ਪੰਜਾਬ ਵਿੱਚ ਰੁਲਦੀ ਟਰੈਕਟਰਾਂ ਦੀ ਫਸਲ

-ਅਮਨਪ੍ਰੀਤ ਸਿੰਘ ਗਿੱਲ
ਟਰੈਕਟਰ ਇਕ ਖੂਬਸੂਰਤ ਮਸ਼ੀਨ ਹੈ। ਬਹੁਤ ਘੱਟ ਮਸ਼ੀਨਾਂ ਹਨ, ਜਿਨ੍ਹਾਂ ਦੀ ਪੇਂਡੂ ਆਰਥਿਕਤਾ ਵਿੱਚ ਏਨੀ ਲਾਹੇਵੰਦ ਭੂਮਿਕਾ ਹੁੰਦੀ ਹੈ। ਭਾਰਤ ਨੇ ਇਸ ਵੇਲੇ ਵਿਸ਼ਵ ਦੀ ਸਭ ਤੋਂ ਵੱਡੀ ਆਬਾਦੀ ਲਈ ਅਨਾਜ ਸੁਰੱਖਿਆ ਦਾ ਪੱਧਰ ਹਾਸਲ ਕਰ ਲਿਆ ਹੈ। ਟਰੈਕਟਰ ਦੀ ਅਣਹੋਂਦ ਵਿੱਚ ਅਜਿਹੇ ਕੰਮ ਦੀ ਕਲਪਨਾ ਕਰਨੀ ਵੀ ਅਸੰਭਵ ਸੀ। ਪੰਜਾਬ ਵਿੱਚ ਹਰਾ ਇਨਕਲਾਬ ਤੇ ਇਸ ਤੋਂ ਪਹਿਲਾਂ ਜਾਗੀਰਦਾਰੀ ਨਿਜ਼ਾਮ ਖਤਮ ਕਰਕੇ ਖੁਦ ਕਾਸ਼ਤਕਾਰੀ ਦੀ ਸ਼ੁਰੂਆਤ ਕਰਨ ਵਿੱਚ ਟਰੈਕਟਰ ਦਾ ਬੜਾ ਯੋਗਦਾਨ ਰਿਹਾ ਹੈ। ਸੜਕ ਅਤੇ ਖੇਤ, ਵਹਾਈ, ਗਹਾਈ ਤੇ ਢੁਆਈ, ਜਲ ਅਤੇ ਥਲ ਟਰੈਕਟਰ ਹਰ ਜਗ੍ਹਾ ਪ੍ਰਸੰਗਿਕ ਹੈ। ਟਰੈਕਟਰ ਦੀਆਂ ਏਨੀਆਂ ਖੂਬੀਆਂ ਦੇ ਬਾਵਜੂਦ ਪੰਜਾਬ ਦੀ ਪੇਂਡੂ ਆਰਥਿਕਤਾ ਵਿੱਚ ਇਸ ਦੇ ਨਾਂਹ ਵਾਚਕ ਰੋਲ ਦੀਆਂ ਖਬਰਾਂ ਆ ਰਹੀਆਂ ਹਨ। ਰਾਜ ਵਿੱਚ ਟਰੈਕਟਰਾਂ ਦੀ ਗਿਣਤੀ ਚਾਰ ਲੱਖ ਨੂੰ ਪਾਰ ਕਰ ਚੁੱਕੀ ਹੈ। ਹਰ ਸਾਲ ਪੰਝੀ ਹਜ਼ਾਰ ਤੋਂ ਵੱਧ ਨਵੇਂ ਟਰੈਕਟਰ ਪੰਜਾਬ ਵਿੱਚ ਵਿਕਦੇ ਹਨ। ਹਰ ਦਸ ਹਜ਼ਾਰ ਹੈਕਟੇਅਰ ਪਿੱਛੇ ਟਰੈਕਟਰਾਂ ਦੀ ਗਿਣਤੀ ਵਿੱਚ ਪੰਜਾਬ ਸੰਸਾਰ ਵਿੱਚੋਂ ਪਹਿਲੇ ਨੰਬਰ ‘ਤੇ ਆਉਂਦਾ ਹੈ, ਪਰ ਟਰੈਕਟਰਾਂ ਦੀ ਏਨੀ ਵੱਡੀ ਗਿਣਤੀ ਨੂੰ ਆਪਣੇ ਆਪ ਵਿੱਚ ਪੰਜਾਬ ਦੀ ਪ੍ਰਾਪਤੀ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਇਕ ਪਾਸੇ ਪੰਜਾਬ ਦੇ ਕਿਸਾਨਾਂ ਦੀ ਕਰਜ਼ਦਾਰੀ ਦਾ ਪ੍ਰਤੀਕ ਹਨ ਤੇ ਦੂਸਰੇ ਪਾਸੇ ਇਨ੍ਹਾਂ ਦੀ ਘੱਟ ਵਰਤੋਂ ਇਨ੍ਹਾਂ ਨੂੰ ਆਰਥਿਕ ਤੌਰ ‘ਤੇ ਗੈਰ ਮੁਨਾਫੇ ਯੋਗ ਸੰਪਤੀ ਸਾਬਤ ਕਰਦੀ ਹੈ।
ਪੰਜਾਬ ਵਿੱਚ ਟਰੈਕਟਰਾਂ ਦਾ ਰੁਝਾਨ ਹੁਣ ਖੇਤਾਂ ਵਿੱਚ ਘੱਟ ਤੇ ਟਰੈਕਟਰਾਂ ਦੀਆਂ ਮੰਡੀਆਂ ਵੱਲ ਜ਼ਿਆਦਾ ਵਧਿਆ ਹੈ। ਨਵੇਂ ਨਕੋਰ ਟਰੈਕਟਰਾਂ ਨੂੰ ਕਿਸਾਨਾਂ ਦੁਆਰਾ ਕਰਜ਼ੇ ਦੀ ਰਕਮ ਖਰੀ ਕਰਨ ਲਈ ਘਾਟੇ ‘ਤੇ ਵੇਚਣ ਦਾ ਰੁਝਾਨ ਵੀ ਵਧਿਆ ਹੈ। ਇਸ ਕੰਮ ਲਈ ਕਿਸਾਨਾਂ ਨੂੰ ਟਰੈਕਟਰ ਕੰਪਨੀਆਂ ਤੇ ਬੈਂਕਾਂ ਤੋਂ ਕਰਜ਼ ਦੁਆਉਣ ਵਾਲੇ ਏਜੰਟ ਕਾਫੀ ਉਤਸ਼ਾਹਿਤ ਕਰਦੇ ਹਨ। ਸ਼ੋਅਰੂਮ ਤੋਂ ਬਾਹਰ ਨਿਕਲਦੇ ਟਰੈਕਟਰ ਨੂੰ ਇਕ ਲੱਖ ਰੁਪਏ ਤੱਕ ਘਾਟਾ ਪਾ ਕੇ ਵੇਚਿਆ ਜਾਂਦਾ ਹੈ ਤਾਂ ਜੋ ਕਿਸਾਨ ਟਰੈਕਟਰ ਵੇਚ ਕੇ ਬਾਕੀ ਬਚੇ ਪੈਸਿਆਂ ਨਾਲ ਆਪਣੀਆਂ ਨਕਦੀ ਦੀਆਂ ਲੋੜਾਂ ਪੂਰੀਆਂ ਕਰ ਸਕੇ। ਟਰੈਕਟਰ ਉਸ ਕੋਲੋਂ ਖੁੱਸ ਜਾਂਦਾ ਅਤੇ ਕਰਜ਼ਾ ਪੱਲੇ ਪੈ ਜਾਂਦਾ ਹੈ। ਕਮਾਈ ਦੇਣ ਵਾਲੀ ਮਸ਼ੀਨ ਦੰਮ ਖਰਚਣ ਵਾਲਿਆ ਕੋਲ ਚਲੀ ਜਾਂਦੀ ਤੇ ਕਿਸਾਨ ਨੂੰ ਸਸਤੇ ਭਾਅ ‘ਤੇ ਲਿਆ ਟਰੈਕਟਰ ਕਰਜ਼ ਘਾਟਾ ਖਾਣ ਕਰਕੇ ਬਹੁਤ ਮਹਿੰਗੇ ਭਾਅ ਦਾ ਹੋ ਕੇ ਟੱਕਰਦਾ ਹੈ। ਕਿਸਾਨ ਇਹ ਘਾਟਾ ਇਸ ਲਈ ਖਾਂਦਾ ਹੈ ਕਿ ਉਸ ਨੂੰ ਆੜ੍ਹਤੀਏ ਦੇ ਕਰਜ਼ੇ ਤੋਂ ਹਾਲੇ ਇਹ ਕਰਜ਼ਾ ਸਸਤਾ ਲੱਗਦਾ ਹੈ। ਮਾਲਵੇ ਵਿੱਚ ਹਰ ਹਫਤੇ ਲੱਗ ਰਹੀਆਂ ਮੰਡੀਆਂ ਵਿੱਚ ਇਨ੍ਹਾਂ ਟਰੈਕਟਰਾਂ ਦੀ ਇਕ ਵੱਡੀ ਗਿਣਤੀ ਹੁੰਦੀ ਹੈ। ਬੈਂਕਾਂ ਨੇ ਕਰਜ਼ੇ ਲੈਣ ਦੀ ਅਜਿਹੀ ਘਾਤਕ ਪ੍ਰਵਿਰਤੀ ਉਪਰ ਕੋਈ ਵਿਚਾਰ ਵਟਾਂਦਰਾ ਕੀਤਾ ਜਾਂ ਨਹੀਂ, ਇਹ ਪਤਾ ਨਹੀਂ। ਜੇ ਇਕ ਟਰੈਕਟਰ ਦੀ ਰਜਿਸਟਰੇਸ਼ਨ ਕਾਪੀ ਉਪਰ ਮਾਲਕੀ ਪਹਿਲੇ ਮਹੀਨੇ ਵਿੱਚ ਬਦਲਦੀ ਹੈ ਤਾਂ ਬੈਂਕਾਂ ਨੂੰ ਅਜਿਹੇ ਕੇਸ ਦਾ ਨੋਟਿਸ ਲੈਣਾ ਚਾਹੀਦਾ ਤੇ ਕਰਜ਼ ਲੈਣ ਵਾਲੇ ਕਿਸਾਨ ਦੀ ਕ੍ਰੈਡਿਟ ਕਾਊਸਲਿੰਗ ਕਰਨੀ ਚਾਹੀਦੀ ਹੈ।
ਇਕ ਪੁਰਾਣਾ ਵਿਚਾਰ ਹੈ ਕਿ ਟਰੈਕਟਰ ਆਰਥਿਕ ਤੌਰ ‘ਤੇ ਲਾਹੇਵੰਦ ਮਸ਼ੀਨ ਉਦੋਂ ਬਣਦਾ ਹੈ, ਜੇ ਇਹ ਸਾਲ ਵਿੱਚ 2000 ਘੰਟੇ ਕੰਮ ਕਰਦਾ ਹੈ। ਪੰਜਾਬ ਵਿੱਚ ਜੋਤਾਂ ਛੋਟੀਆਂ ਹੋਣ ਕਾਰਨ ਇਥੇ ਔਸਤ ਟਰੈਕਟਰ ਦੀ ਵਰਤੋਂ ਸਾਲ ਵਿੱਚ ਪੰਜ ਸੌ ਘੰਟੇ ਤੋਂ ਵੱਧ ਨਹੀਂ ਹੁੰਦੀ। ਇਸ ਲਈ ਟਰੈਕਟਰ ਨੂੰ ਲਾਹੇਵੰਦ ਪੂੰਜੀ ਵਿੱਚ ਬਦਲਣ ਦੀ ਲੋੜ ਹੈ। ਪੰਜਾਬ ਦੇ ਸਰਪਲਸ ਟਰੈਕਟਰਾਂ ਨੂੰ ਖੇਤੀ ਤੋਂ ਬਾਹਰ ਰੁਜ਼ਗਾਰ ਨਾਲ ਜੋੜਨ ਲਈ ਨਵੇਂ ਬਦਲ ਤਲਾਸ਼ ਕੀਤੇ ਜਾਣੇ ਚਾਹੀਦੇ ਹਨ। ਇਸ ਲਈ ਪੰਜਾਬ ਵਿੱਚ ਨਵੇਂ ਪੁਰਾਣੇ ਸਾਰੇ ਟਰੈਕਟਰਾਂ ਦਾ ਸਾਂਝਾ ਡਾਟਾਬੇਸ ਬਣਾਇਆ ਜਾ ਸਕਦਾ ਹੈ। ਟਰੈਕਟਰ ਤੇ ਇਸ ਦੀਆਂ ਸੇਵਾਵਾਂ ਦੀ ਡਿਜੀਟਲ ਐਪ ਤਿਆਰ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਟਰੈਕਟਰਾਂ ਦੀ ਜੀ ਪੀ ਐਸ ਟਰੈਕਿੰਗ ਵੀ ਬਣਾਈ ਜਾਣੀ ਚਾਹੀਦੀ ਹੈ। ਆਮ ਪ੍ਰਭਾਵ ਦੇ ਉਲਟ ਟਰੈਕਟਰਾਂ ਨੂੰ ਸਿਰਫ ਖੇਤੀ ਅਤੇ ਵਹਾਈ ਦੇ ਖੇਤਰ ਵਿੱਚੋਂ ਕੱਢ ਕੇ ਦੂਸਰੇ ਖੇਤਰਾਂ ਵਿੱਚ ਪ੍ਰਸੰਗਿਕ ਬਣਾਇਆ ਜਾਣਾ ਚਾਹੀਦਾ ਹੈ।
ਪੰਜਾਬ ਵਿੱਚ ਟਰੈਕਟਰਾਂ ਦੀ ਨਿੱਜੀ ਮਾਲਕੀ ਦਾ ਮਾਡਲ ਹਰਮਨ ਪਿਆਰਾ ਹੈ। ਇਸ ਦੇ ਉਲਟ ਸੰਸਥਾਗਤ ਪੱਧਰ ਉਪਰ ਇਨ੍ਹਾਂ ਦੀ ਕਮੀ ਹੈ। ਪੰਜਾਬ ਦੇ ਸਕੂਲਾਂ, ਕਾਲਜਾਂ, ਗੁਰਦੁਆਰਿਆਂ, ਪੰਚਾਇਤਾਂ, ਸਹਿਕਾਰੀ ਸਭਾਵਾਂ, ਪਾਵਰਕੌਮ, ਮੰਡੀ ਬੋਰਡ, ਪਬਲਿਕ ਵਰਕਸ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਜੰਗਲਾਤ ਵਿਭਾਗ ਨੂੰ ਇਨ੍ਹਾਂ ਟਰੈਕਟਰਾਂ ਦੀਆਂ ਸੇਵਾਵਾਂ ਹਾਸਲ ਕਰਵਾਈਆਂ ਜਾ ਸਕਦੀਆਂ ਹਨ। ਟਰੈਕਟਰਾਂ ਨਾਲ ਖੁਦਾਈ ਕਰਨਾ, ਰੁੱਖ ਲਾਉਣਾ, ਰੁੱਖਾਂ ਨੂੰ ਪਾਣੀ ਦੇਣਾ, ਮਲਬਾ ਚੁੱਕਣਾ, ਮਿੱਟੀ ਦੀ ਆਪੂਰਤੀ, ਸ਼ਹਿਰੀ ਕੂੜੇ ਦੀ ਢੁਆਈ, ਸੜਕ ਦਾ ਨਿਰਮਾਣ, ਛੱਪੜਾਂ ਦੀ ਖੁਦਾਈ ਤੇ ਸਫਾਈ ਅਤੇ ਸ਼ਹਿਰੀ ਜਲ ਸਪਲਾਈ ਵਰਗੇ ਜਨਤਕ ਮਹੱਤਵ ਦੇ ਅਨੇਕਾਂ ਕੰਮ ਕੀਤੇ ਜਾ ਸਕਦੇ ਹਨ। ਟਰੈਕਟਰਾਂ ਨੂੰ ਉਸਾਰੀ ਉਦਯੋਗ, ਸਿਵਲ ਸਪਲਾਈ, ਸੈਨਿਕ ਸਪਲਾਈ, ਵੇਸਟ ਮੈਨੇਜਮੈਂਟ ਤੇ ਐਮਰਜੈਂਸੀ ਰਾਹਤ ਲਈ ਵਧੀਆ ਢੰਗ ਨਾਲ ਵਰਤਿਆ ਜਾ ਸਕਦਾ ਹੈ।
ਮਾਲਵੇ ਦੇ ਜ਼ਿਲਿਆਂ ਵਿੱਚ ਟਰੈਕਟਰ ਨਾਲ ਮੋਬਾਈਲ ਆਟਾ ਚੱਕੀਆਂ ਚਲਾਈਆਂ ਜਾ ਰਹੀਆਂ ਹਨ। ਇੰਜ ਟਰੈਕਟਰ ਨੂੰ ਫੂਡ ਪ੍ਰੋਸੈਸਿੰਗ ਤੇ ਹੋਰ ਖੇਤਰਾਂ ਨਾਲ ਜੋੜਿਆ ਜਾ ਸਕਦਾ ਹੈ। ਮਸ਼ੀਨ ਦੀ ਨਿਵੇਕਲੀ ਵਰਤੋਂ ਦੀਆਂ ਸੰਭਾਵਨਾਵਾਂ ਕਦੇ ਖਤਮ ਨਹੀਂ ਹੁੰਦੀਆਂ। ਤਕਨਾਲੋਜੀ ਦਾ ਇਤਿਹਾਸ ਗਵਾਹ ਹੈ ਕਿ ਕੋਇਲੇ ਦੀਆਂ ਖਾਣਾਂ ਵਿੱਚੋਂ ਪਾਣੀ ਦੀ ਨਿਕਾਸੀ ਕਰਨ ਵਾਲਾ ਭਾਫ ਇੰਜਣ ਕਿਵੇਂ ਰੇਲਵੇ ਦੇ ਵਿਕਾਸ ਦਾ ਮੋਢੀ ਬਣਿਆ। ਪੰਜਾਬ ਦੀ ਟਰੈਕਟਰਾਂ ਦੀ ਫਸਲ ਰੁਲ ਰਹੀ ਹੈ। ਸਰਕਾਰ, ਸਮਾਜ ਤੇ ਕਾਰਪੋਰੇਟ ਧਿਰਾਂ ਜੇ ਸਾਂਝਾ ਉਦਮ ਕਰਨ ਤਾਂ ਇਸ ਰੁਲਦੀ ਫਸਲ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ।