ਪੰਜਾਬ ਵਿੱਚ ਤਿੰਨ ਕੈਮਿਸਟਾਂ ਦੇ ਲਾਇਸੈਂਸ ਰੱਦ, 105 ਨੂੰ ਨੋਟਿਸ

notice
ਪਟਿਆਲਾ, 17 ਜੁਲਾਈ (ਪੋਸਟ ਬਿਊਰੋ)- ਡਾਕਟਰ ਵੱਲੋਂ ਦਿੱਤੀ ਗਈ ਪਰਚੀ ਦੇ ਬਗੈਰ ਦਵਾ ਦੇਣ ਅਤੇ ਵੇਚੀ ਦਵਾ ਦਾ ਬਿੱਲ ਨਾ ਕੱਟਣ ਵਾਲੇ ਕੈਮਿਸਟਾਂ ‘ਤੇ ਸਿਹਤ ਵਿਭਾਗ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਭਾਗ ਨੇ ਪੰਜਾਬ ਵਿੱਚ ਮੈਡੀਕਲ ਸਟੋਰ ਮਾਲਕਾਂ ਦੇ ਲਾਇਸੈਂਸ ਸਸਪੈਂਡ ਕਰਨ ਪਿੱਛੋਂ ਉਨ੍ਹਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਤਹਿਤ ਜਿੱਥੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 105 ਕੈਮਿਸਟਾਂ ਨੂੰ ਸ਼ੋਅਕਾਜ ਨੋਟਿਸ ਭੇਜੇ ਗਏ ਹਨ, ਉਥੇ ਤਿੰਨ ਕੈਮਿਸਟਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।
ਪਤਾ ਲੱਗਾ ਹੈ ਕਿ ਸਿਹਤ ਵਿਭਾਗ ਨੇ ਤੈਅ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੈਮਿਸਟਾਂ ਦਾ ਪਹਿਲਾਂ ਲਾਇਸੈਂਸ ਸਸਪੈਂਡ ਕੀਤਾ ਜਾਏਗਾ, ਜੇ ਫਿਰ ਵੀ ਸ਼ਿਕਾਇਤ ਆਈ ਤਾਂ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ। ਇਸੇ ਕੰਮ ਲਈ ਸਿਹਤ ਵਿਭਾਗ ਦੇ ਡਰੱਗ ਕੰਟਰੋਲਰ ਸੈਲ ਵੱਲੋਂ ਪੰਜਬ ਭਰ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਟੀਮਾਂ ਨੇ ਸੂਬੇ ਵਿੱਚ ਸੱਤ ਸੌ ਦੇ ਕਰੀਬ ਕੈਮਿਸਟਾਂ ਅਤੇ ਹੋਲਸੇਲਰਾਂ ਦੀ ਚੈਕਿੰਗ ਕਰ ਲਈ ਹੈ। ਜਿਨ੍ਹਾਂ ਤਿੰਨ ਕੈਮਿਸਟਾਂ ਦੇ ਲਾਇਸੈਂਸ ਕੈਂਸਲ ਕੀਤੇ ਗਏ ਹਨ, ਉਨ੍ਹਾਂ ਵਿੱਚ ਦੋ ਜਲੰਧਰ ਦੇ ਅਤੇ ਇੱਕ ਜਣਾ ਲੁਧਿਆਣਾ ਦਾ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਫੂਡ ਐਂਡ ਡਰੱਗ ਜੁਆਇੰਟ ਕਮਿਸ਼ਨਰ ਪ੍ਰਦੀਪ ਮੱਟੂ ਨੇ ਕਿਹਾ ਕਿ ਇਹ ਚੈਕਿੰਗ ਅੱਗੇ ਵੀ ਜਾਰੀ ਰਹੇਗੀ। ਜੁਆਇੰਟ ਕਮਿਸ਼ਨਰ ਮੱਟੂ ਦੇ ਮੁਤਾਬਕ ਜਿਨ੍ਹਾਂ ਦਵਾਈਆਂ ਨੂੰ ਐਚ-1 ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਉਹ ਕਈ ਹਾਲਾਤਾਂ ਵਿੱਚ ਮਨੁੱਖੀ ਸਰੀਰ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ। ਇਸ ਲਈ ਇਨ੍ਹਾਂ ਦਵਾਈਆਂ ਨੂੰ ਬਿਨਾਂ ਮਾਹਰ ਡਾਕਟਰ ਦੀ ਸਲਾਹ ਦੇ ਨਹੀਂ ਲੈਣਾ ਚਾਹੀਦਾ। ਇਸ ਨੂੰ ਧਿਆਨ ਵਿੱਚ ਰੱਖ ਕੇ ਵਿਭਾਗ ਵੱਲੋਂ ਇਸ ਸੂਚੀ ਵਿੱਚ ਕਰੀਬ 46 ਦਵਾਈਆਂ ਨੂੰ ਸ਼ਾਮਲ ਕੀਤਾ ਤੇ ਉਨ੍ਹਾਂ ਦੀ ਵਿਕਰੀ ਦੇ ਲਈ ਕੁਆਲੀਫਾਈਡ ਡਾਕਟਰ ਦੀ ਪਰਚੀ ਹੋਣਾ ਲਾਜ਼ਮੀ ਕੀਤਾ ਹੈ।