ਪੰਜਾਬ ਵਿੱਚ ਸ਼ਾਰਟ ਸਰਕਿਟ ਨਾਲ 56 ਲੱਖ ਦੀਆਂ ਫਸਲਾਂ ਸੜੀਆਂ

short circut punjab
ਪਟਿਆਲਾ, 18 ਮਈ (ਪੋਸਟ ਬਿਊਰੋ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਹਰ ਸਾਲ ਕਰੋੜਾਂ ਰੁਪਏ ਖਰਚ ਕਰਕੇ ਬਿਜਲੀ ਸਪਲਾਈ ਸਿਸਟਮ ਵਿੱਚ ਸੁਧਾਰ ਦਾ ਦਾਅਵਾ ਕਰਦਾ ਹੈ, ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਸਾਲ ਕਣਕ ਸੀਜ਼ਨ ਵਿੱਚ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਿਟ ਹੋਣ ਨਾਲ ਪੰਜਾਬ ਵਿੱਚ ਫਸਲਾਂ ਨੂੰ ਅੱਗ ਲੱਗਣ ਦੇ ਲਗਭਗ ਦੋ ਸੌ ਕੇਸ ਰਿਪੋਰਟ ਹੋਏ ਹਨ ਤੇ ਇਨ੍ਹਾਂ ਵਿੱਚ ਲੱਖਾਂ ਰੁਪਏ ਦੀਆਂ ਫਸਲਾਂ ਸੁਆਹ ਹੋਈਆਂ ਹਨ।
ਪਾਵਰਕਾਮ ਹਰ ਸਾਲ 200 ਤੋਂ 250 ਕਰੋੜ ਰੁਪਏ ਖਰਚ ਕਰਕੇ ਪੰਜਾਬ ਭਰ ਵਿੱਚ ਬਿਜਲੀ ਦੇ ਸਪਲਾਈ ਸਿਸਟਮ ਵਿੱਚ ਸੁਧਾਰ ਦੇ ਦਾਅਵੇ ਕਰਦਾ ਹੈ। ਇਸ ਦੇ ਤਹਿਤ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਠੀਕ ਕਰਨ, ਜਿਥੇ ਟਰਾਂਸਫਾਰਮਰ ਜਾਂ ਫੀਡਰ ਓਵਰ ਲੋਡ ਹੈ, ਉਥੇ ਨਵਾਂ ਵੱਧ ਪਾਵਰ ਦਾ ਟਰਾਂਸਫਾਰਮਰ ਲਾਉਣ ਦੀ ਗੱਲ ਕਹੀ ਜਾਂਦੀ ਹੈ। ਇਸ ਦੇ ਬਾਵਜੂਦ ਹਰ ਸਾਲ ਕਣਕ ਦੀਆਂ ਫਸਲਾਂ ਵਿੱਚ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਿਟ ਦੇ ਕਾਰਨ ਅੱਗ ਲੱਗਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਸਾਲ ਪੰਜਾਬ ਵਿੱਚ ਕਣਕ ਦੀਆਂ ਫਸਲਾਂ ਵਿੱਚ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਿਟ ਨਾਲ ਅੱਗ ਲੱਗਣ ਦੇ 199 ਮਾਮਲੇ ਰਿਪੋਰਟ ਹੋਏ ਅਤੇ ਜਾਂਚ ਦੇ ਬਾਅਦ 103 ਮਾਮਲੇ ਸਹੀ ਪਾਏ ਗਏ। ਇਨ੍ਹਾਂ 103 ਕੇਸਾਂ ਵਿੱਚ 700 ਏਕੜ ਰਕਬੇ ‘ਤੇ ਕਣਕ ਦੀਆਂ ਫਸਲਾਂ ਸੜੀਆਂ ਹਨ ਅਤੇ ਕਿਸਾਨਾਂ ਦਾ 56 ਲੱਖ ਦਾ ਨੁਕਸਾਨ ਹੋਇਆ ਹੈ। ਵਰਨਣ ਯੋਗ ਹੈ ਕਿ ਸਰਕਾਰ ਵੱਲੋਂ ਸ਼ਾਰਟ ਸਰਕਿਟ ਨਾਲ ਸੜੀਆਂ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਪ੍ਰਤੀ ਏਕੜ 8000 ਰੁਪਏ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ।
ਇਸ ਬਾਰੇ ਡਾਇਰੈਕਟਰ ਡਿਸਿਟ੍ਰਬਿਊਸ਼ਨ ਕੇ ਐਲ ਸ਼ਰਮਾ ਨੇ ਦੱਸਿਆ ਕਿ ਜਿਵੇਂ ਹੀ ਪਾਵਰਕਾਮ ਨੂੰ ਸੂਚਨਾ ਮਿਲਦੀ ਹੈ ਕਿ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਹੈ, ਤੁਰੰਤ ਨੇੜੇ ਦੇ ਐਸ ਡੀ ਓ ਜਾਂ ਜੇ ਈ ਨੂੰ ਮੌਕਾ ਮੁਆਇਨਾ ਕਰਨ ਭੇਜਿਆ ਜਾਂਦਾ ਹੈ। ਉਸ ਦੇ ਬਾਅਦ 24 ਘੰਟੇ ਦੇ ਅੰਦਰ ਫਸਲ ਮੁਆਵਜ਼ਾ ਕਮੇਟੀ ਵੀ ਮੌਕੇ ‘ਤੇ ਜਾਂਦੀ ਅਤੇ ਦੇਖਦੀ ਹੈ ਕਿ ਕੀ ਅਸਲੀਅਤ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਹੀ ਹੈ ਜਾਂ ਕੋਈ ਹੋਰ ਕਾਰਨ ਹੈ। ਇਸ ਕਮੇਟੀ ਵੱਲੋਂ ਕੀਤੀ ਗਈ ਜਾਂਚ ਵਿੱਚ ਰਿਪੋਰਟ ਹੋਏ 199 ‘ਚੋਂ 103 ਕੇਸ ਹੀ ਸਹੀ ਪਾਏ ਗਏ ਹਨ। ਇਨ੍ਹਾਂ 103 ਕੇਸਾਂ ਵਿੱਚ 56 ਲੱਖ ਦਾ ਮੁਆਵਜ਼ਾ ਬਣਦਾ ਹੈ। ਸੰਬੰਧਤ ਅਧਿਕਾਰੀਆਂ ਨੂੰ 31 ਮਈ ਤੱਕ ਸਾਰੇ ਕੇਸਾਂ ਦਾ ਨਿਪਟਾਰਾ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।