ਫਰਾਂਸ ਨੂੰ ਪਿੱਛੇ ਛੱ ਕੇ ਭਾਰਤ ਛੇਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ


ਪੈਰਿਸ, 12 ਜੁਲਾਈ (ਪੋਸਟ ਬਿਊਰੋ)- ਵਿਕਾਸ ਦੇ ਆਸਰੇ ਭਾਰਤੀ ਅਰਥ ਵਿਵਸਥਾ ਨੇ ਉਚੀ ਉਡਾਣ ਭਰੀ ਹੈ। ਫਰਾਂਸ ਨੂੰ ਸੱਤਵੇਂ ਰੈਂਕ ਉਤੇ ਪਿੱਛੇ ਛੱਡਦੇ ਹੋਏ ਭਾਰਤ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ। ਵਿਸ਼ਵ ਬੈਂਕ ਦੇ 2017 ਦੇ ਅਪਡੇਟੇਡ ਡਾਟਾ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਭਾਰਤ ਦੀ ਜੀ ਡੀ ਪੀ (ਕੁੱਲ ਘਰੇਲੂ ਉਤਪਾਦਨ) ਪਿਛਲੇ ਸਾਲ ਦੇ ਅੰਤ ‘ਚ 2.597 ਟਿ੍ਰਲੀਅਨ ਡਾਲਰ ਸੀ, ਜਦ ਕਿ ਫਰਾਂਸ ਦੀ 2.582 ਟਿ੍ਰਲੀਅਨ ਡਾਲਰ ਸੀ। ਕਈ ਤਿਮਾਹੀਆਂ ਦੀ ਮੰਦੀ ਮਗਰੋਂ ਭਾਰਤ ਦੀ ਅਰਥ ਵਿਵਸਥਾ ਜੁਲਾਈ 2017 ਤੋਂ ਫਿਰ ਮਜ਼ਬੂਤ ਹੋਣ ਲੱਗੀ ਹੈ। ਵਰਨਣ ਯੋਗ ਹੈ ਕਿ ਭਾਰਤ ਦੀ ਆਬਾਦੀ ਇਸ ਸਮੇਂ 134 ਕਰੋੜ ਹੈ ਤੇ ਇਹ ਦੁਨੀਆ ਦਾ ਸਭ ਤੋਂ ਆਬਾਦੀ ਵਾਲਾ ਦੇਸ਼ ਬਣਨ ਵੱਲ ਵਧ ਰਿਹਾ ਹੈ। ਫਰਾਂਸ ਦੀ ਆਬਾਦੀ ਸਿਰਫ ਛੇ ਕਰੋੜ ਸੱਤ ਲੱਖ ਹੈ। ਮਿਲੇ ਅੰਕੜਿਆਂ ਅਨੁਸਾਰ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ‘ਚ ਭਾਰਤ ਫਰਾਂਸ ਤੋਂ ਕਈ ਗੁਣਾ ਪਿੱਛੇ ਹੈ। ਨੋਟਬੰਦੀ ਅਤੇ ਜੀ ਐਸ ਟੀ ਦੇ ਨਾਲ ਦਿਸੇ ਠਹਿਰਾਅ ਮਗਰੋਂ ਪਿਛਲੇ ਸਾਲ ਮੈਨੂੰਫੈਕਚਰਿੰਗ ਅਤੇ ਕਨਜਿ਼ਊਮਰ ਖਰਚ ‘ਚ ਤੇਜ਼ੀ ਵੀ ਇਸ ਦੇਸ਼ ਦੀ ਅਰਥ ਵਿਵਸਥਾ ਨੂੰ ਰਫਤਾਰ ਦੇਣ ਦਾ ਪ੍ਰਮੁੱਖ ਕਾਰਨ ਸੀ। ਇਕ ਦਹਾਕੇ ਵਿੱਚ ਭਾਰਤ ਦੀ ਜੀ ਡੀ ਪੀ ਦੁਗਣੀ ਹੋ ਚੁੱਕੀ ਹੈ ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਚੀਨ ਦੀ ਰਫਤਾਰ ਹੌਲੀ ਪੈ ਸਕਦੀ ਹੈ, ਜਿਸ ਕਾਰਨ ਭਾਰਤ ਏਸ਼ੀਆ ਦਾ ਪ੍ਰਮੁੱਖ ਆਰਥਿਕ ਤਾਕਤ ਵਜੋਂ ਉਭਰ ਸਕਦਾ ਹੈ। ਇੰਟਰਨੈਸ਼ਨਲ ਮੌਨੀਟਰੀ ਫੰਡ ਦੇ ਅਨੁਸਾਰ ਇਸ ਸਾਲ ਭਾਰਤ ਦੀ ਗ੍ਰੋਥ 7.4 ਫੀਸਦੀ ਰਹਿ ਸਕਦੀ ਹੈ ਤੇ ਟੈਕਸ ਸੁਧਾਰ ਅਤੇ ਘਰੇਲੂ ਖਰਚ ਕਾਰਨ 2019 ‘ਚ ਭਾਰਤ ਦੀ ਵਿਕਾਸ ਦਰ 7.8 ਫੀਸਦੀ ਪੁੱਜ ਸਕਦੀ ਹੈ। ਦੁਨੀਆ ਦੀ ਔਸਤ ਵਿਕਾਸ ਦਰ ਦੇ 3.9 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟਾਇਆ ਗਿਆ ਹੈ।
ਲੰਡਨ ਦੀ ਕੰਸਲਟੈਂਸੀ ਫਰਮ ਸੈਂਟਰ ਫਾਰ ਇਕਨਾਮਿਕਸ ਐਂਡ ਬਿਜਨਸ ਰਿਸਰਚ ਨੇ ਪਿਛਲੇ ਸਾਲ ਦੇ ਆਖਰ ‘ਚ ਕਿਹਾ ਸੀ ਕਿ ਜੀ ਡੀ ਪੀ ਦੇ ਲਿਹਾਜ਼ ਨਾਲ ਭਾਰਤ ਬ੍ਰਿਟੇਨ ਅਤੇ ਫਰਾਂਸ ਦੋਵਾਂ ਨੂੰ ਪਿੱਛੇ ਛੱਡ ਦੇਵੇਗਾ। ਇਹੀ ਨਹੀਂ 2032 ਤੱਕ ਭਾਰਤ ਦੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਦੀ ਸੰਭਾਵਨਾ ਪ੍ਰਗਟਾਈ ਹੈ। 2017 ਦੇ ਆਖਰ ‘ਚ ਬ੍ਰਿਟੇਨ 2.622 ਟ੍ਰਿਲੀਅਨ ਦੀ ਜੀ ਡੀ ਪੀ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਸੀ। ਜ਼ਿਕਰ ਯੋਗ ਹੈ ਕਿ ਇਸ ਸਮੇਂ ਅਮਰੀਕਾ ਦੁਨੀਆ ਦੀ ਟਾਪ ਅਰਥ ਵਿਵਸਥਾ ਹੈ।