ਪੰਜਾਬ ਸਰਕਾਰ ਹੁਣ ਪਰਾਲੀ ਤੋਂ ਜਾਗਰੂਕ ਕਰਨ ਲਈ ਮੋਬਾਈਲ ਐਪ ਲਾਂਚ ਕਰੇਗੀ


ਚੰਡੀਗੜ੍ਹ, 12 ਫਰਵਰੀ (ਪੋਸਟ ਬਿਊਰੋ)- ਝੋਨੇ ਦੀ ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਅਤੇ ਇਸ ਦੀ ਸੰਭਾਲ ਲਈ ਜਾਗਰੂਕ ਕਰਨ ਵਾਸਤੇ ਪੰਜਾਬ ਸਰਕਾਰ ਨੇ ਇੱਕ ਮੋਬਾਈਲ ਐਪ ਲਾਂਚ ਕਰਨ ਦਾ ਫੈਸਲਾ ਕੀਤਾ ਹੈ, ਜਿਸ ਉਤੇ ਪੰਜਾਬ ਦੇ ਕਿਸਾਨਾਂ ਦਾ ਡਾਟਾ ਅਪਲੋਡ ਕਰ ਕੇ ਉਨ੍ਹਾਂ ਨੂੰ ਖੇਤੀਬਾੜੀ ਦੀ ਫਸਲਾਂ ਦੀ ਰਹਿੰਦ-ਖੂੰਹਦ ਸੰਭਾਲਣ ਵਾਲੇ ਮਹਿੰਗੇ ਸੰਦਾਂ ਨੂੰ ਆਮ ਕਿਰਾਏ ਉੱਤੇ ਲੈਣ ਦੀ ਸਹੂਲਤ ਦਿੱਤੀ ਜਾਵੇਗੀ। ਇਸ ਬਾਰੇ ਹਦਾਇਤਾਂ ਕੋਆਪਰੇਟਿਵ ਵਿਭਾਗ ਦੇ ਵਧੀਕ ਚੀਫ ਸੈਕਟਰੀ ਡੀ ਪੀ ਰੈਡੀ ਨੇ ਕੱਲ੍ਹ ਇੱਕ ਮੀਟਿੰਗ ਦੌਰਾਨ ਦਿੱਤੀਆਂ, ਜਿਸ ਵਿੱਚ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਦੇ ਅਧਿਕਾਰੀ ਵੀ ਆਏ ਹੋਏ ਸਨ।
ਡੀ ਪੀ ਰੈਡੀ ਨੇ ਇਸ ਮੀਟਿੰਗ ਦੌਰਾਨ ਦੱਸਿਆ ਕਿ ਵਿਭਾਗ ਇਹੋ ਜਿਹੀ ਮੋਬਾਈਲ ਐਪ ਤਿਆਰ ਕਰੇਗਾ, ਜਿਸ ਨਾਲ ਕਿਸਾਨਾਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਸਥਾਪਤ ਉਨ੍ਹਾਂ ਖੇਤੀਬਾੜੀ ਕੋਆਪਰੇਟਿਵ ਸੋਸਾਈਟੀਜ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਜਿਨ੍ਹਾਂ ਕੋਲ ਟਰੈਕਟਰ, ਖੇਤੀ ਦੇ ਅਜਿਹੇ ਮਹਿੰਗੇ ਸੰਦ ਕਿਰਾਏ ਲਈ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਨਾਲ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀ ਥਾਂ ਸੰਭਾਲੀ ਜਾ ਸਕਦੀ ਹੈ, ਜਿਨ੍ਹਾਂ ਵਿੱਚ ਰੋਟਾਵੇਟਰ, ਪੈਡੀ ਸਟਰਾਅ ਚੌਪਰ ਅਤੇ ਸ਼ਰੈਡਰ (ਝੋਨੇ ਦੀ ਕਟਾਈ ਵਾਲੀ ਮਸ਼ੀਨ), ਹੈਪੀ ਸੀਡਰ, ਮਲਚਰ, ਬੇਲਰ ਆਦਿ ਸ਼ਾਮਲ ਹਨ।