ਪੰਜਾਬ

-ਗੁਰਜੰਟ ਤਕੀਪੁਰ

ਸੋਚ ਤੇ ਸਮਝ ਵਾਲੀ ਅਸੀਂ ਪਾੜ ਸੁੱਟੀ ਹੈ ਕਿਤਾਬ,
ਵਿੱਚ ਡੇਰਿਆਂ ਦੇ ਜਾ ਕੇ ਵੇਖੋ ਬੈਠ ਗਿਆ ਪੰਜਾਬ।

ਉਹੀ ਹਵਾ, ਪਾਣੀ ਤੇ ਸਾਰੀ ਵੇਖੋ ਉਹੀ ਹੈ ਜ਼ਮੀਨ,
ਪਰ ਖੁਸ਼ਬੂ ਤੋਂ ਹੈ ਸੱਖਣਾ ਅੱਜ ਖਿੜਿਆ ਗੁਲਾਬ।

ਪਹਿਲਾਂ ਵੰਡਿਆ ਪੰਜਾਬ ਫਿਰ ਮੈਨੂੰ ਵੰਡ ਛੱਡਿਆ,
ਪਿਆਓ ਦੋ ਘੁੱਟ ਪਾਣੀ ਹੁਣ ਪਿਆਸਾ ਹੈ ਚਨਾਬ।

ਆਪੇ ਪਵੇਗੀ ਕਦਰ ਵੇਖੀਂ ਨਸ਼ੀਲੇ ਤੇਰੇ ਨੈਣਾਂ ਦੀ,
ਬੰਦ ਠੇਕਿਆਂ ‘ਤੇ ਹੋ ਗਈ ਜਦੋਂ ਮਿਲਣੀ ਸ਼ਰਾਬ।

ਨਾ ਇਹ ਤੋੜਿਆਂ ਸੀ ਟੁੱਟਦਾ ਕਦੇ ਕਿਸੇ ਵੈਰੀ ਤੋਂ,
ਸਾਡੇ ਹੌਸਲੇ ਨੂੰ ਆ ਗਈ ਦੱਸੋ ਅੱਜ ਕਾਹਤੋਂ ਦਾਬ।

ਮਾਂ ਬੋਲੀ ਪਿੱਛੇ ਨਾਅਰੇ ਤਾਂ ਸਾਰੇ ਅਸੀਂ ਮਾਰਦੇ,
ਦੱਸੋ ਬੋਤੇ ਉਤੋਂ ਊਠ ਦਾ ਕਿਹੜਾ ਲਾਹੇਗਾ ਨਕਾਬ।

ਜਿਹੜੇ ਭਗਤ, ਸਰਾਭੇ ਸਾਡੇ ਦਿਲਾਂ ਵਿੱਚ ਲਾਏ ਸੀ,
‘ਤਕੀਪੁਰ’ ਹੁਣ ਆਖੇ ਉਹ ਕਿਉਂ ਮੁੱਕ ਗਏ ਨੇ ਖੁਆਬ।