ਪੱਤਰਕਾਰ ਅਤੇ ਅਦਾਰੇ ਉੱਤੇ ਕੇਸ ਕਰਨ ਲਈ ਮੀਡੀਆ ਵੱਲੋਂ ਆਧਾਰ ਅਥਾਰਿਟੀ ਦੀ ਆਲੋਚਨਾ


* ਮਾਮਲੇ ਦੀ ਨਿਰਪੱਖ ਜਾਂਚ ਅਤੇ ਕੇਸ ਵਾਪਸ ਲੈਣ ਦੀ ਮੰਗ ਉੱਠੀ
ਨਵੀਂ ਦਿੱਲੀ, 7 ਜਨਵਰੀ, (ਪੋਸਟ ਬਿਊਰੋ)- ਆਧਾਰ ਕਾਰਡ ਦੀ ਲੀਕੇਜ ਦੇ ਖੁਲਾਸੇ ਹੋਣ ਪਿੱਛੋਂ ਯੂ ਆਈ ਡੀ ਏ ਆਈ ਵੱਲੋਂ ‘ਦਿ ਟ੍ਰਿਬਿਊਨ’ ਤੇ ਉਸ ਦੀ ਪੱਤਰਕਾਰ ਰਚਨਾ ਖਹਿਰਾ ਦੇ ਖ਼ਿਲਾਫ਼ ਕੇਸ ਦਰਜ ਕਰਵਾਏ ਜਾਣ ਦੀ ਪੱਤਰਕਾਰਾਂ ਤੇ ਮੀਡੀਆ ਸੰਗਠਨਾਂ ਨੇ ਆਲੋਚਨਾ ਕੀਤੀ ਹੈ। ਐਡੀਟਰਜ਼ ਗਿਲਡ ਆਫ ਇੰਡੀਆ, ਬ੍ਰਾਡਕਾਸਟ ਐਡੀਟਰਜ਼ ਐਸੋਸੀਏਸ਼ਨ (ਬੀ ਈ ਏ), ਦਿ ਇੰਡੀਅਨ ਜਰਨਲਿਸਟਜ਼ ਯੂਨੀਅਨ, ਪ੍ਰੈੱਸ ਕਲੱਬ ਆਫ ਇੰਡੀਆ, ਇੰਡੀਅਨ ਵਿਮੈੱਨਜ਼ ਪ੍ਰੈੱਸ ਕੋਰ, ਪ੍ਰੈੱਸ ਐਸੋਸੀਏਸ਼ਨ ਅਤੇ ਮੁੰਬਈ ਪ੍ਰੈੱਸ ਕਲੱਬ ਨੇ ਯੂ ਆਈ ਡੀ ਏ ਆਈ ਦੀ ਇਸ ਕਾਰਵਾਈ ਨੂੰ ਮੀਡੀਆ ਦੀ ਆਜ਼ਾਦੀ ਉੱਤੇ ਹਮਲਾ ਕਰਾਰ ਦਿੰਦੇ ਹੋਏ ਇਸ ਦੀ ਨਿਖੇਧੀ ਕੀਤੀ ਹੈ।
ਐਡੀਟਰਜ਼ ਗਿਲਡ ਦੇ ਬਿਆਨ ਮੁਤਾਬਕ ‘ਯੂ ਆਈ ਡੀ ਏ ਆਈ ਦਾ ਇਹ ਕਦਮ ਸਾਫ ਤੌਰ ਉੱਤੇ ਪੱਤਰਕਾਰ ਨੂੰ ਧਮਕਾਉਣ ਦੀ ਕਾਰਵਾਈ ਹੈ, ਹਾਲਾਂਕਿ ਇਹ ਰਿਪੋਰਟ ਵੱਡੇ ਜਨਤਕ ਹਿੱਤ ਵਿੱਚ ਸੀ। ਇਹ ਪ੍ਰੈੱਸ ਦੀ ਆਜ਼ਾਦੀ ਉੱਤੇ ਕੋਝਾ, ਨਾਜਾਇਜ਼ ਅਤੇ ਸਿੱਧਾ ਹਮਲਾ ਹੈ। ਪੱਤਰਕਾਰ ਨੂੰ ਸਜ਼ਾ ਦੇਣ ਬਜਾਏ ਯੂ ਆਈ ਡੀ ਏ ਆਈ ਨੂੰ ਇਸ ਦੀ ਮੁਕੰਮਲ ਜਾਂਚ ਦਾ ਹੁਕਮ ਦੇਣਾ ਚਾਹੀਦਾ ਤੇ ਜਾਂਚ ਰਿਪੋਰਟ ਨੂੰ ਜਾਰੀ ਕਰਨਾ ਚਾਹੀਦਾ ਹੈ।’ ਉਨ੍ਹਾਂ ਮੰਗ ਕੀਤੀ ਕਿ ਸਬੰਧਤ ਕੇਂਦਰੀ ਮੰਤਰਾਲਾ ਇਸ ਵਿੱਚ ਦਖ਼ਲ ਦਿੰਦਿਆਂ ‘ਇਸ ਮਸਲੇ ਦੀ ਨਿਰਪੱਖ ਜਾਂਚ ਕਰਾਉਣ ਤੋਂ ਇਲਾਵਾ ਪੱਤਰਕਾਰ ਖ਼ਿਲਾਫ਼ ਕੇਸ ਵਾਪਸ ਲਵੇ।’ ਬੀ ਈ ਏ ਨੇ ਪੱਤਰਕਾਰ ਰਚਨਾ ਖਹਿਰਾ ਦੇ ਖ਼ਿਲਾਫ਼ ਕੇਸ ਵਾਪਸ ਲੈਣ ਦੀ ਮੰਗ ਕਰਦੇ ਹੋਏ ਬਿਆਨ ਵਿੱਚ ਕਿਹਾ ਹੈ ਕਿ ‘ਸਿਸਟਮ ਦੀਆਂ ਖਾਮੀਆਂ ਦਾ ਪਰਦਾ ਫਾਸ਼ ਕਰਨ ਵਾਲੇ ਪੱਤਰਕਾਰਾਂ ਖ਼ਿਲਾਫ਼ ਇਸ ਤਰ੍ਹਾਂ ਦੇ ਕੇਸ ਭਾਰਤੀ ਜਮਹੂਰੀਅਤ ਤੇ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੇ ਮੂੰਹ ਉੱਤੇ ਚਪੇੜ ਹੈ।’ ਇੰਡੀਅਨ ਜਰਨਲਿਸਟਜ਼ ਯੂਨੀਅਨ ਨੇ ਕਿਹਾ ਹੈ ਕਿ ‘ਦਿ ਟ੍ਰਿਬਿਊਨ, ਉਸ ਦੀ ਪੱਤਰਕਾਰ ਤੇ ਉਸ ਦੇ ਸੂਤਰਾਂ ਖ਼ਿਲਾਫ਼ ਕੇਸ ਦਰਜ ਕਰਨਾ ਯੂ ਆਈ ਡੀ ਏ ਆਈ ਵਿੱਚ ਭ੍ਰਿਸ਼ਟਾਚਾਰ ਤੇ ਅਯੋਗਤਾ ਉੱਤੇ ਲਿੱਪਾ-ਪੋਚੀ ਦੀ ਕਾਰਵਾਈ ਅਤੇ ਮੀਡੀਆ ਦੀ ਆਜ਼ਾਦੀ ਉੱਤੇ ਸਿੱਧਾ ਹਮਲਾ ਹੈ।’ ਉਸ ਨੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਅਤੇ ਯੂ ਆਈ ਡੀ ਏ ਆਈ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨ ਅਤੇ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਮਜ਼ਬੂਤੀ ਨਾਲ ਕਦਮ ਚੁੱਕਣ ਦਾ ਸੱਦਾ ਦਿੱਤਾ। ਪ੍ਰੈੱਸ ਕਲੱਬ ਆਫ ਇੰਡੀਆ, ਇੰਡੀਅਨ ਵਿਮੈੱਨ ਪ੍ਰੈੱਸ ਕੋਰ ਤੇ ਪ੍ਰੈੱਸ ਐਸੋਸੀਏਸ਼ਨ ਨੇ ਸਾਂਝੇ ਬਿਆਨ ਵਿੱਚ ਕਿਹਾ, ‘ਇਹ ਕਦਮ ਯੂ ਆਈ ਡੀ ਏ ਆਈ ਦੇ ਉਸ ਦਾਅਵੇ ਦੇ ਉਲਟ ਹੈ, ਜਿਸ ਵਿੱਚ ਕਿਹਾ ਸੀ ਕਿ ਬਾਇਓਮੈਟਰਿਕ ਜਾਣਕਾਰੀ ਸਮੇਤ ਆਧਾਰ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਜੇ ਕੋਈ ਸੰਨ੍ਹ ਹੀ ਨਹੀਂ ਲੱਗੀ ਤਾਂ ਉਨ੍ਹਾਂ ਨੇ ਜੁਰਮ ਕੀ ਕੀਤਾ ਹੈ।’