ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀ ਨੌਜਵਾਨਾਂ ਤੋਂ ਪੰਜਾਬ ਯਾਤਰਾ ਦੇ ਲਈ ਅਰਜ਼ੀਆਂ ਮੰਗੀਆਂ


ਲੰਡਨ, 17 ਫਰਵਰੀ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂ ਕੇ ਫੇਰੀ ਮੌਕੇ ਪ੍ਰਵਾਸੀ ਪੰਜਾਬੀ ਨੌਜਵਾਨਾਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨ ਲਈ ਸ਼ੁਰੂ ਕੀਤੀ ਮੁਹਿੰਮ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਦੀ ਆਰੰਭਤਾ ਲਈ 30 ਮਾਰਚ ਤੋਂ 10 ਅਪ੍ਰੈਲ ਤੱਕ 10 ਦਿਨਾਂ ਦੀ ਪਹਿਲੀ ਯਾਤਰਾ ਸਬੰਧੀ ਪੰਜਾਬੀ ਮੂਲ ਦੇ ਲੜਕੇ ਲੜਕੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਯੂ ਕੇ ਦੇ ਪੰਜਾਬੀਆਂ ਨੂੰ ਇਸ ਪ੍ਰੋਗਰਾਮ ਲਈ ਉਤਸ਼ਾਹਿਤ ਕਰਨ ਲਈ ਇਹ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਲੰਡਨ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ ਹੇਠ ਬੱਚਿਆਂ ਨੂੰ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਥਾਵਾਂ ਦੀ ਸੈਰ ਕਰਵਾਈ ਜਾਵੇਗੀ, ਜਿਨ੍ਹਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ, ਵਾਹਗਾ ਬਾਰਡਰ, ਭਗਤ ਸਿੰਘ ਯਾਦਗਾਰ ਬੰਗਾ, ਖਾਲਸਾ ਹੈਰੀਟੇਜ਼ ਮੈਮੋਰੀਅਲ ਸ੍ਰੀ ਅਨੰਦਪੁਰ ਸਾਹਿਬ, ਵਾਰ ਮੈਮੋਰੀਅਲ ਅੰਮ੍ਰਿਤਸਰ, ਜੰਗ-ਏ-ਆਜ਼ਾਦੀ ਯਾਦਗਾਰ, ਸਕੂਲ, ਕਾਲਜ ਤੇ ਯੂਨੀਵਰਸਿਟੀਆਂ, ਪੰਜਾਬ ਵਿਧਾਨ ਸਭਾ, ਪੰਜਾਬ ਸਿਵਲ ਸਕੱਤਰੇਤ ਤੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਇਲਾਵਾ ਬੱਚਿਆਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਜਾਣ ਤੇ ਰਹਿਣ ਦਾ ਵੀ ਪ੍ਰਬੰਧ ਸ਼ਾਮਲ ਹੈ। ਪੰਜਾਬ ਸਰਕਾਰ ਨੇ ਇਸ ਪ੍ਰੋਗਰਾਮ ਲਈ 16 ਤੋਂ 22 ਸਾਲ ਦੇ ਲੜਕੇ ਲੜਕੀਆਂ ਨੂੰ 24 ਫਰਵਰੀ ਤੱਕ ਅਰਜ਼ੀ ਦੇਣ ਲਈ ਕਿਹਾ ਹੈ। ਭਾਰਤ, ਪੰਜਾਬ ਵਿੱਚ ਯਾਤਰਾ ਤੇ ਰਹਿਣ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ, ਜਦ ਕਿ ਵਿਦੇਸ਼ ਤੋਂ ਭਾਰਤ ਤੱਕ ਆਉਣ ਜਾਣ ਦਾ ਖਰਚਾ ਬਿਨੈਕਾਰ ਨੂੰ ਉਠਾਉਣਾ ਹੋਵੇਗਾ। ਸ਼ੁਰੂਆਤੀ ਪ੍ਰੋਗਰਾਮ ਵਿੱਚ ਯੂ ਕੇ, ਅਮਰੀਕਾ, ਕੈਨੇਡਾ, ਯੂਰਪ ਤੇ ਆਸਟਰੇਲੀਆ ਨੂੰ ਸ਼ਾਮਲ ਕੀਤਾ ਗਿਆ ਹੈ।