ਫਰਸਟ ਨੇਸ਼ਨਜ਼ ਚਾਈਲਡ ਵੈੱਲਫੇਅਰ ਸਰਵਿਸਿਜ਼ ਲਈ ਵਧੇਰੇ ਪੈਸੇ ਖਰਚੇਗੀ ਫੈਡਰਲ ਸਰਕਾਰ :ਫਿਲਪੌਟ


ਓਟਵਾ, 6 ਦਸੰਬਰ (ਪੋਸਟ ਬਿਊਰੋ) : ਇੰਡੀਜੀਨਸ ਸਰਵਿਸਿਜ਼ ਮੰਤਰੀ ਜੇਨ ਫਿਲਪੌਟ ਦਾ ਕਹਿਣਾ ਹੈ ਕਿ ਅਗਲੇ ਫੈਡਰਲ ਬਜਟ ਵਿੱਚ ਫਰਸਟ ਨੇਸ਼ਨਜ਼ ਚਾਈਲਡ ਵੈੱਲਫੇਅਰ ਸਰਵਿਸਿਜ਼ ਲਈ ਵਧੇਰੇ ਪੈਸੇ ਰੱਖੇ ਜਾਣਗੇ। ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਰਕਮ ਕਿੰਨੀ ਹੋਵੇਗੀ।
ਅਸੈਂਬਲੀ ਆਫ ਫਰਸਟ ਨੇਸ਼ਨਜ਼ ਵੱਲੋਂ ਚੀਫਜ਼ ਦੀ ਵਿਸੇ਼ਸ਼ ਮੀਟਿੰਗ ਉੱਤੇ ਫਿਲਪੌਟ ਨੇ ਆਖਿਆ ਕਿ ਗੈਰ ਮੂਲਵਾਸੀ ਬੱਚਿਆਂ ਦੇ ਮੁਕਾਬਲੇ ਮੂਲਵਾਸੀ ਬੱਚਿਆਂ ਲਈ ਉਪਲਬਧ ਵਸੀਲਿਆਂ ਵਿੱਚ ਫੰਡਾਂ ਨੂੰ ਲੈ ਕੇ ਜਿਹੜਾ ਪਾੜਾ ਪਿਆ ਹੋਇਆ ਹੈ ਲਿਬਰਲ ਸਰਕਾਰ ਉਸ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਉਹ ਵਿੱਤ ਮੰਤਰੀ ਬਿੱਲ ਮੌਰਨਿਊ ਨਾਲ ਸਾਲ 2018 ਦਾ ਬਜਟ ਜਾਰੀ ਕਰਨ ਤੋਂ ਪਹਿਲਾਂ ਫੰਡਿੰਗ ਸਬੰਧੀ ਗੱਲਬਾਤ ਕਰੇਗੀ।
ਉਨ੍ਹਾਂ ਆਖਿਆ ਕਿ ਫਰਸਟ ਨੇਸ਼ਨਜ਼ ਦੀਆਂ ਚਾਈਲਡ ਵੈੱਲਫੇਅਰ ਸਰਵਿਸਿਜ਼ ਲਈ ਹੋਣ ਵਾਲੀ ਘੱਟ ਫੰਡਿੰਗ ਨੂੰ ਲੈ ਕੇ ਵੀ ਉਹ ਕਾਫੀ ਚਿੰਤਤ ਹੈ। ਇਹ ਮਾਮਲਾ ਕਾਨੂੰਨੀ ਲੜਾਈ ਦਾ ਹੈ ਤੇ ਇਸ ਸਮੇਂ ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਕੋਲ ਹੈ। ਏਐਫਐਨ ਤੇ ਫਰਸਟ ਨੇਸ਼ਨਜ਼ ਚਾਈਲਡ ਐਂਡ ਫੈਮਿਲੀ ਕੇਅਰਿੰਗ ਸੁਸਾਇਟੀ ਦੋਵੇਂ ਹੀ ਚਾਹੁੰਦੀਆਂ ਹਨ ਕਿ ਫੈਡਰਲ ਸਰਕਾਰ ਇਸ ਲਈ ਹੋਰ ਪੈਸੇ ਦੇਵੇ ਤੇ ਜਲਦ ਤੋਂ ਜਲਦ 155 ਮਿਲੀਅਨ ਡਾਲਰ ਦੀ ਮਾਲੀ ਇਮਦਾਦ ਦਿੱਤੀ ਜਾਵੇ।