਂਦਰ ਨੇ ਸਤੰਬਰ ਮਹੀਨੇ ‘ਚ ਏਬੀ ਆਫ ਕਲੂਨੀ (ਇਸਾਈ ਧਾਰਮਿਕ ਸਥਾਨ) ਦੀ ਖੁਦਾਈ ਕੀਤੀ ਸੀ।
ਚਾਂਦੀ ਦੇ ਸਿੱਕਿਆਂ ਦੀ ਗਿਣਤੀ 200 ਤੋਂ ਵੱਧ ਹੈ। ਇਨ੍ਹਾਂ ਸਿੱਕਿਆਂ ਦੀ ਕਰੀਬ 12ਵੀਂ ਤੋਂ 13ਵੀਂ ਸਦੀ ਤੱਕ ਏਬੀ ਆਫ ਕਲੂਨੀ ਦੀ ਟਕਸਾਲ ‘ਚ ਢੁਲਾਈ ਹੋਈ ਸੀ। ਸਿੱਕੇ ਕੱਪੜੇ ਦੇ ਥੱਲੇ ‘ਚ ਰੱਖੇ ਗਏ ਸਨ। ਇਨ੍ਹਾਂ ਤੋਂ ਇਲਾਵਾ ਸੋਨੇ ਦੇ 21 ਸਿੱਕੇ ਵੀ ਮਿਲੇ ਹਨ, ਜਿਨ੍ਹਾਂ ਨੂੰ ਚਮੜੇ ਦੇ ਥੈਲੇ ‘ਚ ਰੱਖਿਆ ਗਿਆ ਸੀ। ਇਨ੍ਹਾਂ ‘ਚੋਂ ਇਕ ਸੋਨੇ ਦੀ ਅੰਗੂਠੀ ਵੀ ਮਿਲੀ ਹੈ, ਜਿਹੜੀ ਕਾਫੀ ਮਹਿੰਗੀ ਹੈ। ਇਹ ਸਿੱਕੇ ਅਮੋਰੋਵਿਦ ਵੰਸ਼ ਦੇ ਅਲੀ ਇਬਨ ਯੂਸਫ (1106-1143) ਦੇ ਸ਼ਾਸਨਕਾਲ ਦੇ ਹਨ। ਖੋਜਕਰਤਾ ਬਰਾਮਦ ਵਸਤਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਤਾਂ ਜੋ ਇਨ੍ਹਾਂ ਦੀ ਸਹੀ ਤਰੀਕ ਦੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਖਜ਼ਾਨੇ ‘ਚ ਮਿਲੀਆਂ ਵਸਤਾਂ ਬਹੁਤ ਕੀਮਤੀ ਹਨ। ਅਰਬੀ ਕਰੰਸੀ, ਚਾਂਦੀ ਅਤੇ ਸੋਨੇ ਦੇ ਸਿੱਕਿਆਂ ਦੇ ਇਕੱਠੇ ਮਿਲਣ ਨਾਲ ਅਧਿਐਨ ਦਿਲਚਸਪ ਹੋ ਗਿਆ ਹੈ।