ਪੰਜਾਬ ਵਿੱਚ ਵਿਕਰਾਲ ਸਮੱਸਿਆ ਬਣੇ ਆਵਾਰਾ ਪਸ਼ੂ

-ਸੁਖਵੀਰ ਘੁਮਾਣ
ਦੇਸ਼ ਅੰਦਰ ਚਿੱਟੀ ਕ੍ਰਾਂਤੀ ਨੂੰ ਹੁਲਾਰਾ ਦੇਣ ਲਈ ਵੱਡੇ ਪੱਧਰ ‘ਤੇ ਡੇਅਰੀ ਫਾਰਮਿੰਗ ਉਦਯੋਗ ਨੂੰ ਸਥਾਪਤ ਕਰਨ ਦਾ ਸਰਕਾਰੀ ਉਪਰਾਲਾ ਕੀਤਾ ਗਿਆ। ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਦੀ ਸਲਾਹ ਦਿੱਤੀ ਗਈ। ਸਰਕਾਰੀ ਸਬਸਿਡੀਆਂ ਦਾ ਲਾਲਚ ਤੇ ਮੁਨਾਫੇ ਵਾਲੇ ਸਹਾਇਕ ਧੰਦੇ ਦੀ ਲਾਲਸਾ ਵਸ ਪੰਜਾਬ ਵਿੱਚ ਵੱਡੀ ਪੱਧਰ ‘ਤੇ ਡੇਅਰੀ ਫਾਰਮਿੰਗ ਧੰਦਾ ਪ੍ਰਫੁੱਲਿਤ ਹੋਇਆ। ਵਧੇਰੇ ਦੁੱਧ ਉਤਪਾਦਨ ਕਰਨ ਲਈ ਅਮਰੀਕਨ ਗਾਵਾਂ ਪਾਲਣ ਦੀ ਸਲਾਹ ਦਿੱਤੀ ਗਈ, ਪਰ ਅੱਜ ਪੰਜਾਬ ਵਿੱਚ ਗਿਣਤੀ ਦੇ ਡੇਅਰੀ ਫਾਰਮਾਂ ਦੀ ਹੋਂਦ ਬਚੀ ਹੈ। ਹੁਣ ਇਨ੍ਹਾਂ ਲਈ ਉਸਾਰੇ ਸ਼ੈਡ ਜਾਂ ਪੂਰੀ ਤਰ੍ਹਾਂ ਖਾਲੀ ਹਨ ਜਾਂ ਪੁੱਟ ਦਿੱਤੇ ਹਨ। ਅਮਰੀਕਨ ਗਾਵਾਂ ਨੂੰ ਏਥੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ, ਜਿਸ ਕਰਕੇ ਆਵਾਰਾ ਪਸ਼ੂਆਂ ਦੇ ਅਥਾਹ ਵਾਧੇ ਵਿੱਚ ਡੇਅਰੀ ਫਾਰਮਿੰਗ ਧੰਦੇ ਦੇ ਸਹਿਯੋਗ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਦੁੱਧ ਦੀ ਪੈਦਾਵਾਰ ਵਧਾਉਣ ਲਈ ਅਮਲ ਵਿੱਚ ਲਿਆਂਦੀ ਚਿੱਟੀ ਕ੍ਰਾਂਤੀ ਆਵਾਰਾ ਪਸ਼ੂਆਂ ਦੀ ਜਨਮ ਦਾਤੀ ਹੋ ਨਿੱਬੜੀ। ਵੱਧ ਤੋਂ ਵੱਧ ਦੁੱਧ ਦੀ ਪੈਦਾਵਾਰ ਕਰਨ ਦੀ ਨੀਅਤ ਨਾਲ ਰਵਾਇਤੀ ਪਸ਼ੂਆਂ ਨੂੰ ਤਿਲਾਂਜਲੀ ਦੇ ਕੇ ਮੁੱਖ ਰੂਪ ਵਿੱਚ ਅਮਰੀਕਨ ਗਾਵਾਂ ਨੂੰ ਅਪਣਾਇਆ ਗਿਆ। ਅਮਰੀਕਨ ਗਾਵਾਂ ਦੀ ਚਮਕ ਦਮਕ ਬਹੁਤੀ ਦੇਰ ਕਾਇਮ ਨਹੀਂ ਰਹਿ ਸਕੀ, ਕਿਉਂਕਿ ਇਹ ਨਸਲ ਪੰਜਾਬ ਦੇ ਪੌਣ ਪਾਣੀ ਵਿੱਚ ਪੂਰੀ ਫਿੱਟ ਨਹੀਂ ਹੋ ਸਕੀ, ਜਿਸ ਕਾਰਨ ਇਹ ਜਲਦੀ ਬਿਮਾਰੀਆਂ ਦੀ ਜਕੜ ਵਿੱਚ ਆਉਣ ਲੱਗੀ। ਇਸ ਕਾਰਨ ਜਲਦੀ ਹੀ ਇਸ ਨਸਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਅਤੇ ਚਿੱਟੀ ਕ੍ਰਾਂਤੀ ਵਜੋਂ ਉਭਰਿਆ ਇਹ ਧੰਦਾ ਲਾਹੇਵੰਦ ਨਾ ਹੋ ਕੇ ਜੀਅ ਦਾ ਜੰਜਾਲ ਬਣਦਾ ਗਿਆ।
ਇਨ੍ਹਾਂ ਅਮਰੀਕਨ ਗਾਵਾਂ ਤੋਂ ਪੈਦਾ ਹੋਏ ਨਰ ਬੱਚੇ ਕਿਸੇ ਕੰਮ ਵਿੱਚ ਵਰਤੋਂ ਯੋਗ ਨਹੀਂ, ਜਿਸ ਕਾਰਨ ਮਜਬੂਰਨ ਲੋਕਾਂ ਨੇ ਇਨ੍ਹਾਂ ਦੇ ਰੱਸੇ ਖੋਲ੍ਹਣੇ ਸ਼ੁਰੂ ਕਰ ਦਿੱਤੇ। ਅੱਜ ਸਥਿਤੀ ਇਹ ਹੈ ਕਿ ਨਰ ਤੇ ਮਾਦਾ ਦੋਵੇਂ ਸੜਕ ‘ਤੇ ਆਵਾਰਾ ਘੁੰਮ ਰਹੇ ਹਨ। ਅਮਰੀਕਨ ਗਾਵਾਂ ਤੋਂ ਲੋਕਾਂ ਦਾ ਮੋਹ ਇਸ ਕਦਰ ਭੰਗ ਹੋ ਗਿਆ ਕਿ ਹੌਲੀ-ਹੌਲੀ ਲੋਕਾਂ ਨੇ ਇਨ੍ਹਾਂ ਨੂੰ ਘਰਾਂ ਵਿੱਚੋਂ ਵੀ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਅੱਜ ਹਾਲਾਤ ਇਹ ਹਨ ਕਿ ਜਿੱਧਰ ਵੀ ਨਜ਼ਰ ਮਾਰੋ ਆਵਾਰਾ ਪਸ਼ੂਆਂ ਦੇ ਝੁੰਡ ਚਾਰ ਚੁਫੇਰੇ ਨਜ਼ਰ ਪੈਂਦੇ ਹਨ, ਜਿਨ੍ਹਾਂ ਵਿੱਚ ਬਹੁਗਿਣਤੀ ਪਸ਼ੂ ਅਮਰੀਕਨ ਨਸਲ ਦੇ ਹਨ। ਜਿਥੇ ਇਹ ਪਸ਼ੂ ਰਾਤਾਂ ਨੂੰ ਝੁੰਡਾਂ ਦੇ ਰੂਪ ਵਿੱਚ ਫਸਲਾਂ ਦਾ ਉਜਾੜਾ ਕਰਦੇ ਹਨ, ਉਥੇ ਇਹ ਰਾਹਗੀਰਾਂ ਲਈ ਵੀ ਵੱਡੀ ਸਮੱਸਿਆ ਬਣੇ ਹੋਏ ਹਨ। ਰਾਤਾਂ ਵਿੱਚ ਇਹ ਸੜਕਾਂ ‘ਤੇ ਆ ਜਾਂਦੇ ਹਨ, ਜਿਸ ਕਾਰਨ ਟਰੈਫਿਕ ਵਿੱਚ ਵਿਘਨ ਪੈਂਦਾ ਹੈ। ਇਨ੍ਹਾਂ ਵਿੱਚੋਂ ਬਹੁਤੇ ਪਸ਼ੂ ਕਾਲੇ ਰੰਗ ਦੇ ਹਨ, ਜਿਸ ਕਾਰਨ ਰਾਤ ਦੇ ਹਨੇਰੇ ਵਿੱਚ ਵਾਹਨਾਂ ਦੀਆਂ ਲਾਈਟਾਂ ਵਿੱਚ ਵਿਖਾਈ ਨਹੀਂ ਦਿੰਦੇ ਜਿਸ ਕਾਰਨ ਰੋਜ਼ਾਨਾ ਬਹੁਤ ਸਾਰੀਆਂ ਦੁਰਘਟਨਾਵਾਂ ਇਨ੍ਹਾਂ ਦੇ ਵਾਹਨਾਂ ਨਾਲ ਟਕਰਾਉਣ ਕਰਕੇ ਜਾਂ ਇਨ੍ਹਾਂ ਨੂੰ ਬਚਾਉਣ ਕਰਕੇ ਵਾਪਰ ਰਹੀਆਂ ਹਨ। ਇਨਾਂ ਹਾਦਸਿਆਂ ਵਿੱਚ ਮਨੁੱਖੀ ਜਾਨਾਂ ਜਾਂਦੀਆਂ ਹਨ। ਆਵਾਰਾ ਪਸ਼ੂਆਂ ਤੋਂ ਫਸਲਾਂ ਨੂੰ ਬਚਾਉਣ ਲਈ ਖੇਤ ਕੰਡਿਆਲੀਆਂ ਤਾਰਾਂ ਦੀ ਵਾੜ ਨਾਲ ਸਰਹੱਦ ਦਾ ਰੂਪ ਧਾਰਨ ਕਰ ਚੁੱਕੇ ਹਨ। ਭਾਵੇਂ ਕੰਡਿਆਲੀ ਤਾਰ ਦੀ ਵਾੜ ਕਾਰਨ ਖੇਤਾਂ ਦਾ ਉਜਾੜਾ ਤਾਂ ਬਹੁਤ ਹੱਦ ਤੱਕ ਰੁਕ ਗਿਆ, ਪਰ ਆਵਾਰਾ ਪਸ਼ੂਆਂ ਦੀ ਹਾਲਤ ਹੋਰ ਤਰਸ ਯੋਗ ਬਣ ਗਈ। ਅੱਜ ਇਨ੍ਹਾਂ ਦੀ ਹਾਲਤ ਇਹ ਹੈ ਕਿ ਇਹ ਭੁੱਖ ਮਰਦੇ ਸੜਕਾਂ ‘ਤੇ ਰੁਲਦੇ ਗੰਦਗੀ ਦੇ ਢੇਰਾਂ ਨੂੰ ਖਾਣ ਨੂੰ ਮਜਬੂਰ ਹਨ। ਕਾਗਜ਼, ਪੱਥਰ ਅਤੇ ਤਾਰਾਂ ਦੇ ਗੁੱਛੇ ਖਾਣ ਨਾਲ ਇਨ੍ਹਾਂ ਦੀਆਂ ਮੌਤਾਂ ਹੋ ਰਹੀਆਂ ਹਨ।
ਇਸ ਸਮੱਸਿਆ ਨੂੰ ਦੇਖਦੇ ਹੋਏ ਪੰਜਾਬ ਦੇ ਲਗਭਗ ਹਰ ਪਿੰਡ ਅਤੇ ਸ਼ਹਿਰ ਵਿੱਚ ਇਨ੍ਹਾਂ ਦੀ ਸਾਂਭ ਸੰਭਾਲ ਲਈ ਗਊਸ਼ਾਲਾਵਾਂ ਬਣਾਈਆਂ ਜਾਣਮ ਪਰ ਦੂਜੇ ਪਾਸੇ ਅਮਰੀਕੀ ਸਾਨ੍ਹਾਂ ਅਤੇ ਅਮਰੀਕਨ ਗਊਆਂ ਨੂੰ ਰੱਖਣ ਲਈ ਗਊਸ਼ਾਲਾਵਾਂ ਦੀਆਂ ਪ੍ਰਬੰਧਕੀ ਕਮੇਟੀਆਂ ਹੱਥ ਖੜੇ ਕਰ ਚੁੱਕੀਆਂ ਹਨ, ਜਿਸ ਕਾਰਨ ਆਵਾਰਾ ਪਸ਼ੂਆਂ ਦੀ ਵੱਡੀ ਤਦਾਦ ਸੜਕਾਂ ‘ਤੇ ਆਵਾਰਾ ਘੁੰਮ ਰਹੀ ਹੈ। ਗਊਸ਼ਾਲਾਵਾਂ ਕੋਲ ਇੰਨੇ ਆਵਾਰਾ ਪਸ਼ੂਆਂ ਨੂੰ ਸਾਂਭਣ ਦਾ ਕੋਈ ਹੀਲਾ ਵੀ ਨਹੀਂ ਹੈ। ਆਮਦਨ ਦੇ ਸਾਧਨ ਸੀਮਤ ਹੋਣ ਕਾਰਨ ਪ੍ਰਬੰਧਕਾਂ ਦੀ ਟੇਕ ਦਾਨੀਆਂ ‘ਤੇ ਟਿਕੀ ਰਹਿੰਦੀ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਸਰਕਾਰਾਂ, ਧਾਰਮਿਕ ਸੰਗਠਨਾਂ ਅਤੇ ਸਮਾਜਿਕ ਬੁੱਧੀਜੀਵੀਆਂ ਨੂੰ ਮਿਲ ਬੈਠ ਕੇ ਇਸ ਦਾ ਜ਼ਰੂਰ ਕੋਈ ਸਾਰਥਿਕ ਹੱਲ ਤਲਾਸ਼ਣਾ ਚਾਹੀਦਾ ਹੈ ਤਾਂ ਜੋ ਆਵਾਰਾ ਪਸ਼ੂਆਂ ਦੀ ਵੱਡੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਦੂਸਰਾ ਪੱਖ ਇਹ ਹੈ ਕਿ ਕਿਸਾਨ ਵੀ ਤੰਗ ਹਨ, ਆਮ ਲੋਕ ਵੀ ਤੰਗ ਹਨ, ਪਰ ਸਰਕਾਰ ਕੇਂਦਰ ਦੀ ਹੋਵੇ ਜਾਂ ਉਹ ਪੰਜਾਬ ਦੀ ਹੋਵੇ, ਇਸ ਬਾਰੇ ਕੋਈ ਬਹੁਤੀ ਚਿੰਤਾ ਕਰਦੀ ਦਿਖਾਈ ਹੀ ਨਹੀਂ ਦੇਂਦੀ।