ਪੰਦਰਾਂ ਸਾਲ ਪੁਰਾਣੇ ਭ੍ਰਿਸ਼ਟਾਚਾਰੀ ਕੇਸ ਵਿੱਚ ਰਵੀ ਸਿੱਧੂ ਦੋਸ਼ੀ ਕਰਾਰ


ਮੁਹਾਲੀ, 10 ਜਨਵਰੀ, (ਪੋਸਟ ਬਿਊਰੋ)- ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਕਰੀਬ 15 ਸਾਲ ਪੁਰਾਣੇ ਬਹੁ-ਚਰਚਿਤ ਕੇਸ (ਪੈਸੇ ਲੈ ਕੇ ਗਜ਼ਟਿਡ ਅਧਿਕਾਰੀਆਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਨੌਕਰੀ ਦੇਣ) ਦੇ ਮਾਮਲੇ ਵਿੱਚ ਅੱਜ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਉਰਫ਼ ਰਵੀ ਸਿੱਧੂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਉਸ ਨੂੰ 15 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਸਮੇਂ ਰਵੀ ਸਿੱਧੂ ਜ਼ਮਾਨਤ ਉੱਤੇ ਸੀ ਅਤੇ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਪਿੱਛੋਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਕੇਸ ਦੇ 5 ਮੁਲਜ਼ਮਾਂ ਗੁਰਦੀਪ ਸਿੰਘ ਮਨਚੰਦਾ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ, ਪਰਮਜੀਤ ਸਿੰਘ, ਪ੍ਰੇਮ ਸਾਗਰ ਤੇ ਰਣਜੀਤ ਸਿੰਘ ਧੀਰਾ ਨੂੰ ਬਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਤੋਂ ਜ਼ਮਾਨਤੀ ਬਾਂਡ ਭਰਵਾਉਣ ਪਿੱਛੋਂ ਜਾਣ ਦਿੱਤਾ ਗਿਆ।
ਅੱਜ ਦੇ ਫੈਸਲੇ ਵਿੱਚ ਰਵੀ ਸਿੱਧੂ ਨੂੰ ਦੋਸ਼ੀ ਸਾਬਤ ਕਰਨ ਦੇ ਲਈ ਸਰਕਾਰੀ ਗਵਾਹ ਵਜੋਂ ਪੰਜਾਬ ਪੁਲੀਸ ਦੇ ਡੀ ਆਈ ਜੀ ਜਸਕਰਨ ਸਿੰਘ ਦੀ ਗਵਾਹੀ ਖਾਸ ਮੰਨੀ ਗਈ ਹੈ। ਜਾਂਚ ਅਫਸਰ ਨੇ ਅਦਾਲਤ ਨੂੰ ਦੱਸਿਆ ਕਿ ਰਵੀ ਸਿੱਧੂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਹੁੰਦਿਆਂ ਵੱਖ ਵੱਖ ਵਿਭਾਗਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਰਤੀ ਵਾਸਤੇ ਰਿਸ਼ਵਤ ਲਈ ਅਤੇ ਇਸ ਕੰਮ ਲਈ ਉਸ ਨੇ ਜਾਅਲੀ ਬੈਂਕ ਖ਼ਾਤੇ ਵੀ ਖੋਲ੍ਹੇ ਸਨ। ਰਿਸ਼ਵਤ ਦੇ ਪੈਸੇ ਦਾ ਰਵੀ ਸਿੱਧੂ ਦੇ ਨੇੜਲੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਵੀ ਲੈਣ-ਦੇਣ ਹੋਇਆ ਸੀ।
ਵਰਨਣ ਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਦੌਰਾਨ 25 ਮਾਰਚ 2002 ਨੂੰ ਰਵੀ ਸਿੱਧੂ ਵਿਰੁੱਧ ਮੁਹਾਲੀ ਦੇ ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਖਰੜ ਅਤੇ ਰੂਪਨਗਰ ਦੀਆਂ ਅਦਾਲਤਾਂ ਵਿੱਚ ਵੀ ਇਹ ਕੇਸ ਚੱਲਿਆ ਸੀ।