ਪੰਜਾਹ ਸਾਲਾ ਲਾੜੀ ਅਤੇ ਬਾਰਾਂ ਸਾਲਾ ਲਾੜਾ ਵੇਖ ਕੇ ਨਿਊਯਾਰਕ ਦੇ ਲੋਕ ਹੈਰਾਨ ਹੋਏ


ਨਿਊਯਾਰਕ, 23 ਜੂਨ (ਪੋਸਟ ਬਿਊਰੋ)- ਕੱਲ੍ਹ ਨਿਊਯਾਰਕ ਵਿੱਚ 50 ਸਾਲਾ ਲਾੜੀ ਨਾਲ ਛੋਟੇ ਜਿਹੇ ਲਾੜੇ ਨੂੰ ਜਿਸ ਨੇ ਵੀ ਦੇਖਿਆ, ਹੈਰਾਨ ਰਹਿ ਗਿਆ। ਕੁਝ ਲੋਕ ਪੁੱਛਣ ਲੱਗੇ ਕਿ ਲਾੜੇ ਦੀ ਉਮਰ ਕੀ ਹੈ। ਅੱਗੋਂ ਜਵਾਬ ਮਿਲਿਆ ਕਿ 12 ਸਾਲ ਹੈ ਤਾਂ ਲੋਕਾਂ ਦੇ ਹੋਸ਼ ਉੱਡ ਗਏ। ਕੁਝ ਲੋਕਾਂ ਨੇ ਇਸ ਉੱਤੇ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਅਤੇ ਪੁੱਛਿਆ ਕਿ ਲੜਕੀ ਦੀ ਮਾਂ ਕਿਥੇ ਹੈ? ਕਈ ਲੋਕਾਂ ਨੂੰ ਆਪਣੀਆਂ ਅੱਖਾਂ ਉੱਤੇ ਭਰੋਸਾ ਨਹੀਂ ਹੋ ਰਿਹਾ ਸੀ।
ਇਹ ਨਜ਼ਾਰਾ ਨਿਊਯਾਰਕ ਦੇ ਟਾਈਮ ਸਕਵੇਅਰ ਦਾ ਸੀ, ਜਿਥੇ ਇਕ ਜੋੜਾ ਚਰਚਾ ਦੀ ਵਿਸ਼ਾ ਬਣ ਗਿਆ ਸੀ। ਅਸਲ ਵਿੱਚ ਇਕ ਯੂ-ਟਿਊਬਰ ਨੇ ਇਹ ਸ਼ੋਸ਼ਲ ਤਜਰਬਾ ਕੀਤਾ ਸੀ, ਜਿਸ ਵਿੱਚ ਉਸ ਨੇ ਆਪਣੇ ਦੋ ਸਾਥੀਆਂ ਦੀ ਮਦਦ ਲਈ ਸੀ, ਜਿਹੜੇ ਲਾੜਾ-ਲਾੜੀ ਬਣੇ। ਯੂ-ਟਿਊਬਰ ਕਾਰਬੀ ਪਰਸਿਨ ਖੁਦ ਲਾੜਾ-ਲਾੜੀ ਦੇ ਫੋਟੋਗ੍ਰਾਫਰ ਦਾ ਰੋਲ ਕਰ ਰਹੇ ਸਨ। ਉਹ ਇਸ ਨਕਲੀ ਜੋੜੇ ਨੂੰ ਟਾਈਮ ਸਕਵੇਅਰ ਲੈ ਕੇ ਗਏ, ਜਿਥੇ ਸਾਰਾ ਵੀਡੀਓ ਰਿਕਾਰਡ ਕੀਤਾ ਗਿਆ। ਕਾਰਬੀ ਜਾਨਣਾ ਚਾਹੁੰਦਾ ਸੀ ਕਿ ਲਾੜੀ ਨਾਲ ਇੰਨੇ ਛੋਟੇ ਲਾੜੇ ਨੂੰ ਦੇਖ ਕੇ ਲੋਕਾਂ ਦਾ ਕੀ ਰਿਐਕਸ਼ਨ ਹੈ। ਕੀ ਉਹ ਇਸ ਬਾਰੇ ਸਵਾਲ ਕਰਨਗੇ? ਹੋਇਆ ਵੀ ਅਜਿਹਾ ਹੀ। ਵਿਆਹ ਦੇ ਲਿਬਾਸ ਵਿੱਚ ਲਾੜਾ ਕਾਫੀ ਟੈਂਸ਼ਨ ਵਿੱਚ ਦਿਖਾਈ ਦਿੰਦਾ ਹੈ, ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਦਾ ਹੈ ਤੇ ਫਿਰ ਸਵਾਲ ਸ਼ੁਰੂ ਹੁੰਦੇ ਹਨ।
ਕਾਰਬੀ ਇਸ ਵੀਡੀਓ ਰਾਹੀਂ ਲੋਕਾਂ ਵਿੱਚ ਬਾਲ ਵਿਆਹ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੇ ਸਨ। ਅਮਰੀਕਾ ਦੇ ਇਕ ਐਨ ਜੀ ਓ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਸਾਲ 2000 ਤੋਂ 2010 ਦੇ ਵਿਚਾਲੇ 1 ਲੱਖ 70 ਹਜ਼ਾਰ ਬੱਚਿਆਂ ਦਾ ਵਿਆਹ ਹੋਇਆ ਸੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀ। ਫਿਰ 2017 ਵਿੱਚ ਅਮਰੀਕਾ ਨੇ ਇਕ ਕਾਨੂੰਨ ਪਾਸ ਕੀਤਾ ਸੀ, ਜਿਸ ਮੁਤਾਬਕ 17 ਸਾਲ ਤੋਂ ਘੱਟ ਦੀ ਉਮਰ ਵਿੱਚ ਵਿਆਹ ਕਰਨਾ ਅਪਰਾਧ ਸੀ।